ਸਮੱਸਿਆਵਾਂ ਦਾ ਜਲਦ ਹੱਲ ਨਾ ਕੀਤਾ ਤਾਂ ਕੀਤਾ ਜਾਵੇਗਾ ਸੰਘਰਸ਼ : ਰਿਆੜ
ਸਮੱਸਿਆਵਾਂ ਦਾ ਜਲਦ ਹੱਲ ਨਾ ਕੀਤਾ ਤਾਂ ਕੀਤਾ ਜਾਵੇਗਾ ਸੰਘਰਸ਼: ਰਿਆੜ
Publish Date: Mon, 23 Mar 2026 04:29 PM (IST)
Updated Date: Mon, 23 Mar 2026 04:31 PM (IST)

ਜੀਐਸ ਮਹਿਰੋਕ, ਪੰਜਾਬੀ ਜਾਗਰਣ, ਦੇਵੀਗਡ਼੍ਹ : ਹਲਕਾ ਸਨੌਰ ਵਿਚ ਕਾਂਗਰਸ ਦੇ ਸੀਨੀਅਰ ਆਗੂ ਮਨਸਿਮਰਤ ਸਿੰਘ ਸ਼ੈਰੀ ਰਿਆਡ਼ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ, ਜਿਸ ਦੌਰਾਨ ਉਨ੍ਹਾਂ ਨੇ ਪੰਜਾਬ ਦੀ ਮਾਨ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਹਲਕਾ ਸਨੌਰ ਵਿਚ ਆਮ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਤੋਂ ਵੀ ਵਾਂਝਾ ਰੱਖਿਆ ਜਾ ਰਿਹਾ ਹੈ, ਖਾਸ ਕਰਕੇ ਸਰਕਾਰੀ ਬੱਸ ਸੇਵਾ ਬਹੁਤ ਹੀ ਖਰਾਬ ਹਾਲਤ ਵਿਚ ਹੈ। ਸ਼ੈਰੀ ਰਿਆਡ਼ ਨੇ ਦੱਸਿਆ ਕਿ ਹਲਕਾ ਸਨੌਰ ’ਚ ਬਰਕਤਪੁਰ, ਬਡਲਾ, ਬਡਲੀ, ਰਾਠੀਆਂ, ਬੋਲਡ਼, ਅਸਰਪੁਰ, ਕਰਤਾਰਪੁਰ, ਸ਼ੰਕਰਪੁਰ, ਮੁਹੱਬਤਪੁਰ ਤੇ ਹੋਰ ਕਈ ਪਿੰਡਾਂ ਤੋਂ ਵੱਖ-ਵੱਖ ਰੂਟਾਂ ਲਈ ਅਜੇ ਤੱਕ ਸਰਕਾਰੀ ਬੱਸਾਂ ਦਾ ਕੋਈ ਪ੍ਰਬੰਧ ਨਹੀਂ ਹੈ, ਜਿਸ ਕਾਰਨ ਵਿਦਿਆਰਥੀਆਂ, ਮਜ਼ਦੂਰਾਂ ਅਤੇ ਆਮ ਯਾਤਰੀਆਂ ਨੂੰ ਦਿਨ-ਚਡ਼੍ਹਦੇ ਸਮੇਂ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪ੍ਰਾਈਵੇਟ ਵਾਹਨਾਂ ‘ਤੇ ਨਿਰਭਰ ਹੋਣਾ ਪੈ ਰਿਹਾ ਹੈ, ਜੋ ਕਿ ਮਹਿੰਗੇ ਵੀ ਹਨ ਅਤੇ ਹਰ ਕਿਸੇ ਲਈ ਉਪਲਬਧ ਵੀ ਨਹੀਂ ਹਨ। ਉਨ੍ਹਾਂ ਨੇ ਸਨੌਰ ਬੱਸ ਸਟੈਂਡ ਦੀ ਮੰਦਹਾਲੀ ਉਤੇ ਵੀ ਗੰਭੀਰ ਚਿੰਤਾ ਜਤਾਈ। ਉਨ੍ਹਾਂ ਦੱਸਿਆ ਕਿ ਬੱਸ ਸਟੈਂਡ ਵਿਚ ਬੇ-ਤਰਤੀਬੀ ਨਾਲ ਰੇਹਡ਼ੀਆਂ ਖਡ਼੍ਹੀਆਂ ਹੋਈਆਂ ਹਨ ਅਤੇ ਰੇਹਡ਼ੀ ਵਾਲਿਆਂ ਤੋਂ 100 ਰੁਪਏ ਤੱਕ ਵਸੂਲੇ ਜਾਂਦੇ ਹਨ। ਉਨ੍ਹਾਂ ਸਵਾਲ ਉਠਾਇਆ ਕਿ ਇਹ ਪੈਸਾ ਕਿੱਥੇ ਜਾ ਰਿਹਾ ਹੈ, ਕਿਉਂਕਿ ਬੱਸ ਸਟੈਂਡ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਦਿਖਾਈ ਦੇ ਰਿਹਾ। ਉਨ੍ਹਾਂ ਕਿਹਾ ਕਿ ਬੱਸ ਸਟੈਂਡ ਦੇ ਲੈਂਟਰ ਦਾ ਕੁਝ ਹਿੱਸਾ ਭੂਰਿਆ ਹੋਇਆ ਹੈ, ਜੋ ਕਿ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦਾ ਹੈ। ਉਨ੍ਹਾਂ ਦੱਸਿਆ ਕਿ ਹਲਕਾ ਸਨੌਰ ਦੇ ਕਈ ਪਿੰਡਾਂ ਵਿੱਚ ਲੋਕਾਂ ਨੂੰ ਸਰਕਾਰੀ ਬੱਸ ਸਹੂਲਤ ਨਾ ਮਿਲਣ ਕਾਰਨ 3 ਕਿਲੋਮੀਟਰ ਤੱਕ ਪੈਦਲ ਤੁਰਨਾ ਪੈਂਦਾ ਹੈ। ਉਨ੍ਹਾਂ ਦੱਸਿਆ ਕਿ ਇਸ ਕਾਰਨ ਵਿਦਿਆਰਥੀਆਂ, ਬਜ਼ੁਰਗਾਂ ਅਤੇ ਮਜ਼ਦੂਰਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਮੰਗ ਕੀਤੀ ਕਿ ਸਰਕਾਰ ਤੁਰੰਤ ਇਸ ਮਾਮਲੇ ‘ਤੇ ਧਿਆਨ ਦੇਵੇ ਅਤੇ ਬੱਸ ਸਹੂਲਤਾਂ ਵਿੱਚ ਸੁਧਾਰ ਕਰਨ ਦੇ ਨਾਲ-ਨਾਲ ਸਨੌਰ ਬੱਸ ਸਟੈਂਡ ਦੀ ਮੁਰੰਮਤ ਵੀ ਕਰਵਾਈ ਜਾਵੇ।