ਪੰਜਾਬ 'ਤੇ ਵਧਦਾ ਕਰਜ਼ਾ ਚਿੰਤਾ ਦਾ ਵਿਸ਼ਾ : ਡਾ. ਘਨੌਰੀ
ਪੰਜਾਬ 'ਤੇ ਵਧਦਾ ਕਰਜ਼ਾ ਚਿੰਤਾ ਦਾ ਵਿਸ਼ਾ : ਡਾ. ਘਨੌਰੀ
Publish Date: Sat, 11 Apr 2026 04:10 PM (IST)
Updated Date: Sun, 12 Apr 2026 04:00 AM (IST)

ਸੱਤਪਾਲ ਕਾਲਾਬੂਲਾ, ਪੰਜਾਬੀ ਜਾਗਰਣ, ਸ਼ੇਰਪੁਰ ਮਣੀ ਅਕਾਲੀ ਦਲ ਜ਼ਿਲ੍ਹਾ ਸੰਗਰੂਰ ਦੇ ਮੁੱਖ ਬੁਲਾਰੇ ਡਾ. ਕਰਨਵੀਰ ਸਿੰਘ ਘਨੌਰੀ ਕਲਾਂ ਨੇ ਪੰਜਾਬ ਸਰਕਾਰ ਵੱਲੋਂ ਵਿੱਤੀ ਸਾਲ ਦੇ ਪਹਿਲੇ ਹੀ ਹਫ਼ਤੇ ਵਿਚ 1500 ਕਰੋੜ ਰੁਪਏ ਦਾ ਕਰਜ਼ਾ ਲੈਣ ਤੇ ਗਹਿਰੀ ਚਿੰਤਾ ਜਤਾਈ ਹੈ। ਉਨ੍ਹਾਂ ਕਿਹਾ ਕਿ ਰਾਜ ਦਾ ਵਧਦਾ ਕਰਜ਼ਾ ਆਉਣ ਵਾਲੇ ਸਮੇਂ ਵਿਚ ਗੰਭੀਰ ਵਿੱਤੀ ਸੰਕਟ ਦਾ ਸੰਕੇਤ ਦੇ ਰਿਹਾ ਹੈ, ਜਿਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਮੌਜੂਦਾ ਹਾਲਾਤਾਂ ਵਿਚ ਪੰਜਾਬ ਦਾ ਕੁੱਲ ਕਰਜ਼ਾ 4 ਲੱਖ ਕਰੋੜ ਰੁਪਏ ਤੋਂ ਵੱਧ ਹੋ ਚੁੱਕਾ ਹੈ ਤੇ ਜੇਕਰ ਇਹੀ ਰਫ਼ਤਾਰ ਜਾਰੀ ਰਹੀ ਤਾਂ ਇਹ ਸਾਲ ਦੇ ਅੰਤ ਤੱਕ ਹੋਰ ਵੀ ਖ਼ਤਰਨਾਕ ਪੱਧਰ ਤੱਕ ਪਹੁੰਚ ਸਕਦਾ ਹੈ। ਇਹ ਸਥਿਤੀ ਰਾਜ ਦੀ ਆਰਥਿਕ ਸਥਿਰਤਾ ਲਈ ਗੰਭੀਰ ਚੁਣੌਤੀ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਕਰਜ਼ਾ ਲੈਣਾ ਆਪਣੇ ਆਪ ਵਿਚ ਗਲਤ ਨਹੀਂ ਹੁੰਦਾ, ਪਰ ਇਸਦਾ ਉਪਯੋਗ ਉਤਪਾਦਕ ਤੇ ਵਿਕਾਸ ਦੇ ਕੰਮਾਂ ਵਿਚ ਹੋਣਾ ਚਾਹੀਦਾ ਹੈ। ਜੇਕਰ ਕਰਜ਼ੇ ਦਾ ਵੱਡਾ ਹਿੱਸਾ ਸਬਸਿਡੀਆਂ, ਪੁਰਾਣੇ ਬਕਾਇਆ ਜਾਂ ਗੈਰ-ਜ਼ਰੂਰੀ ਖਰਚਿਆਂ ਵਿਚ ਜਾ ਰਿਹਾ ਹੈ ਤਾਂ ਇਹ ਭਵਿੱਖ ਲਈ ਬੋਝ ਬਣ ਜਾਂਦਾ ਹੈ। ਉਨ੍ਹਾਂ 300 ਯੂਨਿਟ ਮੁਫ਼ਤ ਬਿਜਲੀ, ਔਰਤਾਂ ਨੂੰ ਹਜ਼ਾਰ ਹਜਾਰ ਰੁਪਿਆ ਦੇਣਾ ਅਤੇ ਮੁਫਤ ਬੱਸ ਵਰਗੀਆਂ ਸਹੂਲਤਾਂ ’ਤੇ ਵੀ ਸਵਾਲ ਉਠਾਉਂਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੀਆਂ ਨੀਤੀਆਂ ਦਾ ਲੰਬੇ ਸਮੇਂ ਦਾ ਵਿੱਤੀ ਪ੍ਰਭਾਵ ਗੰਭੀਰ ਹੁੰਦਾ ਹੈ।