3.5 ਸਾਲਾਂ ਤੋਂ ਸਰਕਾਰ ਵੱਲੋਂ ਮਿਲ ਰਹੇ ਲਾਰੇ
ਆਈਟੀਆਈਆਂ ਦੇ ਕੱਚੇ ਇੰਸਟਰਕਟਰਜ ਨੇ ਧੂਰੀ ’ਚ ਕੀਤੀ ਸੂਬਾ ਪੱਧਰੀ ਰੈਲੀ
Publish Date: Mon, 05 Jan 2026 05:07 PM (IST)
Updated Date: Tue, 06 Jan 2026 04:03 AM (IST)

ਆਈਟੀਆਈਆਂ ਦੇ ਕੱਚੇ 700 ਇੰਸਟਰਕਟਰਜ ਨੇ ਧੂਰੀ ’ਚ ਕੀਤੀ ਸੂਬਾ ਪੱਧਰੀ ਰੈਲੀ ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਸੂਬੇ ਦੀਆਂ ਸਰਕਾਰੀ ਆਈਟੀਆਈਆਂ ਵਿਚ ਕੰਮ ਕਰਦੇ 700 ਕੱਚੇ ਇੰਸਟਰਕਟਰਾਂ ਨੇ ਸੋਮਵਾਰ ਨੂੰ ਮੁੱਖ ਮੰਤਰੀ ਦੇ ਵਿਧਾਨ ਸਭਾ ਹਲਕਾ ਧੂਰੀ ਵਿਚ ਸੂਬਾ ਪੱਧਰੀ ਰੋਸ ਰੈਲੀ ਕਰਦਿਆਂ ਆਪਣਾ ਰੋਸ ਪ੍ਰਗਟਾਇਆ। ਇਸ ਮੌਕੇ ਜਥੇਬੰਦੀ ਦੇ ਆਗੂ ਸੇਵਾ ਸਿੰਘ, ਨਵਨੀਤ ਸਿੰਘ, ਜਸਵਿੰਦਰ ਸਿੰਘ ਅਤੇ ਸੁਖਰਾਜ ਸਿੰਘ ਨੇ ਕਿਹਾ ਕਿ ਇਸ ਤੋਂ ਪਹਿਲਾਂ ਉਨ੍ਹਾਂ ਨੇ ਤਰਨਤਾਰਨ ਪੱਕੇ ਮੋਰਚੇ ਵਿਚ ਫੈਸਲਾ ਕੀਤਾ ਸੀ ਕਿ ਜੇਕਰ ਪੰਜਾਬ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨੂੰ ਵਾਅਦੇ ਅਨੁਸਾਰ ਪੂਰਾ ਨਾ ਕੀਤਾ ਤਾਂ ਉਹ ਮੁੱਖ ਦਫ਼ਤਰ ਤਕਨੀਕੀ ਸਿੱਖਿਆ ਵਿਭਾਗ ਚੰਡੀਗੜ੍ਹ ਵਿਖੇ ਪੱਕਾ ਧਰਨਾ ਲਾਉਣਗੇ। ਉਨ੍ਹਾਂ ਕਿਹਾ ਕਿ ਜਿਮਨੀ ਚੋਣਾਂ ਦੌਰਾਨ ਤਰਨਤਾਰਨ ਵਿਖੇ ਪੱਕਾ ਮੋਰਚਾ ਲਗਾਇਆ ਸੀ ਜਿਸ ਵਿਚ ਤਕਨੀਕੀ ਸਿੱਖਿਆ ਮੰਤਰੀ, ਵਿੱਤ ਮੰਤਰੀ ਨਾਲ ਪੈਨਲ ਮੀਟਿੰਗਾਂ ਕੀਤੀਆਂ ਤੇ ਦੋਵਾਂ ਮੰਤਰੀਆਂ ਨੇ ਜਲਦੀ ਮੰਗਾਂ 20 ਦਸੰਬਰ ਤਕ ਪੂਰੀਆਂ ਕਰਨ ਬਾਰੇ ਕਿਹਾ ਸੀ ਅਤੇ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਆਪ ਧਰਨੇ ਵਿਚ ਹਾਜ਼ਰ ਹੋ ਕਿ ਕਿਹਾ ਸੀ ਕਿ ਉਹ ਬਹੁਤ ਜਲਦੀ ਸੀਐੱਮ ਨਾਲ ਮਿਲਕੇ ਮਸਲੇ ਹੱਲ ਕਰਵਾਉਣਗੇ, ਪ੍ਰੰਤੂ ਪਿਛਲੇ 3.5 ਸਾਲਾਂ ਤੋਂ ਲਾਰੇ ਹੀ ਮਿਲ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਪੰਜਾਬ ਦੀਆਂ ਸਰਕਾਰੀ ਆਈਟੀਆਈਆਂ ਵਿਚ ਗਰੁੱਪ ਬੀ ਕਰਾਫਟ ਇੰਸਟਰਕਟਰ ਵਜੋਂ ਬਿਨਾਂ ਕਿਸੇ ਸਰਕਾਰੀ ਸਹੂਲਤਾਂ ਤੋਂ ਠੇਕੇ ਉੱਪਰ ਸਿਰਫ਼ 15,000 ਪ੍ਰਤੀ ਮਹੀਨਾ ਉੱਪਰ ਆਪਣਾ ਸ਼ੋਸ਼ਣ ਕਰਵਾ ਰਹੇ ਹਨ। ਸਾਡੀ ਭਰਤੀ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਜਾਰੀ ਹਦਾਇਤਾਂ ਰਾਹੀਂ ਪਾਰਦਰਸ਼ੀ ਤਰੀਕੇ ਨਾਲ ਅਖ਼ਬਾਰਾਂ ਵਿਚ ਇਸ਼ਤਿਹਾਰ ਦੇ ਕੇ, ਰੋਜ਼ਗਾਰ ਦਫ਼ਤਰਾਂ ਰਾਹੀਂ ਕੀਤੀ ਗਈ ਹੈ। ਉਹ ਡੀਜੀਟੀ ਭਾਰਤ ਸਰਕਾਰ ਵੱਲੋਂ ਮੰਗੀਆਂ ਜਾਂਦੀਆਂ ਸਾਰੀਆਂ ਵਿੱਦਿਅਕ ਯੋਗਤਾਵਾਂ ਪੂਰੀਆਂ ਕਰਦੇ ਹਨ। ਪ੍ਰੰਤੂ ਫਿਰ ਵੀ ਸਾਡੇ ਨਾਲ ਪੰਜਾਬ ਸਰਕਾਰ ਸ਼ਰੈਆਮ ਧੱਕਾ ਕਰ ਰਹੀ ਹੈ। ਅੰਤ ਵਿਚ ਜਥੇਬੰਦੀ ਨੇ ਫੈਸਲਾ ਕੀਤਾ ਕਿ ਜੇਕਰ ਹੁਣ ਵੀ ਸਰਕਾਰ ਨੇ ਮੰਗਾਂ ਪੂਰੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਆਉਣ ਵਾਲੇ ਦਿਨਾਂ ਵਿਚ ਬਾਕੀ ਕੈਬਨਿਟ ਮੰਤਰੀਆਂ ਦੀ ਕੋਠੀ ਦਾ ਘਿਰਾਓ ਵੀ ਕੀਤਾ ਜਾਵੇਗਾ ਤੇ ਮੁੱਖ ਮੰਤਰੀ ਦੇ ਵਿਧਾਨਸਭਾ ਹਲਕੇ ਧੂਰੀ ਵਿਖੇ ਪੱਕਾ ਮੋਰਚਾ ਲਾਇਆ ਜਾਵੇਗਾ।