ਰਸ਼ਨੀਤ ਕੌਰ ਨੇ 51ਵਾਂ ਰੈਂਕ ਹਾਸਲ ਕਰਕੇ ਰਚਿਆ ਇਤਿਹਾਸ : ਝਾੜਵਾਂ
ਰਸ਼ਨੀਤ ਕੌਰ ਨੇ 51ਵਾਂ ਰੈਂਕ ਹਾਸਲ ਕਰਕੇ ਰਚਿਆ ਇਤਿਹਾਸ: ਬਲਵਿੰਦਰ ਝਾੜਵਾਂ
Publish Date: Sun, 15 Mar 2026 06:32 PM (IST)
Updated Date: Sun, 15 Mar 2026 06:34 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ, ਸ਼ੰਭੂ : ਪੀਆਰਟੀਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਐਲਾਨੇ ਗਏ ਸਿਵਲ ਸੇਵਾਵਾਂ ਦੇ ਨਤੀਜਿਆਂ ਵਿਚ ਹਲਕਾ ਘਨੌਰ ਦੇ ਪਿੰਡ ਮਦਨਪੁਰ ਦੀ ਹੋਣਹਾਰ ਬੇਟੀ ਰਸ਼ਨੀਤ ਕੌਰ ਨੇ ਦੇਸ਼ ਭਰ ’ਚੋਂ 51ਵਾਂ ਰੈਂਕ ਹਾਸਲ ਕਰਕੇ ਇਲਾਕੇ ਦਾ ਮਾਣ ਵਧਾਇਆ ਹੈ। ਇਸ ਇਤਿਹਾਸਕ ਪ੍ਰਾਪਤੀ ਦੀ ਖੁਸ਼ੀ ਸਾਂਝੀ ਕਰਨ ਲਈ ਅੱਜ ਪੀ ਆਰ ਟੀ ਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਤੇ ਆਮ ਆਦਮੀ ਪਾਰਟੀ ਦੇ ਜਰਨਲ ਸਕੱਤਰ ਕਿਸਾਨ ਵਿੰਗ ਪੰਜਾਬ ਨੇ ਵਿਸ਼ੇਸ਼ ਤੌਰ ਤੇ ਰਸ਼ਨੀਤ ਕੌਰ ਦੇ ਗ੍ਰਹਿ ਪਿੰਡ ਮਦਨਪੁਰ ਵਿਖੇ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਬੇਟੀ ਰਸ਼ਨੀਤ ਅਤੇ ਉਸ ਦੇ ਪਿਤਾ ਜਸਵਿੰਦਰ ਸਿੰਘ (ਲਾਈਨਮੈਨ, ਬਿਜਲੀ ਬੋਰਡ) ਤੇ ਮਾਤਾ ਸਵਰਨ ਕੌਰ ਦਾ ਮੂੰਹ ਮਿੱਠਾ ਕਰਵਾਇਆ ਅਤੇ ਬੇਟੀ ਨੂੰ ਸਨਮਾਨਿਤ ਕਰਦਿਆਂ ਉਸ ਦੇ ਸੁਨਹਿਰੀ ਭਵਿੱਖ ਦੀ ਕਾਮਨਾ ਕੀਤੀ।ਇਸ ਮੌਕੇ ਗੱਲਬਾਤ ਕਰਦਿਆਂ ਪੀ ਆਰ ਟੀ ਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਨੇ ਕਿਹਾ, ਮੈਨੂੰ ਅੱਜ ਬਹੁਤ ਖੁਸ਼ੀ ਅਤੇ ਮਾਣ ਮਹਿਸੂਸ ਹੋ ਰਿਹਾ ਹੈ। ਉੱਥੇ ਹੀ ਅੱਜ ਮੇਰੇ ਹਲਕੇ ਘਨੌਰ ਦੀ ਇਸ ਧੀ ਨੇ ਦੇਸ਼ ਦੀ ਸਭ ਤੋਂ ਵੱਡੀ ਪ੍ਰੀਖਿਆ ਪਾਸ ਕਰਕੇ ਸਾਬਤ ਕਰ ਦਿੱਤਾ ਹੈ ਕਿ ਹਲਕਾ ਘਨੌਰ ਦੇ ਬੱਚੇ ਹਰ ਖੇਤਰ ਵਿੱਚ ਅੱਵਲ ਹਨ। ਉਨ੍ਹਾਂ ਰਸ਼ਨੀਤ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇੱਕ ਸਾਧਾਰਨ ਪਰਿਵਾਰ ਵਿੱਚੋਂ ਉੱਠ ਕੇ, ਬਿਨਾਂ ਕਿਸੇ ਮਹਿੰਗੀ ਕੋਚਿੰਗ ਦੇ ਸਿਰਫ਼ ਸੈਲਫ-ਸਟੱਡੀ ਰਾਹੀਂ ਇਹ ਮੁਕਾਮ ਹਾਸਲ ਕਰਨਾ ਹੋਰਨਾਂ ਨੌਜਵਾਨਾਂ ਲਈ ਇਕ ਵੱਡੀ ਮਿਸਾਲ ਹੈ। ਪੀਆਰਟੀਸੀ ਦੇ ਵਾਈਸ ਚੇਅਰਮੈਨ ਬਲਵਿੰਦਰ ਸਿੰਘ ਝਾੜਵਾਂ ਨੇ ਕਿਹਾ ਕਿ ਰਸ਼ਨੀਤ ਕੌਰ ਵਰਗੀਆਂ ਧੀਆਂ ਪੰਜਾਬ ਦੇ ਸੁਨਹਿਰੀ ਭਵਿੱਖ ਦੀਆਂ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਰਸ਼ਨੀਤ ਕੌਰ ਹੁਣ ਇਕ ਪ੍ਰਸ਼ਾਸਨਿਕ ਅਧਿਕਾਰੀ ਬਣ ਕੇ ਸਮਾਜ ਦੇ ਦਬੇ-ਕੁਚਲੇ ਲੋਕਾਂ ਦੀ ਸੇਵਾ ਕਰੇਗੀ ਅਤੇ ਹਲਕੇ ਦਾ ਨਾਂ ਹੋਰ ਰੌਸ਼ਨ ਕਰੇਗੀ।