ਰਣਜੀਤ ਲਹਿਰਾ ਦਾ ਸਰੀਰ ਖੋਜ ਕਾਰਜਾਂ ਲਈ ਕੀਤਾ ਦਾਨ
ਰਣਜੀਤ ਲਹਿਰਾ ਦਾ ਸਰੀਰ ਖੋਜ ਕਾਰਜਾਂ ਲਈ ਕੀਤਾ ਦਾਨ
Publish Date: Thu, 12 Feb 2026 04:11 PM (IST)
Updated Date: Thu, 12 Feb 2026 04:14 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਉੱਘੇ ਇਨਕਲਾਬੀ ਆਗੂ ਤੇ ਲੇਖਕ ਸਾਥੀ ਰਣਜੀਤ ਲਹਿਰਾ ਦੀਆਂ ਅੰਤਿਮ ਇੱਛਾਵਾਂ ਨੂੰ ਸਤਿਕਾਰ ਦਿੰਦਿਆਂ ਉਹਨਾਂ ਦੇ ਸਰੀਰਦਾਨ ਮੌਕੇ ਭਰਵੀਂ ਸ਼ਮੂਲੀਅਤ ਕੀਤੀ ਗਈ। ਜ਼ਿਕਰਯੋਗ ਹੈ ਕਿ ਰਣਜੀਤ ਲਹਿਰਾ ਨੇ ਜਮਾਂਦਰੂ ਦਿਲ ਦੇ ਗੰਭੀਰ ਰੋਗ ਦੇ ਬਾਵਜੂਦ ਆਪਣਾ ਸਾਰਾ ਜੀਵਨ ਲੋਕ-ਮੁਕਤੀ ਦੇ ਲੇਖੇ ਲਾਇਆ ਤੇ ਮੌਤ ਤੋਂ ਬਾਅਦ ਵੀ ਮਨੁੱਖਤਾ ਦੇ ਕੰਮ ਆਉਣ ਲਈ ਆਪਣਾ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਦਾ ਇਤਿਹਾਸਕ ਫੈਸਲਾ ਲਿਆ ਸੀ। ਸਰੀਰਦਾਨ ਦੀ ਸਾਰੀ ਪ੍ਰਕਿਰਿਆ ਉਨਾਂ ਦੀ ਪੁਤਰੀ ਅਰਸ਼ਦੀਪ ਨੇ ਪੂਰੇ ਹੌਂਸਲੇ ਨਾਲ ਨਿਭਾਈ। ਪ੍ਰੋਗਰਾਮ ਦਾ ਵੇਰਵਾ 11:30 ਵਜੇ ਲਹਿਰਾਗਾਗਾ ਵਿਖੇ ਵੱਡੀ ਗਿਣਤੀ ਵਿਚ ਇਨਕਲਾਬੀ ਕਾਰਕੁਨ, ਸਾਹਿਤਕਾਰ ਅਤੇ ਇਲਾਕਾ ਨਿਵਾਸੀ ਇਕੱਠੇ ਹੋਏ। ਉੱਥੋਂ ਇੱਕ ਵਿਸ਼ਾਲ ਕਾਫ਼ਲੇ ਦੇ ਰੂਪ ਵਿਚ ਰਣਜੀਤ ਲਹਿਰਾ ਦੀ ਮ੍ਰਿਤਕ ਦੇਹ ਨੂੰ ਪਟਿਆਲਾ ਲਈ ਰਵਾਨਾ ਕੀਤਾ ਗਿਆ। ਇਹ ਕਾਫ਼ਲਾ ਦੁਪਹਿਰ 2 ਵਜੇ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ, ਪਟਿਆਲਾ ਵਿਖੇ ਪਹੁੰਚਿਆ। ਉੱਥੇ ਜਥੇਬੰਦੀਆਂ ਦੇ ਆਗੂਆਂ ਤੇ ਪਰਿਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ ਮ੍ਰਿਤਕ ਦੇਹ ਨੂੰ ਮੈਡੀਕਲ ਖੋਜ-ਕਾਰਜਾਂ ਲਈ ਸਰਕਾਰੀ ਰਜਿੰਦਰਾ ਮੈਡੀਕਲ ਕਾਲਜ ਪ੍ਰਸ਼ਾਸਨ ਨੂੰ ਸੌਂਪ ਦਿੱਤਾ ਗਿਆ। ਇਸ ਮੌਕੇ ਪਟਿਆਲਾ ਦੀਆਂ ਵੱਖ-ਵੱਖ ਜਮਹੂਰੀ ਅਤੇ ਇਨਕਲਾਬੀ ਜਥੇਬੰਦੀਆਂ ਜਿਵੇਂ ਕਿ ਜਮਹੂਰੀ ਅਧਿਕਾਰ ਸਭਾ (ਏਐਫਡੀਆਰ), ਇਨਕਲਾਬੀ ਕੇਂਦਰ ਪੰਜਾਬ, ਕਿਰਤੀ ਕਿਸਾਨ ਯੂਨੀਅਨ, ਪੀ ਡਬਲਿਊ ਡੀ ਫ਼ੀਲਡ ਵਰਕਰ ਯੂਨੀਅਨ, ਕ੍ਰਾਂਤੀਕਾਰੀ ਕਿਸਾਨ ਯੂਨੀਅਨ, ਸੀਟੂ, ਸੀ ਪੀ ਐਮ, ਬੀ ਕੇ ਯੂ ਕ੍ਰਾਂਤੀਕਾਰੀ, ਪੰਜਾਬ ਸਟੂਡੈਂਟਸ ਯੂਨੀਅਨ ਲਲਕਾਰ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਤੇ ਡੀਐੱਲਏ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ।