ਸ਼ਹੀਦੀ ਦਿਹਾੜੇ ਮੌਕੇ ਪਿੱਪਲੀ ’ਚ ਕਿਸਾਨਾਂ ਨੇ ਕੀਤੀ ਜਨਕ੍ਰਾਂਤੀ ਰੈਲੀ
ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਮੌਕੇ ਪਿੱਪਲੀ ਵਿੱਚ ਕਿਸਾਨਾਂ ਦੀ ਵੱਡੀ ਜਨਕ੍ਰਾਂਤੀ ਰੈਲੀ
Publish Date: Tue, 24 Mar 2026 06:33 PM (IST)
Updated Date: Tue, 24 Mar 2026 06:34 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ, ਰਾਜਪੁਰਾ : ਸ਼ਹੀਦ ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਵੱਲੋਂ ਕੁਰੂਕਸ਼ੇਤਰ ਦੇ ਪਿੱਪਲੀ ਅਨਾਜ ਮੰਡੀ ਵਿਚ ਵੱਡੀ ਜਨਕ੍ਰਾਂਤੀ ਰੈਲੀ ਕੀਤੀ ਗਈ। ਇਸ ਰੈਲੀ ਵਿਚ ਸ਼ਾਮਲ ਹੋਣ ਲਈ ਪੰਜਾਬ ਭਰ ਤੋਂ ਕਿਸਾਨਾਂ ਅਤੇ ਮਜ਼ਦੂਰਾਂ ਦੇ ਵੱਡੇ ਕਾਫਲੇ ਨਾਲ ਪਹੁੰਚੇ। ਰਾਜਪੁਰਾ ਦਫ਼ਤਰ ਵਿਖੇ ਵੀ ਵੱਡਾ ਇਕੱਠ ਕੀਤਾ ਗਿਆ, ਜਿੱਥੇ ਆਏ ਹੋਏ ਲੋਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਪਟਿਆਲਾ ਦੇ ਪ੍ਰਧਾਨ ਸਤਨਾਮ ਸਿੰਘ ਆਕੜ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕੀਤੀ ਗਈ ਭਾਰਤ-ਅਮਰੀਕਾ ਟਰੇਡ ਡੀਲ ਕਿਸਾਨਾਂ ਦੇ ਹਿੱਤਾਂ ਦੇ ਖ਼ਿਲਾਫ਼ ਹੈ ਅਤੇ ਜਥੇਬੰਦੀ ਇਸ ਨੂੰ ਰੱਦ ਕਰਵਾਉਣ ਲਈ ਸੰਘਰਸ਼ ਕਰੇਗੀ। ਰਾਜਪੁਰਾ ਤੋਂ ਲਗਭਗ 500 ਗੱਡੀਆਂ ਤੇ 10 ਬੱਸਾਂ ਦਾ ਵੱਡਾ ਕਾਫਲਾ ਪਿੱਪਲੀ ਵੱਲ ਰਵਾਨਾ ਹੋਇਆ, ਜਿਸਦੀ ਅਗਵਾਈ ਖੁੱਲ੍ਹੀ ਜੀਪ ਵਿਚ ਬੈਠੇ ਕਿਸਾਨ ਆਗੂਆਂ ਨੇ ਕੀਤੀ। ਰੈਲੀ ਵਿਚ ਵੱਖ-ਵੱਖ ਜ਼ਿਲ੍ਹਿਆਂ ਦੇ ਆਗੂਆਂ ਸਮੇਤ ਵੱਡੀ ਗਿਣਤੀ ਵਿਚ ਕਿਸਾਨ ਮੌਜੂਦ ਸਨ। ਰੈਲੀ ਦੌਰਾਨ ਐੱਮਐੱਸਪੀ ਦੀ ਕਾਨੂੰਨੀ ਗਰੰਟੀ, ਬਿਜਲੀ ਸੋਧ ਬਿੱਲ ਵਾਪਸੀ ਅਤੇ ਧਾਨ ਘੋਟਾਲੇ ਦੀ ਜਾਂਚ ਵਰਗੀਆਂ ਮੁੱਖ ਮੰਗਾਂ ਉਠਾਈਆਂ ਗਈਆਂ। ਆਗੂਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਕੁਰੂਕਸ਼ੇਤਰ ਨੇ ਯੂਨੀਅਨ ਦਾ ਮੰਗ ਪੱਤਰ ਪ੍ਰਾਪਤ ਕੀਤਾ ਅਤੇ 2 ਅਪ੍ਰੈਲ ਨੂੰ ਚੰਡੀਗੜ੍ਹ ਵਿੱਚ ਮੀਟਿੰਗ ਲਈ ਸੱਦਾ ਦਿੱਤਾ ਗਿਆ।