ਯੂਪੀਐੱਸਸੀ ਦੀ ਪ੍ਰੀਖਿਆ ’ਚ ਰਸਨੀਤ ਕੌਰ ਨੇ ਚਮਕਾਇਆ ਨਾਂ
ਯੂਪੀਐਸਸੀ ਦੀ ਪ੍ਰੀਖਿਆ ਵਿੱਚ 51ਵਾਂ ਸਥਾਨ ਹਾਸਿਲ ਕਰਨ ਵਾਲੀ ਰਸਨੀਤ ਕੌਰ ਨੇ ਰਾਜਪੁਰਾ ਸ਼ਹਿਰ ਅਤੇ ਮਾਪਿਆਂ ਦਾ ਨਾਂ ਚਮਕਾਇਆ
Publish Date: Sat, 07 Mar 2026 06:20 PM (IST)
Updated Date: Sat, 07 Mar 2026 06:24 PM (IST)

ਐੱਚਐੱਸ ਸੈਣੀ, ਪੰਜਾਬੀ ਜਾਗਰਣ ਰਾਜਪੁਰਾ : ਰਾਜਪੁਰਾ ਅੰਬਾਲਾ ਨੈਸ਼ਨਲ ਹਾਈਵੇ ਰੋਡ ਉੱਤੇ ਸਥਿਤ ਪਿੰਡ ਮਦਨਪੁਰ ਦੀ 22 ਸਾਲਾਂ ਦੀ ਰਸਨੀਤ ਕੌਰ ਨੇ ਯੂਪੀਐੱਸਸੀ ਦੀ ਪ੍ਰੀਖਿਆ ਵਿੱਚ ਪੂਰੇ ਭਾਰਤ ਵਿੱਚੋਂ 51ਵਾਂ ਸਥਾਨ ਹਾਸਲ ਕਰ ਕੇ ਰਾਜਪੁਰਾ ਸ਼ਹਿਰ ਅਤੇ ਆਪਣੇ ਮਾਪਿਆਂ ਦਾ ਨਾਂ ਭਾਰਤ ਵਿੱਚ ਚਮਕਾ ਦਿੱਤਾ ਹੈ। ਇਸ ਲੜਕੀ ਦੀ ਸਫਲਤਾ ਕਾਰਨ ਚੁਫੇਰਿਓਂ ਸ਼ਲਾਘਾ ਕੀਤੀ ਜਾ ਰਹੀ ਹੈ। ਜਾਣਕਾਰੀ ਦੇ ਅਨੁਸਾਰ ਰਾਜਪੁਰਾ ਨੇੜਲੇ ਪਿੰਡ ਮਦਨਪੁਰ ਦੇ ਵਸਨੀਕ ਜਸਵਿੰਦਰ ਸਿੰਘ ਜੋ ਕਿ ਪੰਜਾਬ ਪਾਵਰ ਕਾਰਪੋਰੇਸ਼ਨ ਵਿੱਚ ਬਤੋਰ ਲਾਈਨਮੈਨ ਆਪਣੀਆਂ ਸੇਵਾਵਾਂ ਨਿਭਾ ਰਹੇ ਹਨ ਦੀ 22 ਸਾਲਾਂ ਦੀ ਧੀ ਰਸ਼ਨੀਤ ਕੌਰ ਨੇ ਯੂਨੀਅਨ ਪਬਲਿਕ ਸਰਵਿਸ ਕਮੀਸ਼ਨ ਦੀ ਪ੍ਰੀਖਿਆ ਪਾਸ ਕਰ ਕੇ ਪੂਰੇ ਭਾਰਤ ਦੇਸ਼ ਵਿੱਚੋਂ 51ਵਾਂ ਸਥਾਨ ਹਾਸਲ ਕਰ ਕੇ ਰਾਜਪੁਰਾ ਸ਼ਹਿਰ ਨੂੰ ਜਿੱਥੇ ਭਾਰਤ ਦੇਸ਼ ਦੇ ਵਿੱਚ ਚਮਕਾ ਦਿੱਤਾ ਹੈ ਉੱਥੇ ਆਪਣੇ ਮਾਪਿਆਂ ਦਾ ਨਾਂ ਵੀ ਰੋਸ਼ਨ ਕੀਤਾ ਹੈ। ਇਸ ਮੌਕੇ ਰਸਨੀਤ ਕੌਰ ਨੇ ਦੱਸਿਆ ਕਿ ਉਸ ਨੇ ਸਕਾਲਰਜ ਪਬਲਿਕ ਸਕੂਲ ਰਾਜਪੁਰਾ ਤੋਂ 2019 ਵਿੱਚ ਦਸਵੀਂ ਅਤੇ 2021 ਵਿੱਚ ਬਾਰ੍ਹਵੀਂ ਜਮਾਤ ਪਾਸ ਕੀਤੀ। ਉਸ ਨੇ ਦਸਵੀਂ ਦੀ ਪੜ੍ਹਾਈ ਵਿੱਚ ਚੰਗੇ ਅੰਕ ਪ੍ਰਾਪਤ ਕਰ ਕੇ ਸਿਟੀ ਟਾਪਰ ਵਜੋਂ ਨਾਮਨਾ ਖੱਟਿਆ ਸੀ। ਪੜ੍ਹਾਈ ਵਿੱਚ ਸ਼ੁਰੂ ਤੋਂ ਹੀ ਅੱਵਲ ਆਉਣ ਕਰ ਕੇ ਹੀ ਮਾਪਿਆਂ ਨੂੰ ਉਮੀਦ ਸੀ ਕਿ ਉਨ੍ਹਾਂ ਦੀ ਲੜਕੀ ਇੱਕ ਨਾ ਇੱਕ ਦਿਨ ਵੱਡੇ ਅਹੁਦੇ ਉੱਤੇ ਬਿਰਾਜਮਾਨ ਹੋਵੇਗੀ। ਜਿਸ ਤੋਂ ਬਾਅਦ ਰਸਨੀਤ ਕੌਰ ਨੇ ਬੀਐੱਸਸੀ ਆਨਰਸ ਕੈਮਿਸਟਰੀ ਦੀ ਪੜ੍ਹਾਈ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਮੁਕੰਮਲ ਕੀਤੀ। ਇਸ ਦੌਰਾਨ ਉਸ ਨੇ ਪੜ੍ਹਾਈ ਦੇ ਵਿੱਚ ਮੱਲਾਂ ਮਾਰਦਿਆਂ ਹੋਇਆਂ ਗੋਲਡ ਮੈਡਲ ਵੀ ਹਾਸਲ ਕੀਤਾ। ਜਦੋਂ ਉਸ ਨੇ ਯੂਪੀਐੱਸਸੀ ਦਾ ਮੇਨ ਪੇਪਰ ਕਲੀਅਰ ਕਰ ਕੇ ਇੰਟਰਵਿਊ ਦਿੱਤੀ ਤਾਂ ਉਸ ਦੌਰਾਨ ਵੀ ਉਸ ਨੇ ਆਪਣਾ ਸਾਦਾ ਜੀਵਨ ਬਰਕਰਾਰ ਰੱਖਿਆ ਅਤੇ ਪੂਰੇ ਕਨਫੀਡੈਂਸ ਦੇ ਨਾਲ ਇੰਟਰਵਿਊ ਦਿੱਤੀ। ਜਦੋਂ ਬੀਤੇ ਦਿਨੀਂ ਯੂਪੀਐੱਸਸੀ ਦਾ ਨਤੀਜਾ ਐਲਾਨਿਆ ਗਿਆ ਤਾਂ ਉਦੋਂ ਖੁਸ਼ੀ ਦਾ ਟਿਕਾਣਾ ਨਾ ਰਿਹਾ, ਜਦੋਂ ਉਸ ਨੂੰ ਪਤਾ ਲੱਗ ਗਿਆ ਕਿ ਉਹ ਪੂਰੇ ਭਾਰਤ ਦੇਸ਼ ਵਿੱਚ ਯੂਪੀਐੱਸਸੀ ਦੀ ਪ੍ਰੀਖਿਆ ਨੂੰ ਪਾਸ ਕਰਕੇ 51ਵਾਂ ਸਥਾਨ ਪ੍ਰਾਪਤ ਕਰ ਚੁੱਕੀ ਹੈ। ਜਿਸ ਕਾਰਨ ਉਸ ਦੀ ਲੜਕੀ ਨੇ ਪਹਿਲੇ ਹੀ ਚਾਂਸ ਵਿੱਚ ਯੂਪੀਐੱਸਸੀ ਦਾ ਪੇਪਰ ਕਲੀਅਰ ਕਰ ਕੇ ਆਪਣੀ ਲਗਾਤਾਰ 8 ਤੋਂ 10 ਘੰਟਿਆਂ ਦੀ ਕੀਤੀ ਗਈ ਮਿਹਨਤ ਕਾਰਨ ਇਹ ਮੁਕਾਮ ਹਾਸਲ ਕਰ ਲਿਆ ਹੈ।