ਰਜਿੰਦਰਾ ਜਿਮਖਾਨਾ ਐਂਡ ਮਹਿੰਦਰਾ ਕਲੱਬ ’ਚ ਲਾਏ ਮੁੱਖ ਮੰਤਰੀ ਸਿਹਤ ਯੋਜਨਾ ਰਜਿਸਟ੍ਰੇਸ਼ਨ ਕੈਂਪ
‘ਰਜਿੰਦਰਾ ਜਿਮਖਾਨਾ ਐਂਡ ਮਹਿੰਦਰਾ ਕਲੱਬ’ ‘ਚ ਲਗਾਏ ਮੁੱਖ ਮੰਤਰੀ ਸਿਹਤ ਯੋਜਨਾ ਰਜਿਸਟ੍ਰੇਸ਼ਨ ਕੈਂਪ
Publish Date: Sun, 12 Apr 2026 05:08 PM (IST)
Updated Date: Mon, 13 Apr 2026 04:05 AM (IST)

ਪੱਤਰ ਪ੍ਰੇਰਕ, ਪੰਜਾਬੀ ਜਾਰਗਣ ਪਟਿਆਲਾ: 11 ਅਤੇ 12 ਅਪ੍ਰੈਲ ਨੂੰ ਪਟਿਆਲਾ ਦੇ ਰਾਜਿੰਦਰ ਜਿਮਖਾਨਾ ਐਂਡ ਮਹਿੰਦਰਾ ਕਲੱਬ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਦੇ ਕਾਰਡ ਬਣਾਉਣ ਲਈ ਲਗਾਏ ਗਏ ਦੋ ਦਿਨਾਂ ਕੈਂਪ ਵਿੱਚ ਮੈਂਬਰਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਕਲੱਬ ਸਟਾਫ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ। ਭਗਵੰਤ ਮਾਨ ਸਰਕਾਰ ‘ਮੁੱਖ ਮੰਤਰੀ ਸਿਹਤ ਯੋਜਨਾ’ ਰਾਹੀਂ ਸਿਹਤ ਸੇਵਾਵਾਂ ਦੀ ਪਹੁੰਚ ਦਾ ਵਿਸਥਾਰ ਕਰ ਰਹੀ ਹੈ। ਦੋਹੇਂ ਦਿਨੀਂ ਸਵੇਰੇ 9 ਵਜੇ ਸ਼ੁਰੂ ਹੋਏ ਇਸ ਕੈਂਪ ਵਿੱਚ ਕਲੱਬ ਮੈਂਬਰਾਂ ਦੀ ਉਤਸ਼ਾਹਭਰੀ ਭਾਗੀਦਾਰੀ ਵੇਖਣ ਨੂੰ ਮਿਲੀ। ਕਈ ਮੈਂਬਰਾਂ ਨੇ ਇਸ ਪਹਿਲ ਦੀ ਸ਼ਲਾਘਾ ਕੀਤੀ ਅਤੇ ਸਿਹਤ ਕਾਰਡ ਲਈ ਰਜਿਸਟ੍ਰੇਸ਼ਨ ਵਿੱਚ ਡੂੰਘੀ ਰੁਚੀ ਦਿਖਾਈ। ਪੀਆਰਟੀਸੀ ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਵੱਲੋਂ ਆਰ ਜੀ ਐਮ ਸੀ ਮੈਂਬਰਾਂ ਦੇ ਸਹਿਯੋਗ ਨਾਲ ਲਗਾਏ ਗਏ ਇਸ ਕੈਂਪ ਮੌਕੇ ਵਿਸ਼ੇਸ਼ ਤੌਰ ‘ਤੇ ਪੁੱਜੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ, “ਸਿਹਤ ਕਾਰਡ ਹਰ ਕਿਸੇ ਲਈ ਜ਼ਰੂਰੀ ਹੈ। ਸਿਹਤ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸਿਹਤ ਯੋਜਨਾ ਦਾ ਇਹ ਸਿਹਤ ਕਾਰਡ ਪ੍ਰਤੀ ਪਰਿਵਾਰ ਪ੍ਰਤੀ ਵਰ੍ਹੇ 10 ਲੱਖ ਰੁਪਏ ਤੱਕ ਦਾ ਨਕਦ-ਰਹਿਤ ਸਿਹਤ ਇਲਾਜ ਕਵਰ ਪ੍ਰਦਾਨ ਕਰਦਾ ਹੈ, ਜੋ ਮੈਡੀਕਲ ਐਮਰਜੈਂਸੀ ਦੌਰਾਨ ਵਿੱਤੀ ਸੁਰੱਖਿਆ ਦਿੰਦਾ ਹੈ। ਪੰਜਾਬ ਭਰ ਵਿੱਚ ਹੁਣ ਤੱਕ 35 ਲੱਖ ਤੋਂ ਵੱਧ ਸਿਹਤ ਕਾਰਡ ਜਾਰੀ ਕੀਤੇ ਜਾ ਚੁੱਕੇ ਹਨ, ਜਦਕਿ ਲਗਭਗ 50,000 ਲੋਕ ਹਰ ਰੋਜ਼ ਵੱਖ-ਵੱਖ ਜ਼ਿਲ੍ਹਿਆਂ ਵਿੱਚ ਆਪਣੀ ਰਜਿਸਟ੍ਰੇਸ਼ਨ ਕਰਵਾ ਰਹੇ ਹਨ, ਜੋ ਇਸ ਯੋਜਨਾ ‘ਤੇ ਵਧਦੇ ਭਰੋਸੇ ਨੂੰ ਦਰਸਾਉਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਾਡਾ ਮਕਸਦ ਪੰਜਾਬ ਵਾਸੀਆਂ ਦੀ 100 ਫੀਸਦੀ ਸਿਹਤ ਕਾਰਡ ਕਵਰੇਜ ਹੈ। ਹੁਣ ਤੱਕ ਰਜਿਸਟ੍ਰੇਸ਼ਨ 34 ਲੱਖ ਤੋਂ ਵੱਧ ਕੇ 40 ਲੱਖ ਹੋ ਚੁੱਕੀ ਹੈ ਅਤੇ ਅਸੀਂ ਹਰ ਨਾਗਰਿਕ ਤੱਕ ਪਹੁੰਚਣ ਵੱਲ ਵੱਧ ਰਹੇ ਹਾਂ। ਆਰਜੇਐੱਮਸੀ ਦੇ ਮੈਂਬਰ ਤੇ ਪੈਪਸੂ ਰੋਡ ਟ੍ਰਾਂਸਪੋਰਟ ਕਾਰਪੋਰੇਸ਼ਨ ਦੇ ਚੇਅਰਮੈਨ ਹਰਪਾਲ ਜੁਨੇਜਾ ਨੇ ਕਿਹਾ, “ਇਹ ਦੇਖ ਕੇ ਕਾਫੀ ਖੁਸ਼ੀ ਹੋਈ ਕਿ ਇਸ ਕਲੱਬ ਵਿੱਚ ਸਮਾਜ ਦੇ ਪ੍ਰਭਾਵਸ਼ਾਲੀ ਮੈਂਬਰ ਵੀ ਸ਼ਾਮਲ ਹਨ, ਜੋ ਕਿ ਇਸ ਕੈਂਪ ਵਿੱਚ ਆਪਣੇ ਕਾਰਡ ਬਣਾਉਣ ਲਈ ਪਹੁੰਚੇ। ਉਨ੍ਹਾਂ ਕਿਹਾ ਕਿ ਇਸ ਈਲੀਟ ਕਲੱਬ ਦੇ ਮੈਂਬਰਾਂ ਵਿੱਚ ਵਾਈਸ ਚਾਂਸਲਰ, ਵਿਧਾਇਕ, ਆਈਏਐਸ ਅਧਿਕਾਰੀ, ਪ੍ਰਸਿੱਧ ਡਾਕਟਰ, ਉਦਯੋਗਪਤੀ ਅਤੇ ਮੰਤਰੀ ਸ਼ਾਮਲ ਹਨ, ਜਿਨ੍ਹਾਂ ਸਭ ਨੇ ਸਿਹਤ ਯੋਜਨਾ ਦੀ ਸ਼ਲਾਘਾ ਕੀਤੀ ਅਤੇ ਆਪਣੇ ਕਾਰਡ ਬਣਵਾਏ ਹਨ। ਕਲੱਬ ਦੇ ਮੈਂਬਰ ਰਾਹੁਲ ਮਹਿਤਾ ਨੇ ਕਿਹਾ ਕਿ ਸਾਨੂੰ ਲੋਕਾਂ ਵੱਲੋਂ ਦਿਖਾਏ ਗਏ ਉਤਸ਼ਾਹ ਨੂੰ ਵੇਖਕੇ ਬਹੁਤ ਖੁਸ਼ੀ ਹੋਈ ਹੈ, ਕਲੱਬ ਦੇ ਮੈਂਬਰਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਸਟਾਫ ਨੇ ਉਤਸ਼ਾਹ ਨਾਲ ਆਪਣੇ ਕਾਰਡ ਬਣਵਾਏ ਹਨ। ਡਾ. ਬਲਬੀਰ ਸਿੰਘ ਨੇ ਕਿਹਾ, “ਇਲਾਜ ਪੂਰੀ ਤਰ੍ਹਾਂ ਕੈਸ਼ਲੇਸ ਹੈ, ਭਗਵੰਤ ਮਾਨ ਸਰਕਾਰ ਬੀਮਾ ਕੰਪਨੀਆਂ ਨੂੰ ਅਗਾਊਂ ਭੁਗਤਾਨ ਕਰ ਚੁੱਕੀ ਹੈ।