ਫਿਰ ਆਈ ਠੰਢ, ਸੰਗਰੂਰ ’ਚ ਮੀਂਹ, ਹਨੇਰੀ ਤੇ ਗੜੇਮਾਰੀ
ਸੰਗਰੂਰ ’ਚ ਮੀਹ, ਹਨੇਰੀ ਅਤੇ ਗੜ੍ਹੇਮਾਰੀ, ਠੰਢ ਦਾ ਯੂ-ਟਰਨ
Publish Date: Mon, 16 Mar 2026 05:27 PM (IST)
Updated Date: Tue, 17 Mar 2026 04:07 AM (IST)

ਵੱਧੋ ਵੱਧ ਤਾਪਮਾਨ 25 ਡਿਗਰੀ ਤੇ ਘੱਟੋ ਘੱਟ 11 ਡਿਗਰੀ ਕੀਤਾ ਦਰਜ ਲੋਕਾਂ ਨੇ ਠੰਢ ਵਾਲੇ ਸਾਂਭੇ ਕੱਪੜੇ ਦੁਬਾਰਾ ਕੱਢੇ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਐਤਵਾਰ ਰਾਤ ਨੂੰ ਚੱਲੀ ਤੇਜ਼ ਹਨੇਰੀ, ਬਾਰਿਸ਼ ਤੇ ਗੜੇਮਾਰੀ ਨੇ ਜਿੱਥੇ ਲੋਕਾਂ ਨੂੰ ਇਕ ਵਾਰ ਫੇਰ ਠੰਢ ਦਾ ਅਹਿਸਾਸ ਕਰਵਾ ਦਿੱਤਾ ਹੈ, ਉੱਥੇ ਹੀ ਖੇਤਾਂ ਵਿਚ ਕਣਕ ਦੀ ਫਸਲ ਨੂੰ ਵਿਛਾ ਦਿੱਤਾ। ਇਸ ਕਾਰਨ ਪਹਿਲਾਂ ਹੀ ਚਿੰਤਾ ਵਿੱਚ ਡੁੱਬੇ ਕਿਸਾਨਾਂ ਦੀਆਂ ਮੁਸ਼ਕਲਾਂ ਹੋਰ ਵਧ ਗਈਆਂ। ਕਿਉਂਕਿ ਪਹਿਲਾਂ ਅਚਾਨਕ ਵਧੇ ਤਾਪਮਾਨ ਕਾਰਨ ਕਿਸਾਨਾਂ ਨੂੰ ਝਾੜ ਪ੍ਰਭਾਵਿਤ ਹੋਣ ਦਾ ਡਰ ਸੀ, ਪ੍ਰੰਤੂ ਦੋ ਦਿਨਾਂ ਤੋਂ ਹੋ ਰਹੀ ਬਾਰਿਸ਼ ਤੇ ਹਨੇਰੀ ਨੇ ਉਨ੍ਹਾਂ ਦੀਆਂ ਫ਼ਸਲਾਂ ਨੂੰ ਵਿਛਾ ਕੇ ਰੱਖ ਦਿੱਤਾ। ਜ਼ਿਕਰਯੋਗ ਹੈ ਕਿ ਸੰਗਰੂਰ ਵਿੱਚ 12.6 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਤੇ ਤੇਜ਼ ਹਵਾਵਾਂ ਨੇ ਤਾਪਮਾਨ ਵਿਚ ਗਿਰਾਵਟ ਦਰਜ ਕੀਤੀ ਗਈ। ਸੋਮਵਾਰ ਨੂੰ ਵੱਧੋ ਵੱਧ ਤਾਪਮਾਨ 25 ਡਿਗਰੀ ਸੈਲਸੀਅਸ ਤੇ ਘੱਟੋ ਘੱਟ ਤਾਪਮਾਨ 11 ਡਿਗਰੀ ਦਰਜ ਕੀਤਾ ਗਿਆ। ਜਦਕਿ ਬਾਰਿਸ਼ ਤੋ ਪਹਿਲਾਂ ਤਾਪਮਾਨ 35 ਡਿਗਰੀ ਤੱਕ ਅੱਪੜ ਗਿਆ ਸੀ ਅਤੇ ਲੋਕ ਗਰਮੀ ਮਹਿਸੂਸ ਕਰਨ ਲੱਗ ਪਏ ਸਨ, ਪ੍ਰੰਤੂ ਬਾਰਿਸ਼, ਠੰਢੀਆਂ ਹਵਾਵਾਂ ਅਤੇ ਹਲਕੀ ਗੜ੍ਹੇਮਾਰੀ ਨੇ ਲੋਕਾਂ ਨੂੰ ਇੱਕ ਵਾਰ ਫੇਰ ਠੰਢ ਮਹਿਸੂਸ ਹੋਣ ਲੱਗੀ ਅਤੇ ਲੋਕਾਂ ਨੇ ਠੰਢ ਵਾਲੇ ਸਾਂਭੇ ਕੱਪੜੇ ਦੁਬਾਰਾ ਕੱਢਣੇ ਪੈ ਗਏ। ਠੰਢ ਹੋਣ ਕਾਰਨ ਲੋਕਾਂ ਨੇ ਆਪਣੇ ਪੱਖੇ ਵੀ ਬੰਦ ਕਰ ਦਿੱਤੇ। ਮੌਸਮ ਵਿਭਾਗ ਦੇ ਮੁਤਾਬਕ ਆਉਣ ਵਾਲੇ ਦਿਨਾਂ ਵਿੱਚ ਹਲਕੀ ਬੂੰਦਾਬਾਂਦੀ ਅਤੇ ਬੱਦਲ ਛਾਏ ਰਹਿਣ ਦੀ ਸੰਭਾਵਨਾ ਹੈ। ਨੇੜ੍ਹਲੇ ਪਿੰਡ ਬਡਰੁੱਖਾਂ ਦੇ ਕਿਸਾਨ ਮਹਿੰਦਰ ਸਿੰਘ, ਧੰਨਾ ਸਿੰਘ, ਰਣਜੀਤ ਸਿੰਘ ਅਤੇ ਸੁਰਜੀਤ ਸਿੰਘ ਨੇ ਦੱਸਿਆ ਕਿ ਲੰਘੀ ਰਾਤ ਪਏ ਮੀਂਹ ਅਤੇ ਹਨੇਰੀ ਕਾਰਨ ਖੇਤਾਂ ਵਿੱਚ ਕਣਕ ਦੀ ਫਸਲ ਵਿਛ ਗਈ ਹੈ। ਕੁਝ ਥਾਵਾਂ ‘ਤੇ ਹਲਕੀ ਗ਼ੜੇਮਾਰੀ ਵੀ ਹੋਈ। ਜਦਕਿ ਫਸਲ ਲਗਭਗ ਵੀਹ ਦਿਨਾਂ ਬਾਅਦ ਕਟਾਈ ਲਈ ਤਿਆਰ ਹੋਣੀ ਸੀ। ਕਿਸਾਨਾਂ ਨੇ ਦੱਸਿਆ ਕਿ ਇਸ ਵਾਰ ਪਹਿਲਾਂ ਵੱਧ ਤਾਪਮਾਨ ਨੇ ਫਸਲ ਨੂੰ ਪ੍ਰਭਾਵਿਤ ਕੀਤਾ। ਹੁਣ ਬੇਮੌਸਮੀ ਬਾਰਿਸ਼ ਅਤੇ ਹਨੇਰੀ ਨੇ ਫਸਲ ਨੂੰ ਹੋਰ ਨੁਕਸਾਨ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਫਸਲ ਵਿਛਣ ਕਾਰਨ ਇਕ ਪਾਸੇ ਪੈਦਾਵਾਰ ‘ਤੇ ਅਸਰ ਪਵੇਗਾ, ਦੂਜੇ ਪਾਸੇ ਇਸ ਦੀ ਕਟਾਈ ਕੰਬਾਈਨ ਨਾਲ ਕਰਨ ਵਿੱਚ ਵੀ ਮੁਸ਼ਕਲ ਆ ਸਕਦੀ ਹੈ। ਇਸ ਕਰਕੇ ਕਿਰਾਇਆ ਵੀ ਵੱਧ ਦੇਣਾ ਪੈ ਸਕਦਾ ਹੈ। ਨਤੀਜੇ ਵਜੋਂ ਮਜ਼ਦੂਰਾਂ ਤੋ ਕਟਾਈ ਕਰਵਾਉਣੀ ਹੋਰ ਮਹਿੰਗੀ ਪੈ ਸਕਦੀ ਹੈ। ਉਨ੍ਹਾਂ ਨੇ ਕਿਹਾ ਕਿ ਕਟਾਈ ਤੋਂ ਬਾਅਦ ਤੂੜੀ ਬਣਾਉਣ ਵਿੱਚ ਵੀ ਦਿੱਕਤ ਆ ਸਕਦੀ ਹੈ। ਦੂਜੇ ਪਾਸੇ ਜੋ ਫਸਲ ਬਿਛ ਚੁੱਕੀ ਹੈ, ਉਸ ਦੇ ਮੁੜ ਸਿੱਧਾ ਹੋਣ ਦੀ ਸੰਭਾਵਨਾ ਘੱਟ ਹੈ, ਕਿਉਂਕਿ ਹੁਣ ਦਾਣੇ ਵਿੱਚ ਵਜ਼ਨ ਆ ਚੁੱਕਾ ਹੈ, ਜਦਕਿ ਪਹਿਲਾਂ ਫਸਲ ਹਲਕੀ ਸੀ।