ਮੀਂਹ ’ਚ ਵੀ ਛੱਤਾਂ ’ਤੇ ਵਜਦੇ ਰਹੇ ਡੀਜੇ, ਖੂਬ ਪਏ ਭੰਗੜੇ
ਬਾਰਿਸ਼ ਨੇ ਬਸੰਤ ਕੀਤਾ ਭੰਗ. ਪਤੰਗਬਾਜ਼ੀ ਦੇ ਸ਼ੌਕੀਨ ਹੋਏ ਤੰਗ
Publish Date: Fri, 23 Jan 2026 05:43 PM (IST)
Updated Date: Sat, 24 Jan 2026 04:07 AM (IST)

ਦਿਨ ’ਚ ਕਈ ਵਾਰੀ ਰੁਕ-ਰੁਕ ਕੇ ਪਈ ਬਾਰਿਸ਼, ਨੌਜਵਾਨਾਂ ਨੇ ਮਾਨਿਆ ਪਤੰਗਾਂ ਦਾ ਆਨੰਦ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਆਇਆ ਬਸੰਤ, ਪਾਲਾ ਉਡੰਤ ਦੀ ਕਹਾਵਤ ਇਸ ਵਾਰ ਕੁਝ ਹੋਰ ਹੀ ਬਣਕੇ ਰਹਿ ਗਈ। ਇਸ ਕਹਾਵਤ ਦਾ ਮਤਲਬ ਹੈ ਕਿ ਬਸੰਤ ਆਉਣ ਤੇ ਠੰਢ ਦਾ ਪ੍ਰਕੋਪ ਚਲਾ ਜਾਂਦਾ ਹੈ, ਪ੍ਰੰਤੂ ਇਸ ਵਾਰੀ ਬਸੰਤ ਦੇ ਦਿਨ ਦੀ ਸ਼ੁਰੂਆਤ ਹੀ ਬਾਰਿਸ਼ ਦੇ ਨਾਲ ਹੋਈ। ਬਾਰਿਸ਼ ਕਾਰਨ ਪਿਛਲੇ ਕਈ ਦਿਨਾਂ ਤੋਂ ਬਸੰਤ ਦੀਆਂ ਤਿਆਰੀਆਂ ਵਿੱਢ ਰਹੇ ਪਤੰਗਬਾਜ਼ੀ ਦੇ ਸ਼ੌਕੀਨਾਂ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ। ਸਾਰਾ ਦਿਨ ਰੁਕ-ਰੁਕ ਕੇ ਹੋਈ ਬਾਰਿਸ਼ ਨੇ ਪਤੰਗਬਾਜ਼ਾਂ ਨੂੰ ਤੰਗ ਕਰ ਕੇ ਰੱਖਿਆ। ਕੁਝ ਸਮੇਂ ਰੁਕੀ ਬਾਰਿਸ਼ ਦਾ ਨੌਜਵਾਨਾਂ ਨੇ ਪੂਰਾ ਲਾਹਾ ਲਿਆ, ਹਾਲਾਂਕਿ ਧੁੱਪ ਨਹੀਂ ਨਿਕਲੀ ਤੇ ਸਾਰਾ ਦਿਨ ਠੰਢੀਆਂ ਹਵਾਵਾਂ ਚਲਦੀਆਂ ਰਹੀਆਂ। ਇਸ ਕਾਰਨ ਠੰਢ ਦਾ ਯੂ ਟਰਨ ਵਜਦਾ ਮਹਿਸੂਸ ਹੋਇਆ। ਜ਼ਿਕਰਯੋਗ ਹੈ ਕਿ ਬਸੰਤ ਪੰਚਮੀ ਨੂੰ ਲੈ ਕੇ ਨੌਜਵਾਨਾਂ ਤੇ ਬੱਚਿਆਂ ’ਚ ਕਾਫੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਸੀ ਅਤੇ ਉਹ ਇਸਦੀਆਂ ਤਿਆਰੀਆਂ ਵਿਚ ਪਿਛਲੇ ਕਈ ਦਿਨਾਂ ਤੋਂ ਰੁੱਝੇ ਹੋਏ ਸਨ। ਪਤੰਗਬਾਜ਼ੀ ਦੇ ਸ਼ੌਕੀਨਾਂ ਨੇ ਬਾਜ਼ਾਰ ਵਿੱਚੋਂ ਪਤੰਗਾਂ, ਡੋਰ ਅਤੇ ਹੋਰ ਸਾਜੋ ਸਾਮਾਨ ਦੀ ਖੂਬ ਖਰੀਦਦਾਰੀ ਕੀਤੀ। ਇਸਤੋਂ ਇਲਾਵਾ ਵੱਡੀ ਗਿਣਤੀ ਨੌਜਵਾਨਾਂ ਨੇ ਛੱਤਾਂ ’ਤੇ ਵਜਾਉਣ ਲਈ ਡੀਜੇ ਬੁੱਕ ਕਰਵਾਏ ਹੋਏ ਸਨ। ਪ੍ਰੰਤੂ ਬਾਰਿਸ਼ ਕਾਰਨ ਦੁਪਹਿਰ ਤਕ ਨੌਜਵਾਨਾਂ ਦੇ ਮੂੰਹ ’ਤੇ ਨਿਰਾਸ਼ਾ ਸਾਫ ਝਲਕਦੀ ਵੇਖੀ ਗਈ, ਪ੍ਰੰਤੂ ਦੁਪਹਿਰ ਬਾਅਦ ਮੌਸਮ ਦੇ ਕੁਝ ਸਾਫ ਹੋਣ ਕਾਰਨ ਲੋਕ ਆਪਣੇ ਘਰਾਂ ਦੀਆਂ ਛੱਤਾਂ ’ਤੇ ਵੱਡੀ ਗਿਣਤੀ ’ਚ ਚੜ੍ਹ ਗਏ ਤੇ ਡੀਜੇ ਦੇ ਵਜਦੇ ਗੀਤਾਂ ’ਤੇ ਖੂਬ ਭੰਗੜੇ ਪਾ ਕੇ ਬਸੰਤ ਰੁੱਤ ਦਾ ਸਵਾਗਤ ਕੀਤਾ। ਹਾਲਾਂਕਿ, ਸ਼ਾਮ ਤੱਕ ਮੌਸਮ ਠੀਕ ਰਿਹਾ ਅਤੇ ਪਤੰਗਬਾਜ਼ੀ ਦਾ ਦੌਰ ਜਾਰੀ ਰਿਹਾ। ਛੋਟੇ ਬੱਚਿਆਂ ਨੇ ਗੁਬਾਰੇ ਉਡਾ ਕੇ ਮਨਾਈ ਬਸੰਤ ਬਸੰਤ ਪੰਚਮੀ ਮੌਕੇ ਜਿੱਥੇ ਵੱਡਿਆਂ ਨੇ ਪਤੰਗਬਾਜ਼ੀ ਕਰਕੇ ਆਪਣੇ ਸ਼ੌਂਕ ਪੂਰਾ ਕੀਤਾ, ਉੱਥੇ ਹੀ ਛੋਟੇ ਬੱਚਿਆਂ ਨੇ ਹਵਾ ਵਿਚ ਗੈਸੀ ਗੁਬਾਰੇ ਉਡਾ ਕੇ ਬਸੰਤ ਮਨਾਈ। ਸੰਗਰੂਰ ਦੇ ਸੁਨਾਮੀ ਗੇਟ ਸਥਿਤ ਗੈਸੀ ਗੁਬਾਰੇ ਵੇਚਣ ਵਾਲੇ ਰਾਕੇਸ਼ ਕੁਮਾਰ ਨੇ ਦੱਸਿਆ ਕਿ ਵੱਡਿਆਂ ਲਈ ਪਤੰਗਬਾਜ਼ੀ ਸਭ ਤੋਂ ਵਧੀਆ ਹੈ। ਬਾਜ਼ਾਰਾਂ ’ਚ ਡੋਰੀਮੋਨ, ਛੋਟਾ ਭੀਮ, ਹਵਾਈ ਜਹਾਜ, ਮੋਰ, ਡਾਇਨਾਸੋਰ ਅਤੇ ਕਈ ਪ੍ਰਕਾਰ ਦੇ ਰੰਗ ਬਿਰੰਗੇ ਗੁਬਾਰੇ ਉਪਲਬਧ ਰਹੇ, ਜਿਨ੍ਹਾਂ ਦੀ ਬੱਚਿਆਂ ਨੇ ਖੂਬ ਖਰੀਦਦਾਰੀ ਕੀਤੀ। ਇਸ ਕਾਰਨ ਗੈਸੀ ਗੁਬਾਰੇ ਵੇਚਣ ਵਾਲੀਆਂ ਨੂੰ ਚੰਗੀ ਆਮਦਨ ਹੋਈ। ਘਰਾਂ ਵਿੱਚ ਬਣੇ ਮਿੱਠੇ ਚਾਵਲ, ਮਾਤਾ ਸਰਸਵਤੀ ਦੀ ਕੀਤੀ ਪੂਜਾ ਬਸੰਤ ਦੇ ਤਿਉਹਾਰ ਤੇ ਘਰਾਂ ਵਿੱਚ ਖਾਣ ਪੀਣ ਦੀਆਂ ਚੀਜਾਂ ਨਾ ਬਣਨ ਇਹ ਨਹੀ ਹੋ ਸਕਦਾ। ਬਸੰਤ ਨੂੰ ਜਿੱਥੇ ਪਤੰਗਬਾਜੀ ਕਰਕੇ ਅਤੇ ਡੀਜੇ ਚਲਾ ਕੇ ਲੋਕਾਂ ਨੇ ਖੁਸ਼ੀ ਮਨਾਈ। ਉੱਥੇ ਹੀ ਔਰਤਾਂ ਨੇ ਘਰ ਵਿੱਚ ਮਿੱਠੇ ਚਾਵਲ ਬਣਾ ਕੇ ਮਾਤਾ ਸਰਸਵਤੀ ਦੀ ਅਰਾਧਨਾ ਕੀਤੀ ਅਤੇ ਬਸੰਤ ਦੇ ਮੌਸਮ ਦਾ ਸਵਾਗਤ ਕੀਤਾ। ਇਸ ਤੋ ਇਲਾਵਾ ਮਿਠਾਈ ਅਤੇ ਤਰ੍ਹਾਂ-ਤਰ੍ਹਾਂ ਦੇ ਮਿੱਠੇ ਪਕਵਾਨ ਬਣਾਏ। ਇਸ ਦੌਰਾਨ ਲੋਕਾਂ ਨੇ ਮਾਤਾ ਸਰਸਵਤੀ ਦੀ ਪੂਜਾ ਕੀਤੀ।