ਬਾਰਿਸ਼ ਤੇ ਗੜ੍ਹੇਮਾਰੀ ਨੇ ਹੋਰ ਵਧਾਈ ਠੰਢ
ਬਾਰਿਸ਼ ਤੇ ਗੜ੍ਹੇਮਾਰੀ ਨੇ ਹੋਰ ਵਧਾਈ ਠੰਢ
Publish Date: Tue, 27 Jan 2026 04:57 PM (IST)
Updated Date: Tue, 27 Jan 2026 05:01 PM (IST)

ਆਲੂ ਅਤੇ ਬਰਸੀਮ ਬਾਰਿਸ਼ ਕਾਰਨ ਹੋਈਆਂ ਪ੍ਰਭਾਵਿਤ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ ਪਿਛਲੇ ਦਸ ਦਿਨਾਂ ਤੋਂ ਲਗਾਤਾਰ ਵਧ ਰਹੀ ਠੰਢ ਨੇ ਜਨਜੀਵਨ ਨੂੰ ਪ੍ਰਭਾਵਿਤ ਕਰ ਰੱਖਿਆ ਹੈ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ, ਮਰੀਜ਼ਾਂ ਅਤੇ ਫਸਲਾਂ ’ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ। ਠੰਢ ਦੇ ਬਾਵਜੂਦ ਲੋਕ ਮਜਬੂਰੀਵੱਸ ਆਪਣੇ ਕੰਮਾਂ ’ਤੇ ਜਾਣ ਲਈ ਮਜਬੂਰ ਹਨ। ਪਿਛਲੇ ਤਿੰਨ-ਚਾਰ ਦਿਨਾਂ ਤੋਂ ਧੁੱਪ ਨਿਕਲਣ ਨਾਲ ਸੁੱਕੀ ਠੰਢ ਤੋਂ ਕੁਝ ਰਾਹਤ ਮਿਲੀ ਸੀ ਅਤੇ ਲੱਗ ਰਿਹਾ ਸੀ ਕਿ ਮੌਸਮ ਸਾਫ਼ ਰਹੇਗਾ ਪਰ ਮੌਸਮ ਵਿਭਾਗ ਦੇ ਅਲਰਟ ਦੇ ਚਲਦਿਆਂ ਮੰਗਲਵਾਰ ਨੂੰ ਬਾਰਿਸ਼ ਨਾਲ ਹੋਈ ਗੜੇਮਾਰੀ ਨੇ ਠੰਢ ਦਾ ਕਹਿਰ ਇਕ ਵਾਰ ਫੇਰ ਤੋ ਵਧਾ ਦਿੱਤਾ ਹੈ। ਬਾਰਿਸ਼ ਹੋਣ ਨਾਲ ਖੇਤ ਪਾਣੀ ਨਾਲ ਭਰ ਗਏ। ਮੰਗਲਵਾਰ ਸਵੇਰੇ ਤੇਜ਼ ਮੀਂਹ ਅਤੇ ਗੜੇ ਪੈਣ ਕਾਰਨ ਠੰਢ ਹੋਰ ਵਧ ਗਈ। ਸਵੇਰ ਤੋਂ ਹੀ ਮੌਸਮ ਖ਼ਰਾਬ ਰਿਹਾ ਅਤੇ ਤੇਜ਼ ਹਵਾਵਾਂ ਸ਼ਾਮ ਤੱਕ ਚੱਲਦੀਆਂ ਰਹੀਆਂ। ਵੱਧੋ ਵੱਧ ਤਾਪਮਾਨ 14 ਡਿਗਰੀ ਅਤੇ ਘੱਟੋ ਘੱਟ ਤਾਪਮਾਨ 9 ਡਿਗਰੀ ਦਰਜ ਕੀਤਾ ਗਿਆ। ਕੁਝ ਸਮੇਂ ਲਈ ਗੜੇ ਵੀ ਪਏ, ਜਿਸਦਾ ਅਸਰ ਸ਼ਾਮ ਤੱਕ ਮਹਿਸੂਸ ਕੀਤਾ ਗਿਆ। ਸਾਰਾ ਦਿਨ ਅਸਮਾਨ ਤੇ ਬੱਦਲ ਛਾਏ ਰਹੇ ਅਤੇ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ। ਮੌਸਮ ਵਿਭਾਗ ਅਨੁਸਾਰ ਕਈ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਤੇਜ਼ ਹਵਾਵਾਂ ਜਾਰੀ ਰਹਿਣਗੀਆਂ। ਲਗਾਤਾਰ ਵਧ ਰਹੀ ਠੰਢ ਕਾਰਨ ਬਲੱਡ ਪ੍ਰੈਸ਼ਰ, ਜੁਕਾਮ, ਬੁਖਾਰ ਦੇ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ। ਦੂਜੇ ਪਾਸੇ ਖੇਤਾਂ ਵਿੱਚ ਸਬਜ਼ੀ ਉਗਾਉਣ ਵਾਲੇ ਕਿਸਾਨਾਂ ਲਈ ਕੋਹਰਾ ਮੁਸੀਬਤ ਬਣਿਆ ਹੋਇਆ ਹੈ। ਗੜੇ ਪੈਣ ਨਾਲ ਸਬਜ਼ੀ ਉਤਪਾਦਕਾਂ ਦੀ ਚਿੰਤਾ ਹੋਰ ਵਧ ਗਈ ਹੈ। ਗੜਿਆਂ ਨਾਲ ਕੋਹਰਾ ਵਧਦਾ ਹੈ, ਜੋ ਸਬਜ਼ੀਆਂ ਲਈ ਠੀਕ ਨਹੀਂ ਮੰਨਿਆ ਜਾਂਦਾ। ਇਸ ਨਾਲ ਆਲੂ, ਗੋਭੀ, ਗਾਜਰ ਆਦਿ ਮੌਸਮੀ ਸਬਜ਼ੀਆਂ ਪ੍ਰਭਾਵਿਤ ਹੋ ਰਹੀਆਂ ਹਨ। ਮਰੀਜ਼ਾਂ ਦੀ ਗਿਣਤੀ ’ਚ ਵਾਧਾ ਇੱਕ ਪਾਸੇ ਕਿਸਾਨ ਕਣਕ ਲਈ ਠੰਢ ਅਤੇ ਕੋਹਰੇ ਨੂੰ ਚੰਗਾ ਮੰਨ ਰਹੇ ਹਨ ਕਿਉਂਕਿ ਕੋਹਰੇ ਨਾਲ ਕਣਕ ਦਾ ਵਾਧਾ ਚੰਗਾ ਹੁੰਦਾ ਹੈ। ਦੂਜੇ ਪਾਸੇ ਸੁੱਕੀ ਠੰਢ ਅਤੇ ਮੀਂਹ ਕਾਰਨ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਸਭ ਪ੍ਰਭਾਵਿਤ ਹੋ ਰਹੇ ਹਨ। ਲੋਕਾਂ ਨੂੰ ਗਲੇ ਵਿੱਚ ਦਰਦ, ਸਿਰਦਰਦ, ਬੁਖਾਰ, ਜੁਕਾਮ, ਛੀਂਕਾਂ, ਛਾਤੀ ਵਿੱਚ ਦਰਦ, ਗੋਡਿਆਂ ਦਾ ਦਰਦ ਅਤੇ ਸਾਹ ਲੈਣ ਵਿੱਚ ਦਿੱਕਤ ਵਰਗੀਆਂ ਸਮੱਸਿਆਵਾਂ ਆ ਰਹੀਆਂ ਹਨ।