ਚੰਡੀਗੜ੍ਹ ਜਾ ਰਹੇ ਮੁਲਾਜ਼ਮਾਂ ਤੇ ਜ਼ਬਰ ਦੀ ਕੀਤੀ ਸਖ਼ਤ ਨਿਖੇਧੀ
ਚੰਡੀਗੜ ਜਾ ਰਹੇ ਪੰਜਾਬ ਦੇ ਮੁਲਾਜ਼ਮਾਂ ਤੇ ਕੀਤੇ ਜਬਰ ਦੀ ਕੀਤੀ ਸਖ਼ਤ ਨਿਖੇਧੀ
Publish Date: Thu, 12 Mar 2026 05:56 PM (IST)
Updated Date: Thu, 12 Mar 2026 06:00 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਬਜਟ ਵਿਚ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਦਾ ਕੋਈ ਅਜੰਡਾ ਨਾ ਰੱਖੇ ਜਾਣ ਖ਼ਿਲਾਫ਼ ਵਿਧਾਨ ਸਭਾ ਵੱਲ ਤੈਅਸ਼ੁਦਾ ਸ਼ਾਂਤਮਈ ਮਾਰਚ ਕਰ ਰਹੇ ਮੁਲਾਜ਼ਮਾਂ ’ਤੇ ਚੰਡੀਗੜ੍ਹ ਦੇ ਦਾਖਲੇ ਤੇ ਪੁਲਿਸ ਵੱਲੋਂ ਕੀਤੇ ਜਬਰ ਦੀ ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਨੇ ਸਖ਼ਤ ਨਿਖੇਧੀ ਹੈ। ਜ਼ਿਕਰਯੋਗ ਹੈ ਕਿ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਜ਼ ਸਾਂਝਾ ਮੋਰਚਾ ਵੱਲੋਂ ਬਜਟ ਸੈਸ਼ਨ ਦੌਰਾਨ 8-11 ਮਾਰਚ ਤੱਕ ਲਗਾਤਾਰ ਰੋਸ ਪ੍ਰਦਰਸ਼ਨ ਕਰਨ ਦਾ ਸੱਦਾ ਦਿੱਤਾ ਗਿਆ ਸੀ, ਜਿਸ ਤਹਿਤ ਸੈਸ਼ਨ ਦੇ ਪਹਿਲੇ ਦਿਨ ਸਾਂਝੇ ਮੋਰਚੇ ਅਤੇ ਹੋਰਨਾਂ ਜੱਥੇਬੰਦੀਆਂ ਦੀ ਅਗਵਾਈ ਵਿਚ ਪਹੁੰਚੇ ਮੁਲਾਜ਼ਮਾਂ ਨੂੰ ਚੰਡੀਗੜ ਜਾਣ ਤੋਂ ਰੋਕਣ ਲਈ ਪੁਲਿਸ ਵੱਲੋਂ ਜਲ ਤੋਪਾਂ ਅਤੇ ਅੱਥਰੂ ਗੈਸ ਦੇ ਗੋਲਿਆਂ ਦੀ ਅੰਨੀ ਵਰਤੋਂ ਕੀਤੇ ਜਾਣ ਖ਼ਿਲਾਫ਼ ਮੁਲਾਜ਼ਮਾਂ ਵਿਚ ਤਿੱਖਾ ਰੋਸ ਹੈ। ਮੁਲਾਜ਼ਮਾਂ ਤੇ ਕੀਤੇ ਤਸ਼ੱਦਦ ਦੇ ਬਾਵਜੂਦ ਲਗਾਤਾਰ ਤਿੰਨ ਦਿਨਾਂ ਤੋਂ ਚੰਡੀਗੜ੍ਹ ’ਚ ਹੋ ਰਹੀਆਂ ਰੋਸ ਰੈਲੀਆਂ ਵਿਚ ਮੁਲਾਜ਼ਮ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਰਹੇ ਹਨ। ਆਪ ਸਰਕਾਰ ਦੇ ਮੁਲਾਜ਼ਮ ਵਿਰੋਧੀ ਰਵੱਈਏ ਦੀ ਨਿਖੇਧੀ ਕਰਦਿਆਂ ਫਰੰਟ ਦੇ ਕਨਵੀਨਰ ਅਤਿੰਦਰ ਪਾਲ ਸਿੰਘ, ਜ਼ੋਨ ਕਨਵੀਨਰਾਂ ਗੁਰਬਿੰਦਰ ਖਹਿਰਾ, ਇੰਦਰਸੁਖਦੀਪ ਸਿੰਘ ਅਤੇ ਦਲਜੀਤ ਸਫੀਪੁਰ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪਿਛਲੇ ਚਾਰ ਸਾਲਾਂ ਦੇ ਕਾਰਜਕਾਲ ਵਿੱਚ ਪੁਰਾਣੀ ਪੈਨਸ਼ਨ ਦੇ ਨੋਟੀਫ਼ਿਕੇਸ਼ਨ ਨੂੰ ਲਾਗੂ ਕਰਨ, ਪੰਜਾਬ ਪੇ ਸਕੇਲ, ਪੇਂਡੂ ਭੱਤਾ, ਬਾਰਡਰ ਏਰੀਆ ਭੱਤਾ, ਏਸੀਪੀ ਸਮੇਤ ਕੱਟੇ ਭੱਤਿਆਂ ਦੀ ਬਹਾਲੀ, ਪੰਜਾਬ ਪੇ ਸਕੇਲ ਦੀ ਬਹਾਲੀ, ਡੀਏ ਦੀਆਂ ਰਹਿੰਦੀਆਂ ਕਿਸ਼ਤਾਂ ਅਤੇ ਪਿਛਲਾ ਬਕਾਇਆ ਜਾਰੀ ਕਰਨ ਜਿਹੀਆਂ ਅਹਿਮ ਵਿੱਤੀ ਮੰਗਾਂ ਜਿਉਂ ਦੀਆਂ ਤਿਉਂ ਲਟਕੀਆਂ ਹੋਈਆਂ ਹਨ। ਜਿਸ ਦੇ ਰੋਸ ’ਚ ਜਮਹੂਰੀ ਢੰਗ ਨਾਲ਼ ਪ੍ਰਦਰਸ਼ਨ ਕਰ ਰਹੇ ਮੁਲਾਜ਼ਮਾਂ ਨੂੰ ਪੁਲਸੀਆ ਡੰਡੇ ਨਾਲ਼ ਦਬਾਉਣਾ ਗੈਰਲੋਕਤੰਤਰੀ ਨਿੰਦਣਯੋਗ ਕਾਰਵਾਈ ਹੈ। ਫਰੰਟ ਦੇ ਜ਼ਿਲ੍ਹਾ ਆਗੂਆਂ ਸਤਪਾਲ ਸਮਾਣਵੀ, ਭਰਤ ਕੁਮਾਰ ਅਤੇ ਜਗਤਾਰ ਰਾਮ ਨੇ ਕਿਹਾ ਕਿ ਮੁਲਾਜ਼ਮਾਂ ਦੀਆਂ ਹੱਕੀ ਅਵਾਜ਼ਾ ਨੂੰ ਪੁਲਿਸ ਜ਼ੋਰ ਨਾਲ਼ ਦਬਾਇਆ ਨਹੀਂ ਜਾ ਸਕਦਾ ਸਗੋਂ ਪੰਜਾਬ ਸਰਕਾਰ ਦੀ ਵਾਅਦਾਖਿਲਾਫੀ ਖਿਲਾਫ ਇਸ ਚੋਣ ਵਰੇ ਵਿੱਚ ਸੰਘਰਸ਼ ਹੋਰ ਤਿੱਖੇ ਹੋਣਗੇ।