'12ਵਾਂ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ' ਆਰੰਭ
'12ਵਾਂ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ' ਆਰੰਭ
Publish Date: Tue, 24 Mar 2026 04:32 PM (IST)
Updated Date: Tue, 24 Mar 2026 04:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਗੁਰਮਤਿ ਸੰਗੀਤ ਚੇਅਰ ਵੱਲੋਂ ਕਰਵਾਇਆ ਜਾ ਰਿਹਾ 12ਵਾਂ ਰਬਾਬੀ ਭਾਈ ਮਰਦਾਨਾ ਸ਼ਾਸਤਰੀ ਸੰਗੀਤ ਸੰਮੇਲਨ ਕਲਾ ਭਵਨ ਵਿਖੇ ਆਰੰਭ ਹੋ ਗਿਆ ਹੈ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਸਮਾਰੋਹ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਕਰਦਿਆਂ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਆਪਣੀ ਅਮੀਰ ਵਿਰਾਸਤ ਨੂੰ ਸੰਭਾਲਣ ਲਈ ਅਜਿਹੇ ਉਪਰਾਲੇ ਕੀਤੇ ਜਾ ਰਹੇ ਹਨ। ਸੰਮੇਲਨ ਦਾ ਆਰੰਭ ਸੰਗੀਤ ਵਿਭਾਗ ਦੇ ਵਿਦਿਆਰਥੀ ਗੁਰਸਿਮਰ ਸਿੰਘ ਦੇ ਰਬਾਬ ਵਾਦਨ ਤੋਂ ਹੋਇਆ। ਸੰਗੀਤ ਵਿਭਾਗ ਦੇ ਨਰਿੰਦਰ ਪਾਲ ਸਿੰਘ ਦੁਆਰਾ ਤਬਲਾ ਏਕਲ ਵਾਦਨ ਦੀ ਪੇਸ਼ਕਾਰੀ ਦਿੱਤੀ ਗਈ। ਇਸ ਮੌਕੇ ਡੀਨ ਖੋਜ ਪ੍ਰੋ. ਰਿਤੂ ਲਹਿਲ, ਛੱਤੀਸਗੜ੍ਹ ਤੋਂ ਸ. ਦੇਵਿੰਦਰ ਸਿੰਘ ਸਿੱਬਲ ਅਤੇ ਡਾ. ਜਗਮੋਹਨ ਸ਼ਰਮਾ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਲਗਵਾਈ। ਚੇਅਰ ਇੰਚਾਰਜ ਡਾ. ਅਲੰਕਾਰ ਸਿੰਘ ਨੇ ਦੱਸਿਆ ਕਿ ਸਾਲ 2008 ਤੋਂ ਕਰਵਾਇਆ ਜਾ ਰਿਹਾ ਇਹ ਸੰਮੇਲਨ ਪੰਜਾਬੀ ਯੂਨੀਵਰਸਿਟੀ ਦੁਆਰਾ ਸੰਗੀਤਕ ਸਮਾਗਮਾਂ ਵਿਚੋਂ ਪ੍ਰਮੁੱਖ ਹੈ। ਇਸ ਸੰਮੇਲਨ ਵਿਚ ਰਾਸ਼ਟਰੀ ਅਤੇ ਖੇਤਰੀ ਪ੍ਰਸਿੱਧੀ ਪ੍ਰਾਪਤ ਸੰਗੀਤਕਾਰ ਭਾਗ ਲੈ ਰਹੇ ਹਨ। ਸਮਾਰੋਹ ਦਾ ਤੀਸਰਾ ਦਿਨ ਪਟਿਆਲਾ ਦੇ ਵਿਖਿਆਤ ਸੰਗੀਤਕਾਰ ਸਵਰਗੀ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਨੂੰ ਸਮਰਪਿਤ ਰਹੇਗਾ। ਇਸ ਦਿਨ ਫ਼ਰੀਦਕੋਟ ਤੋਂ ਸ੍ਰੀ ਮਾਧਵ ਅਰੋੜਾ ਸ਼ਾਸਤਰੀ ਗਾਇਨ ਪ੍ਰਸਤੁਤ ਕਰਨਗੇ। ਆਲ ਇੰਡੀਆ ਰੇਡੀਓ, ਜਲੰਧਰ ਦੇ ਟੌਪ ਗਰੇਡ ਕਲਾਕਾਰ ਉਸਤਾਦ ਸ਼ਮਿੰਦਰਪਾਲ ਸਿੰਘ ਆਪਣੀ ਸਪੁੱਤਰੀ ਪਰਮਿੰਦਰ ਕੌਰ ਨਾਲ ਸਾਰੰਗੀ ਜੁਗਲਬੰਦੀ ਦੀ ਪੇਸ਼ਕਾਰੀ ਦੇਣਗੇ। ਸਹਿਯੋਗੀ ਕਲਾਕਾਰਾਂ ਵਜੋਂ ਤਬਲੇ ’ਤੇ ਜੈਦੇਵ ਤੇ ਮਧੁਰੇਸ਼ ਭੱਟ, ਹਾਰਮੋਨੀਅਮ ’ਤੇ ਅਲੀ ਅਕਬਰ, ਰਾਕੇਸ਼ ਕੁਮਾਰ, ਲਖਵਿੰਦਰ ਸਿੰਘ ਤੋਂ ਇਲਾਵਾ ਦਿਲਰੁਬਾ ’ਤੇ ਗੁਰਪ੍ਰੀਤ ਸਿੰਘ ਸਾਥ ਦੇਣਗੇ। ਇਸੇ ਦਿਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ ਸਿਮ੍ਰਤੀ ਐਵਾਰਡ ਵੀ ਉਸਤਾਦ ਸ਼ਮਿੰਦਰਪਾਲ ਸਿੰਘ ਨੂੰ ਪ੍ਰਦਾਨ ਕੀਤਾ ਜਾਵੇਗਾ। ਇਨ੍ਹਾਂ ਸਮਾਗਮਾਂ ਵਿਚ ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜਫ਼ਰ, ਚੇਅਰਮੈਨ ਪੰਜਾਬ ਕਲਾ ਪ੍ਰੀਸ਼ਦ ਸਵਰਨਜੀਤ ਸਿੰਘ ਸਵੀ ਅਤੇ ਰਾਏਪੁਰ, ਛੱਤੀਸਗੜ੍ਹ ਤੋਂ ਦੇਵਿੰਦਰ ਸਿੰਘ ਸਿੱਬਲ ਵਿਸ਼ੇਸ਼ ਤੌਰ ’ਤੇ ਹਾਜ਼ਰੀ ਭਰਨਗੇ। ਇਸ ਦੇ ਨਾਲ ਹੀ ਪਟਿਆਲਾ ਅਤੇ ਆਸ-ਪਾਸ ਦੇ ਸ਼ਹਿਰਾਂ ਤੋਂ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਅਤੇ ਸੰਗੀਤ ਦੇ ਰਸੀਏ ਸ਼ਾਮਲ ਰਹਿਣਗੇ।