ਪੀਯੂ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਨੇ ਕਰਵਾਈ ਤੀਜੀ ਸਾਲਾਨਾ ਕਾਨਫ਼ਰੰਸ
ਪੀਯੂ ਦੇ ਮਕੈਨੀਕਲ ਇੰਜਨੀਅਰਿੰਗ ਵਿਭਾਗ ਨੇ ਕਰਵਾਈ ਤੀਜੀ ਸਲਾਨਾ ਕਾਨਫ਼ਰੰਸ
Publish Date: Fri, 13 Mar 2026 05:39 PM (IST)
Updated Date: Fri, 13 Mar 2026 05:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਮਕੈਨੀਕਲ ਇੰਜੀਨੀਅਰਿੰਗ ਵਿਭਾਗ ਵੱਲੋਂ ਤੀਜੀ ਸਾਲਾਨਾ ਅੰਤਰ-ਰਾਸ਼ਟਰੀ ਕਾਨਫ਼ਰੰਸ ਕਰਵਾਈ ਗਈ। ਕਾਨਫ਼ਰੰਸ ਦੇ ਉਦਘਾਟਨੀ ਸੈਸ਼ਨ ਦੀ ਪ੍ਰਧਾਨਗੀ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਕੀਤੀ। ਕਾਨਫ਼ਰੰਸ ਦਾ ਮੁੱਖ-ਸੁਰ ਭਾਸ਼ਣ ਟੈਨੈਕੋ ਕੰਪਨੀ ਤੋਂ ਪੁੱਜੇ ਸੀਨੀਅਰ ਡਾਇਰੈਕਟਰ-ਓਪਰੇਸ਼ਨਜ਼ ਜਸਬੀਰ ਸਿੰਘ ਵੱਲੋਂ ਦਿੱਤਾ ਗਿਆ। ਪ੍ਰੋ. ਜਸਵਿੰਦਰ ਸਿੰਘ ਬਰਾੜ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਕਿਹਾ ਕਿ ਅੱਜ ਦੇ ਯੁੱਗ ਵਿੱਚ ਉਦਯੋਗ ਖੇਤਰ ਨੂੰ ਬਹੁਤ ਸਾਰੀਆਂ ਅਜਿਹੀਆਂ ਨਵੀਂਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੋ ਪਹਿਲਾਂ ਨਹੀਂ ਸਨ। ਜਦੋਂ 18ਵੀਂ ਸਦੀ ’ਚ ਉਦਯੋਗੀਕਰਣ ਸ਼ੁਰੂ ਹੋਇਆ ਸੀ ਤਾਂ ਉਸ ਸਮੇਂ ਵਾਤਾਵਰਣ ਜਿਹੇ ਮੁੱਦੇ ਨਹੀਂ ਸਨ, ਪਰ ਹੁਣ ਇਹ ਇਹ ਅਹਿਮ ਮੁੱਦਾ ਹੈ। ਉਨ੍ਹਾਂ ਕਿਹਾ ਕਿ ਦੂਰਦ੍ਰਿਸ਼ਟੀ ਵਾਲੇ ਵਿਗਿਆਨੀ ਅਤੇ ਇੰਜੀਨੀਅਰ ਹੀ ਅਜਿਹੀਆਂ ਚੁਣੌਤੀਆਂ ਦਾ ਹੱਲ ਲਭਦੇ ਹਨ। ਉਨ੍ਹਾਂ ਕਿਹਾ ਕਿ ਅਜਿਹੀਆਂ ਕਾਨਫ਼ਰੰਸਾਂ ਵੱਖ-ਵੱਖ ਮਾਹਿਰ ਵਿਦਵਾਨਾਂ ਨੂੰ ਆਪਣੇ ਵਿਚਾਰ ਸਾਂਝੇ ਕਰਨ ਦਾ ਮੰਚ ਮੁਹੱਈਆ ਕਰਵਾਉਂਦੀਆਂ ਹਨ। ਜਸਬੀਰ ਸਿੰਘ ਨੇ ਆਪਣੇ ਮੁੱਖ-ਸੁਰ ਭਾਸ਼ਣ ਦੌਰਾਨ ਆਪਣੀ ਕੰਪਨੀ ਦੀ ਕਾਰਜਸ਼ੈਲੀ ਦੇ ਹਵਾਲੇ ਨਾਲ ਉਦਯੋਗ ਖੇਤਰ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ। ਵਿਭਾਗ ਮੁਖੀ ਡਾ. ਵਿਨੋਦ ਕੁਮਾਰ ਵੱਲੋਂ ਸਵਾਗਤੀ ਸ਼ਬਦਾਂ ਦੌਰਾਨ ਵਿਭਾਗ ਦੀਆਂ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ ਗਿਆ। ਉਦਘਾਟਨੀ ਸੈਸ਼ਨ ਦਾ ਧੰਨਵਾਦੀ ਭਾਸ਼ਣ ਇੰਜੀਨੀਅਰਿੰਗ ਫ਼ੈਕਲਟੀ ਦੇ ਡੀਨ ਡਾ. ਮਨਜੀਤ ਸਿੰਘ ਭੰਮਰਾ ਨੇ ਦਿੱਤਾ। ਕਾਨਫ਼ਰੰਸ ਦੇ ਕਨਵੀਨਰ ਪ੍ਰੋ. ਰੌਸ਼ਨ ਲਾਲ ਵਿਰਦੀ ਵੱਲੋਂ ਕਾਨਫ਼ਰੰਸ ਦੇ ਥੀਮ ਸਬੰਧੀ ਵਿਚਾਰ ਪੇਸ਼ ਕੀਤੇ ਗਏ। ਇਸ ਮੌਕੇ ਕਾਨਫ਼ਰੰਸ ਦੀਆਂ ਪ੍ਰੋਸੀਡਿੰਗਜ਼ ਵੀ ਜਾਰੀ ਕੀਤੀਆਂ ਗਈਆਂ। ਅਗਲੇ ਅਕਾਦਮਿਕ ਸੈਸ਼ਨਾਂ ਦੌਰਾਨ ਅਹਿਮ ਵਿਚਾਰ ਪ੍ਰਗਟਾਉਣ ਵਾਲੇ ਮੁੱਖ ਬੁਲਾਰਿਆਂ ’ਚ ਏਅਰਬਸ ਵਿਚਿਤਾ, ਯੂ.ਐੱਸ.ਏ. ਨਾਲ਼ ਸਬੰਧਤ ਇੰਜ. ਸੁੰਦਰ ਸਿੰਘ ਅਤੇ ਡੀ.ਆਰ.ਡੀ.ਓ. ਸਾਇੰਟਿਸਟ ਡਾ. ਅਮਿਤ ਤਿਆਗੀ ਸ਼ਾਮਲ ਸਨ।