ਪੀਯੂ ਵੱਲੋਂ ਆਸਟ੍ਰੇਲੀਆ ਦੇ ਅਦਾਰੇ 'ਯੂਨੀਵਰਸਲ ਬਿਜ਼ਨੈੱਸ ਸਕੂਲ' ਨਾਲ ਕੀਤਾ ਇਕਰਾਰਨਾਮਾ
ਪੀਯੂ ਵੱਲੋਂ ਆਸਟ੍ਰੇਲੀਆ ਦੇ ਅਦਾਰੇ 'ਯੂਨੀਵਰਸਲ ਬਿਜ਼ਨਸ ਸਕੂਲ' ਨਾਲ਼ ਕੀਤਾ ਇਕਰਾਰਨਾਮਾ
Publish Date: Mon, 02 Mar 2026 05:24 PM (IST)
Updated Date: Mon, 02 Mar 2026 05:25 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ: ਪੰਜਾਬੀ ਯੂਨੀਵਰਸਿਟੀ ਵੱਲੋਂ ਆਸਟ੍ਰੇਲੀਆ ਦੇ ਅਦਾਰੇ ਯੂਨੀਵਰਸਲ ਬਿਜ਼ਨਸ ਸਕੂਲ ਨਾਲ਼ ਅਕਾਦਮਿਕ ਸਾਂਝ ਕਾਇਮ ਕਰਦਿਆਂ ਇੱਕ ਅਹਿਮ ਇਕਰਾਰਨਾਮਾ ਕੀਤਾ ਗਿਆ ਹੈ। ਇਸ ਇਕਰਾਰਨਾਮੇ ਤੇ ਪੰਜਾਬੀ ਯੂਨੀਵਰਸਿਟੀ ਵੱਲੋਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਹਸਤਾਖ਼ਰ ਕੀਤੇ ਅਤੇ ਯੂਨੀਵਰਸਲ ਬਿਜ਼ਨਸ ਸਕੂਲ ਵੱਲੋਂ ਜੀ.ਸੀ.ਏ. ਆਸਟ੍ਰੇਲੀਆ ਦੇ ਚਾਂਸਲਰ ਡਾ. ਗੈਰੀ ਮਲਹੋਤਰਾ ਨੇ ਸਹੀ ਪਾਈ। ਡਾ. ਜਗਦੀਪ ਸਿੰਘ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਇਹ ਇਕਰਾਰਨਾਮਾ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਅੰਤਰ-ਰਾਸ਼ਟਰੀ ਪੱਧਰ ਤੇ ਨਵੇਂ ਰਾਹ ਖੋਲ੍ਹੇਗਾ। ਉਨ੍ਹਾਂ ਕਿਹਾ ਕਿ ਇਸ ਸਾਂਝ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਮੌਕੇ ਦੇਣਾ ਅਤੇ ਦੋਵਾਂ ਸੰਸਥਾਵਾਂ ਦਰਮਿਆਨ ਅਕਾਦਮਿਕ ਵਟਾਂਦਰੇ ਨੂੰ ਉਤਸ਼ਾਹਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਾਡਾ ਮਕਸਦ ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਉਹ ਸਾਰੀਆਂ ਸਹੂਲਤਾਂ ਅਤੇ ਮੌਕੇ ਪ੍ਰਦਾਨ ਕਰਨਾ ਹੈ ਜੋ ਕਿਸੇ ਵੀ ਵਿਕਸਿਤ ਦੇਸ਼ ਦੇ ਵਿਦਿਆਰਥੀ ਨੂੰ ਮਿਲਦੇ ਹਨ। ਉਨ੍ਹਾਂ ਸਬੰਧਤ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਇਸ ਇਕਰਾਰਨਾਮੇ ਦੀਆਂ ਸ਼ਰਤਾਂ ਨੂੰ ਅਮਲੀ ਰੂਪ ਦੇਣ ਲਈ ਯੋਜਨਾਵਾਂ ਬਣਾਈਆਂ ਜਾਣ। ਜ਼ਿਕਰਯੋਗ ਹੈ ਕਿ ਇਸ ਇਕਰਾਰਨਾਮੇ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਛੇ-ਨੁਕਾਤੀ ਪ੍ਰੋਗਰਾਮ ਸ਼ਾਮਿਲ ਹੈ। ਪੀਯੂ ਦੇ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਵਿੱਚ ਪੜ੍ਹਨ ਅਤੇ ਉੱਥੋਂ ਦੇ ਕਾਰੋਬਾਰੀ ਮਾਹੌਲ ਨੂੰ ਸਮਝਣ ਦਾ ਮੌਕਾ ਮਿਲੇਗਾ। ਡਾ. ਗੈਰੀ ਮਲਹੋਤਰਾ ਨੇ ਵੀ ਇਸ ਮੌਕੇ ਭਾਰਤੀ ਵਿਦਿਆਰਥੀਆਂ ਦੀ ਪ੍ਰਤਿਭਾ ਦੀ ਸ਼ਲਾਘਾ ਕੀਤੀ ਅਤੇ ਉਮੀਦ ਜਤਾਈ ਕਿ ਇਹ ਅਕਾਦਮਿਕ ਸਾਂਝ ਲੰਮੇ ਸਮੇਂ ਤੱਕ ਸਿੱਖਿਆ ਦੇ ਖੇਤਰ ਵਿੱਚ ਮੀਲ ਪੱਥਰ ਸਾਬਤ ਹੋਵੇਗੀ। ਉਨ੍ਹਾਂ ਇਸ ਇਕਰਾਰਨਾਮੇ ਦੀਆਂ ਬਾਰੀਕੀਆਂ ਅਤੇ ਵਿਦਿਆਰਥੀਆਂ ਨੂੰ ਹੋਣ ਵਾਲ਼ੇ ਸਿੱਧੇ ਫਾਇਦਿਆਂ ਤੇ ਚਾਨਣਾ ਪਾਉਂਦਿਆਂ ਦੱਸਿਆ ਕਿ ਸ਼ੁਰੂਆਤੀ ਪੱਧਰ ਤੇ ਬਿਜ਼ਨਸ ਮੈਨੇਜਮੈਂਟ ਦੇ ਵਿਦਿਆਰਥੀ ਇਸ ਦਾ ਮੁੱਖ ਕੇਂਦਰ ਹੋਣਗੇ। ਇਸ ਮੌਕੇ ਪੰਜਾਬੀ ਯੂਨੀਵਰਸਿਟੀ ਦੇ ਡੀਨ ਅਕਾਦਮਿਕ ਮਾਮਲੇ ਪ੍ਰੋ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰਪਾਲ ਸਿੰਘ ਸਿੱਧੂ ਸਮੇਤ ਵੱਖ-ਵੱਖ ਅਧਿਕਾਰੀ ਅਤੇ ਪੰਜਾਬੀ ਯੂਨੀਵਰਸਿਟੀ ਦੇ ਸਾਬਕਾ ਉਪ-ਕੁਲਪਤੀ ਡਾ. ਬੀ.ਐੱਸ. ਘੁੰਮਣ ਵੀ ਮੌਜੂਦ ਸਨ।