ਪੰਜਾਬੀ ਯੂਨੀਵਰਸਿਟੀ ਕਲਾਵਾਂ ਦੀ ਨਰਸਰੀ : ਡਾ. ਜਗਦੀਪ
ਪੰਜਾਬੀ ਯੂਨੀਵਰਸਿਟੀ ਕਲਾਵਾਂ ਦੀ ਨਰਸਰੀ ਹੈ : ਡਾ. ਜਗਦੀਪ ਸਿੰਘ
Publish Date: Tue, 24 Feb 2026 04:42 PM (IST)
Updated Date: Tue, 24 Feb 2026 04:46 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੀ ਵਿਦਿਆਰਥਣ ਮੰਨਤ ‘ਵਾਇਸ ਆਫ਼ ਪੰਜਾਬ 16’ ਦੀ ਜੇਤੂ ਟਰਾਫ਼ੀ ਹਾਸਲ ਕਰਨ ਵਿਚ ਕਾਮਯਾਬ ਹੋਈ। ਇਸ ਸਬੰਧੀ ਪੰਜਾਬੀ ਯੂਨੀਵਰਸਿਟੀ ਵਿਚ ਹੁਲਾਸ ਦਾ ਮਾਹੌਲ ਹੈ। ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕਰਵਾਏ ਸਮਾਗਮ ਵਿਚ ਮੰਨਤ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ ਗਿਆ। ਜ਼ਿਕਰਯੋਗ ਹੈ ਕਿ ਮੰਨਤ ਸੰਗੀਤ ਵਿਭਾਗ ਦੀ ਬੀਏ ਭਾਗ ਪਹਿਲਾ ਦੀ ਵਿਦਿਆਰਥਣ ਹੈ ਜਿਸ ਦੇ ਪਿਤਾ ਦੀਪਕ ਵੀ ਯੂਨੀਵਰਸਿਟੀ ਦੇ ਕਰਮਚਾਰੀ ਹਨ। ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਗਦੀਪ ਸਿੰਘ ਨੇ ਖ਼ੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਮੰਨਤ ਦੀ ਪ੍ਰਾਪਤ ਯੂਨੀਵਰਸਿਟੀ ਪਰਿਵਾਰ ਦੀ ਪ੍ਰਾਪਤ ਹੈ। ਇਸ ਦੇ ਅਧਿਆਪਕਾਂ ਅਤੇ ਇਸ ਨੂੰ ਪ੍ਰੇਰਣਾ ਦੇਣ ਵਾਲੇ ਹਰ ਸ਼ਖ਼ਸ਼ ਦੀ ਪ੍ਰਾਪਤੀ ਹੈ। ਪੰਜਾਬੀ ਯੂਨੀਵਰਸਿਟੀ ਕਲਾਵਾਂ ਦੀ ਨਰਸਰੀ ਹੈ। ਇਸ ਦੀ ਮਿੱਟੀ ਵਿਚ ਉਹ ਮਹਿਕ ਹੈ ਜੋ ਸੰਸਾਰ ਦੇ ਹੋਰ ਕਿਸੇ ਵੀ ਕੋਨੇ ਵਿਚ ਨਹੀਂ। ਡਾ. ਜਸਵਿੰਦਰ ਸਿੰਘ ਬਰਾੜ, ਡੀਨ, ਅਕਾਦਮਿਕ ਮਾਮਲੇ ਨੇ ਇਸ ਮੌਕੇ ’ਤੇ ਬੋਲਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਹਮੇਸ਼ਾਂ ਆਪਣੇ ਵਿਦਿਆਰਥੀਆਂ ’ਤੇ ਮਾਣ ਰਿਹਾ ਹੈ। ਇਸ ਦੇ ਪ੍ਰਤਿਭਾਵਾਨ ਵਿਦਿਆਰਥੀ ਇਸ ਮਾਣ ਨੂੰ ਹੋਰ ਉਚੇਰਾ ਕਰਦੇ ਹਨ। ਡਾ. ਗੁਰਸੇਵਕ ਸਿੰਘ ਲੰਬੀ, ਮੁਖੀ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਨੇ ਸਮਾਗਮ ਵਿਚ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਮੰਨਤ ਦੀ ਪ੍ਰਾਪਤੀ ਯੂਨੀਵਰਸਿਟੀ ਦੇ ਅਨੇਕ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰੇਗੀ। ਜ਼ਿਕਰਯੋਗ ਹੈ ਕਿ ਮੰਨਤ ਨੇ 2021 ਵਿਚ ਵੀ ਇਸ ਮੁਕਾਬਲੇ ਵਿਚ ਭਾਗ ਲਿਆ ਸੀ ਤੇ ਉਹ ਸੈਕੰਡ ਰਨਰਅੱਪ ਚੁਣੀ ਗਈ ਸੀ। ਉਸ ਸਮੇਂ ਜੱਜਾਂ ਦੇ ਪੈਨਲ ਵਿਚ ਸਚਿਨ ਅਹੂਜਾ, ਮਿਸ ਪੂਜਾ, ਅਫ਼ਸਾਨਾ ਖ਼ਾਨ ਤੇ ਵੀਰ ਸਿੰਘ ਸ਼ਾਮਲ ਸਨ। ਹੁਣ ਦੇ ਮੁਕਾਬਲੇ ਵਿਚ ਮਾਸਟਰ ਸਲੀਮ, ਮਿਊਜ਼ਿਕ ਡਾਇਰੈਕਟਰ ਸੁਖਪਾਲ ਸੁੱਖ, ਕਿਰਨ ਬਾਜਵਾ ਤੇ ਰੁਪਿੰਦਰ ਹਾਂਡਾ ਬਤੌਰ ਜੱਜ ਸ਼ਾਮਲ ਰਹੇ ਜਿਹਨਾਂ ਨੇ ਹਰ ਐਪੀਸੋਡ ਵਿਚ ਮੰਨਤ ਦੀ ਆਵਾਜ਼ ਦੇ ਜਾਦੂ ਦੀ ਗੱਲ ਕੀਤੀ। ਮੰਨਤ ਨੇ ਡਾ. ਅਰਸ਼ਪ੍ਰੀਤ ਅਤੇ ਗਰੀਮਾ ਕਲਿਆਣ ਤੋਂ ਸੰਗੀਤ ਦੀ ਤਾਲੀਮ ਹਾਸਲ ਕੀਤੀ। ਇਸ ਮੌਕੇ ਡਾ. ਰਾਜਿੰਦਰ ਲਹਿਰੀ, ਡਾ. ਰਾਜਿੰਦਰਪਾਲ ਸਿੰਘ ਬਰਾੜ, ਡਾ. ਬਲਵਿੰਦਰ ਕੌਰ ਸਿੱਧੂ, ਡਾ. ਸੁਰਜੀਤ ਸਿੰਘ ਭੱਟੀ, ਡਾ. ਧਰਮਵੀਰ ਸਿੰਘ, ਡਾ. ਜੋਤੀ ਪੁਰੀ, ਡਾ. ਜਸਵੀਰ ਕੌਰ ਆਦਿ ਹਾਜ਼ਰ ਸਨ।