ਦੋ ਰੋਜ਼ਾ ਅੰਤਰ-ਰਾਸ਼ਟਰੀ ਸੰਮੇਲਨ ਤਿੰਨ ਫਰਵਰੀ ਤੋਂ
ਪੀਯੂ ਵਿਖੇ ਬਾਇਓਟੈਕਨੌਲਜੀ ਦੇ ਖੇਤਰ ਨਾਲ਼ ਸਬੰਧਤ ਦੋ ਦਿਨਾ ਅੰਤਰ-ਰਾਸ਼ਟਰੀ ਸੰਮੇਲਨ ਤਿੰਨ ਫਰਵਰੀ ਤੋਂ
Publish Date: Sun, 01 Feb 2026 05:20 PM (IST)
Updated Date: Sun, 01 Feb 2026 05:22 PM (IST)
ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਬਾਇਓਟੈਕਨਾਲੋਜੀ ਤੇ ਫੂਡ ਟੈਕਨਾਲੋਜੀ ਵਿਭਾਗ ਵੱਲੋਂ ਕਰਵਾਇਆ ਜਾ ਰਿਹਾ ਅੰਤਰਰਾਸ਼ਟਰੀ ਸੰਮੇਲਨ 3–4 ਫਰਵਰੀ 2026 ਨੂੰ ਸਾਇੰਸ ਆਡੀਟੋਰੀਅਮ ਵਿਖੇ ਹੋਵੇਗਾ। ਬਾਇਓ ਐਂਟਰਪ੍ਰਿਨਿਊਰਸ਼ਿਪ ਅਤੇ ਟੈਕਨਾਲੋਜੀ ਵਿਚ ਪਹਿਲਕਦਮੀਆਂ ਨੂੰ ਉਤਸ਼ਾਹਿਤ ਕਰਨ ਦੇ ਵਿਸ਼ੇ ਉੱਤੇ ਇਹ ਸੰਮੇਲਨ ਈਆਈਸੀਐੱਚ (ਐਂਟਰਪ੍ਰਿਨਿਊਰਸ਼ਿਪ, ਇਨੋਵੇਸ਼ਨ ਅਤੇ ਕਰੀਅਰ ਹੱਬ, ਰੂਸਾ-2) ਅਧੀਨ ਕਰਵਾਇਆ ਜਾ ਰਿਹਾ ਹੈ। ਪੰਜਾਬੀ ਯੂਨੀਵਰਸਿਟੀ ਦੇ ਲੋਕ ਸੰਪਰਕ ਵਿਭਾਗ ਵੱਲੋਂ ਜਾਰੀ ਪਰੈੱਸ ਰਿਲੀਜ਼ ਵਿੱਚ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਗਿਆ ਕਿ ਇਸ ਸੰਮੇਲਨ ਦਾ ਉਦੇਸ਼ ਬਾਇਓਟੈਕਨੌਲਜੀ ਖੇਤਰ ਵਿੱਚ ਨਵੀਨਤਾ, ਉਦਯੋਗਿਕ ਵਿਕਾਸ ਅਤੇ ਉੱਦਮੀ ਸੋਚ ਨੂੰ ਉਤਸ਼ਾਹਿਤ ਕਰਨਾ ਹੈ। ਸੰਮੇਲਨ ਵਿਚ ਫੂਡ ਅਤੇ ਹੈਲਥ, ਮੈਡੀਕਲ ਬਾਇਓ ਟੈਕਨੌਲਜੀ, ਬਾਇਓ ਐਂਟਰਪ੍ਰਿਨਿਊਰਸ਼ਿਪ ਤੇ ਉਦਯੋਗਿਕ ਬਾਇਓ ਟੈਕਨੌਲਜੀ ਦੇ ਖੇਤਰਾਂ ਨਾਲ਼ ਜੁੜੇ ਦੇਸ਼-ਵਿਦੇਸ਼ ਦੇ ਪ੍ਰਸਿੱਧ ਵਿਗਿਆਨੀ, ਅਕਾਦਮਿਕ ਵਿਦਵਾਨ ਅਤੇ ਉਦਯੋਗਿਕ ਮਾਹਿਰ ਭਾਗ ਲੈਣਗੇ। ਦੋ ਦਿਨਾਂ ਦੌਰਾਨ ਅਕਾਦਮਿਕ ਅਤੇ ਉਦਯੋਗਿਕ ਖੇਤਰਾਂ ਦੇ ਪ੍ਰਮੁੱਖ ਵਿਦਵਾਨਾਂ ਵੱਲੋਂ ਵਿਸ਼ੇਸ਼ ਭਾਸ਼ਣ ਦਿੱਤੇ ਜਾਣਗੇ, ਜਿਨ੍ਹਾਂ ਰਾਹੀਂ ਖੋਜ ਅਤੇ ਭਵਿੱਖੀ ਸੰਭਾਵਨਾਵਾਂ ਬਾਰੇ ਚਰਚਾ ਕੀਤੀ ਜਾਵੇਗੀ।