ਪੀਯੂ ਨੇ ਭਾਰਤੀ ਪੇਂਡੂ ਸਮਾਜ ’ਚ ਆਈਆਂ ਤਬਦੀਲੀਆਂ ਬਾਰੇ ਕੀਤਾ ਅਧਿਐਨ
ਪੀਯੂ ਦੀ ਇੱਕ ਖੋਜ ਰਾਹੀਂ ਉੱਤਰ ਭਾਰਤੀ ਪੇਂਡੂ ਸਮਾਜ ਵਿੱਚ ਆਈਆਂ ਤਬਦੀਲੀਆਂ ਬਾਰੇ ਕੀਤਾ ਗਿਆ ਅਧਿਐਨ
Publish Date: Sun, 04 Jan 2026 04:55 PM (IST)
Updated Date: Sun, 04 Jan 2026 04:56 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਵਿਖੇ ਹੋਈ ਇਕ ਖੋਜ ਰਾਹੀਂ ਉੱਤਰ ਭਾਰਤੀ ਪੇਂਡੂ ਸਮਾਜ ਵਿਚ ਆਈਆਂ ਤਬਦੀਲੀਆਂ ਬਾਰੇ ਅਧਿਐਨ ਕੀਤਾ ਗਿਆ ਹੈ। ਨਿਗਰਾਨ ਡਾ. ਸੁਸ਼ੀਲ ਕੁਮਾਰ ਦੀ ਅਗਵਾਈ ਵਿਚ ਖੋਜਾਰਥੀ ਡਾ. ਗੁਰਪ੍ਰੀਤ ਸਿੰਘ ਵੱਲੋਂ ਕੀਤੇ ਇਸ ਅਧਿਐਨ ਵਿਚ ਪੰਜਾਬੀ ਤੇ ਹਿੰਦੀ ਸਾਹਿਤ ਦੇ ਪੰਜ ਮਹੱਤਵਪੂਰਨ ਨਾਵਲਾਂ ਨੂੰ ਆਧਾਰ ਬਣਾਉਂਦਿਆਂ ਇਨ੍ਹਾਂ ਤਬਦੀਲੀਆਂ ਦਾ ਵਿਸਤ੍ਰਿਤ ਤੇ ਤੁਲਨਾਤਮਕ ਵਿਸ਼ਲੇਸ਼ਣ ਕੀਤਾ ਗਿਆ ਹੈ। ਖੋਜਾਰਥੀ ਡਾ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ 1936 ਤੋਂ 1985 ਦੇ ਦਰਮਿਆਨ ਪ੍ਰਕਾਸ਼ਿਤ ਹੋਏ ਇਨ੍ਹਾਂ ਨਾਵਲਾਂ ਵਿਚ ਤਿੰਨ ਪੀੜ੍ਹੀਆਂ ਦੀ ਕਹਾਣੀ ਹੈ। ਇਨ੍ਹਾਂ ਨਾਵਲਾਂ ਵਿਚ ਪ੍ਰੇਮਚੰਦ ਵੱਲੋਂ ਲਿਖਿਤ ਗੋਦਾਨ , ਸੰਤ ਸਿੰਘ ਸੇਖੋਂ ਵੱਲੋਂ ਲਿਖਿਤ ਲਹੂ ਮਿੱਟੀ , ਗੁਰਦਿਆਲ ਸਿੰਘ ਵੱਲੋਂ ਲਿਖਿਤ ਮੜ੍ਹੀ ਦਾ ਦੀਵਾ , ਕਰਮਜੀਤ ਸਿੰਘ ਕੁੱਸਾ ਵੱਲੋਂ ਲਿਖਿਤ ਰੋਹੀ ਬੀਆਬਾਨ ਅਤੇ ਰਾਮ ਸਰੂਪ ਅਣਖੀ ਵੱਲੋਂ ਲਿਖਿਤ ਕੋਠੇ ਖੜਕ ਸਿੰਘ ਸ਼ਾਮਿਲ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਹਿਤਕ ਰਚਨਾਵਾਂ ਰਾਹੀਂ ਉੱਤਰ ਭਾਰਤੀ ਪੇਂਡੂ ਸਮਾਜ ਵਿਚ ਹਰੀ ਕ੍ਰਾਂਤੀ ਤੋਂ ਪਹਿਲਾਂ ਅਤੇ ਬਾਅਦ ਦੇ ਸਮੇਂ ਵਿਚ ਆਈਆਂ ਵੱਡੇ ਪੱਧਰ ਦੀਆਂ ਸਮਾਜਿਕ, ਸਭਿਆਚਾਰਕ ਅਤੇ ਆਰਥਿਕ ਤਬਦੀਲੀਆਂ ਬਾਰੇ ਅਧਿਐਨ ਕੀਤਾ ਗਿਆ ਹੈ। ਖੋਜ ਵਿਧੀਆਂ ਬਾਰੇ ਗੱਲ ਕਰਦਿਆਂ ਉਨ੍ਹਾਂ ਦੱਸਿਆ ਕਿ ਮੁੱਖ ਤੌਰ ਤੇ ਮਾਰਕਸਵਾਦੀ ਤੇ ਪੋਸਟ-ਮਾਰਕਸਵਾਦੀ ਸਿਧਾਂਤਕ ਢਾਂਚੇ ਨੂੰ ਅਪਣਾਉਂਦਿਆਂ ਇਹ ਖੋਜ ਕੀਤੀ ਗਈ ਹੈ ਜਿਸ ਵਿੱਚ ਸੰਸਾਰ ਪ੍ਰਸਿਧ ਚਿੰਤਕ ਅੰਤੋਨੀਓ ਗ੍ਰਾਮਸ਼ੀ, ਟੈਰੀ ਈਗਲਟਨ, ਮੈਕਸ ਵੈਬਰ, ਲੂਈ ਅਲਥੂਸਰ ਅਤੇ ਰੇਮੰਡ ਵਿਲੀਅਮਜ਼ ਵਰਗੇ ਵਿਚਾਰਕਾਂ ਦੇ ਹਵਾਲੇ ਨਾਲ਼ ਅਧਿਐਨ ਕੀਤਾ ਗਿਆ ਹੈ। ਨਿਗਰਾਨ ਡਾ. ਸੁਸ਼ੀਲ ਕੁਮਾਰ ਨੇ ਦੱਸਿਆ ਕਿ ਅਧਿਐਨ ਦਰਸਾਉਂਦਾ ਹੈ ਕਿ ਨਿਮਨ ਕਿਸਾਨੀ ਲਈ ਖੇਤੀ ਸੰਕਟ ਅਜੇ ਵੀ ਜਾਰੀ ਹੈ, ਜੋ ਬਸਤੀਵਾਦੀ ਨੀਤੀਆਂ, ਹਰੀ ਕ੍ਰਾਂਤੀ, ਮਸ਼ੀਨੀਕਰਨ ਅਤੇ ਬਾਜ਼ਾਰੀ ਦਬਾਵਾਂ ਨਾਲ਼ ਗਹਿਰੇ ਪੱਧਰ ਉੱਤੇ ਜੁੜਿਆ ਹੋਇਆ ਹੈ। ਰਵਾਇਤੀ ਮੁੱਲਾਂ ਦਾ ਨੁਕਸਾਨ, ਰਿਸ਼ਤਿਆਂ ਦੀ ਵਸਤੂਕਰਨ ਅਤੇ ਸਮਾਜਿਕ-ਆਰਥਿਕ ਵਿੱਥਾਂ ਵਿੱਚ ਵਾਧਾ ਵੀ ਇਸ ਅਧਿਐਨ ਦੀ ਚਰਚਾ ਦਾ ਹਿੱਸਾ ਹਨ।