ਕਾਨਫ਼ਰੰਸ ’ਚ ਤਿੰਨ ਭਾਸ਼ਾਵਾਂ ਦੇ ਕਵੀਆਂ ਨੇ ਬੰਨ੍ਹਿਆ ਰੰਗ
ਅੰਤਰ-ਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਦੀ ਅੰਤਲੀ ਸ਼ਾਮ ਤਿੰਨ ਭਾਸ਼ਾਵਾਂ ਦੇ ਕਵੀਆਂ ਨੇ ਬੰਨ੍ਹਿਆ ਰੰਗ
Publish Date: Sat, 31 Jan 2026 04:41 PM (IST)
Updated Date: Sat, 31 Jan 2026 04:43 PM (IST)

ਪੱਤਰ ਪ੍ਰੇਕਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਖੇ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਵੱਲੋਂ ਕਰਵਾਈ ਗਈ ਤਿੰਨ ਰੋਜ਼ਾ 37ਵੀਂ ਅੰਤਰਰਾਸ਼ਟਰੀ ਪੰਜਾਬੀ ਵਿਕਾਸ ਕਾਨਫ਼ਰੰਸ ਦੀ ਅੰਤਲੀ ਸ਼ਾਮ ਨੂੰ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਤ੍ਰੈਭਾਸ਼ੀ ਕਵੀ ਦਰਬਾਰ ਕਰਵਾਇਆ ਗਿਆ। ਕਵੀ ਦਰਬਾਰ ਵਿੱਚ ਗੁਰਤੇਜ ਕੋਹਾਰਵਾਲਾ, ਮੁਸੱਵਰ ਫਿਰੋਜ਼ਪੁਰੀ, ਜਗਜੀਤ ਕਾਫ਼ਰ, ਰੁਬੀਨਾ ਸ਼ਬਨਮ, ਦੀਪ ਇੰਦਰ, ਜਸਪ੍ਰੀਤ ਕੌਰ ਫੁਲਕ, ਅਮਰਦੀਪ ਸਿੰਘ, ਅੰਮ੍ਰਿਤ ਪਾਲ ਸਿੰਘ ਸ਼ੈਦਾ, ਜਤਿੰਦਰ ਪਰਵਾਜ, ਪਰਵਿੰਦਰ ਸ਼ੋਖ਼, ਰਮਨ ਸੰਧੂ, ਜਸਵੰਤ ਜ਼ਫ਼ਰ, ਗੁਰਸੇਵਕ ਲੰਬੀ, ਜੋਗਿੰਦਰ ਨੂਰਮੀਤ, ਹਰਮੀਤ ਵਿਦਿਆਰਥੀ ਨੇ ਆਪਣੀ ਸ਼ਾਇਰੀ ਪੇਸ਼ ਕੀਤੀ। ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਗੁਰਸੇਵਕ ਸਿੰਘ ਲੰਬੀ ਨੇ ਆਰੰਭ ਵਿੱਚ ਆਪਣੇ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਇਸ ਕਾਨਫ਼ਰੰਸ ਦੀ ਵਿਲੱਖਣਤਾ ਰਹੀ ਹੈ ਕਿ ਇਸ ਵਿੱਚ ਤਿੰਨ ਦਿਨ ਅਕਾਦਮਿਕ ਬੈਠਕਾਂ ਤੋਂ ਇਲਾਵਾ ਰੋਜ਼ਾਨਾ ਸੱਭਿਆਚਾਰਕ ਸ਼ਾਮਾਂ ਕਰਵਾਈਆਂ ਗਈਆਂ ਜਿਸ ਵਿੱਚ ਸੰਗੀਤ, ਨਾਟਕ ਅਤੇ ਸ਼ਾਇਰੀ ਨੂੰ ਸ਼ਾਮਿਲ ਕੀਤਾ ਗਿਆ। ਇਸ ਦਾ ਮਕਸਦ ਇਹ ਸੀ ਕਿ ਪੰਜਾਬੀ ਭਾਸ਼ਾ ਦੇ ਸਮੁੱਚੇ ਵਿਕਾਸ ਦੀ ਗੱਲ ਕੀਤੀ ਜਾ ਸਕੇ। ਭਾਸ਼ਾ ਵਿਭਾਗ ਪੰਜਾਬ ਦਾ ਵਿਸ਼ੇਸ਼ ਸਹਿਯੋਗ ਦੇਣ ਲਈ ਡਾ. ਲੰਬੀ ਨੇ ਉਨ੍ਹਾਂ ਦਾ ਧੰਨਵਾਦ ਕੀਤਾ। ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਧੰਨਵਾਦੀ ਸ਼ਬਦ ਸਾਂਝੇ ਕਰਦਿਆਂ ਕਿਹਾ ਕਿ ਭਾਸ਼ਾ ਵਿਭਾਗ ਦਾ ਮੁੱਖ ਕਾਰਜ ਦਾ ਪੰਜਾਬ ਦੀਆਂ ਸਥਾਨਕ ਭਾਸ਼ਾਵਾਂ ਲਈ ਕੰਮ ਕਰਨਾ ਹੈ। ਇਸੇ ਮਕਸਦ ਨਾਲ ਹੀ ਅੱਜ ਤਾਂ ਇਹ ਤ੍ਰੈਭਾਸ਼ੀ ਕਵੀ ਦਰਬਾਰ ਆਯੋਜਨ ਕੀਤਾ ਗਿਆ ਹੈ। ਵਿਭਾਗ ਪੰਜਾਬੀ ਦੇ ਨਾਲ-ਨਾਲ ਹਰ ਭਾਸ਼ਾ ਲਈ ਨਿੱਠ ਕੇ ਕੰਮ ਕਰਦਾ ਹੈ। ਇਸ ਸਮੇਂ ਡਾ. ਸਤੀਸ਼ ਕੁਮਾਰ ਵਰਮਾ, ਡਾ. ਰਵੇਲ ਸਿੰਘ ਦਿੱਲੀ, ਪ੍ਰੋ. ਸੁਰਜੀਤ ਸਿੰਘ. ਡਾ. ਬਲਦੇਵ ਸਿੰਘ ਧਾਲੀਵਾਲ. ਕਿਰਪਾਲ ਕਜ਼ਾਕ, ਅਮਰਿੰਦਰ ਸਿੰਘ, ਸਹਾਇਕ ਡਾਇਰੈਕਟਰ ਭਾਸ਼ਾ ਵਿਭਾਗ ਆਦਿ ਹਾਜ਼ਰ ਸਨ।