ਅਧਿਆਪਕਾਂ ਨੇ ਸਰਕਾਰ ਦੀ ਅਰਥੀ ਸਾੜੀ
ਅਧਿਆਪਕਾਂ ਤੇ ਪੁਲਿਸ ਤਸ਼ੱਦਦ ਵਿਰੁੱਧ ਫੂਕੀ ਪੰਜਾਬ ਸਰਕਾਰ ਦੀ ਅਰਥੀ
Publish Date: Tue, 17 Mar 2026 06:46 PM (IST)
Updated Date: Wed, 18 Mar 2026 04:11 AM (IST)

ਅਰਥੀ ਫੂਕਣ ਉਪਰੰਤ ਸਰਕਾਰ ਵਿਰੁੱਧ ਕੀਤੀ ਨਾਅਰੇਬਾਜ਼ੀ ਸ਼ੰਭੂ ਗੋਇਲ, ਪੰਜਾਬੀ ਜਾਗਰਣ, ਲਹਿਰਾਗਾਗਾ : ਸਾਂਝਾ ਅਧਿਆਪਕ ਮੋਰਚਾ ਤੇ ਅਧਿਆਪਕ ਜਥੇਬੰਦੀਆਂ ਦੇ ਆਗੂ ਸੁਖਜਿੰਦਰ ਸਿੰਘ ਹਰੀਕਾ, ਸਤਵੰਤ ਸਿੰਘ ਆਲਮਪੁਰ, ਹਰਭਗਵਾਨ ਸਿੰਘ ਗੁਰਨੇ, ਮੇਘ ਰਾਜ, ਕਿਰਨਪਾਲ ਗਾਗਾ ਸਿੰਦਰਪਾਲ ਸਿੰਘ, ਮਹਾਵੀਰ ਸਿੰਘ, ਗੁਰਬਿੰਦਰ ਸਿੰਘ ਦੀ ਅਗਵਾਈ ਵਿੱਚ ਕੈਬਨਿਟ ਮੰਤਰੀ ਬਰਿੰਦਰ ਗੋਇਲ ਦੇ ਦਫਤਰ ਅੱਗੇ ਪੰਜਾਬ ਸਰਕਾਰ ਦੀ ਅਰਥੀ ਸਾੜ ਕੇ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਇਸ਼ਾਰੇ ’ਤੇ ਸੁਪਰੀਮ ਕੋਰਟ ਰਾਹੀਂ ਟੈੱਟ ਦੀ ਬਿਲਕੁਲ ਬੇਲੋੜੀ, ਗੈਰਵਿਧਾਨਿਕ ਸ਼ਰਤ ਜਬਰੀ ਥੋਪਣ, ਪੰਜਾਬ ਸਰਕਾਰ ਵੱਲੋਂ ਬਜਟ ਸੈਸ਼ਨ ਦੌਰਾਨ ਅਧਿਆਪਕਾਂ ਦੀ ਸੇਵਾ ਸੁਰੱਖਿਆ ਲਈ ਬਿੱਲ ਨਾ ਲਿਆਉਣ, ਸੁਪਰੀਮ ਕੋਰਟ ਵਿਚ ਰੀਵਿਊ ਪਟੀਸ਼ਨ ਦਾਖਲ ਨਾ ਕਰਨ, ਸਿੱਖਿਆ ਵਿਭਾਗ ਵੱਲੋਂ ਕੁਝ ਵਰਗਾਂ ਨੂੰ ਟੈੱਟ ਤੋਂ ਛੋਟ ਦੇਣ ਦਾ ਪੱਤਰ ਰੱਦ ਕਰਨ, ਸੰਘਰਸ਼ ਦੌਰਾਨ ਜਲ ਤੋਪਾਂ, ਲਾਠੀਚਾਰਜ ਤੇ ਅਥਰੂ ਗੈਸ ਦੇ ਗੋਲਿਆਂ ਦੀ ਅੰਨ੍ਹੇਵਾਹ ਵਰਤੋਂ ਕਰ ਕੇ ਅਧਿਆਪਕਾਂ ਨੂੰ ਜ਼ਖ਼ਮੀ ਕਰ ਕੇ ਰਾਸ਼ਟਰ ਨਿਰਮਾਤਾ ਅਧਿਆਪਕਾਂ ਦੇ ਮਾਨ ਸਨਮਾਨ ਨੂੰ ਸੱਟ ਮਾਰਨ ਪ੍ਰਤੀ ਸਮੁੱਚੇ ਅਧਿਆਪਕ ਵਰਗ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਆਪਣੇ ਚਾਰ ਸਾਲ ਦੇ ਕਾਰਜਕਾਲ ਵਿਚ ਅਧਿਆਪਕਾਂ ਦੀ ਕਿਸੇ ਵੀ ਸਮੱਸਿਆ ਦਾ ਹੱਲ ਕਰਨ ਦੀ ਬਜਾਏ ਅਧਿਆਪਕਾਂ ਦੇ ਹਰ ਵਰਗ ਤੇ ਪੁਲਸਿਆ ਤਸ਼ੱਦਦ ਹੀ ਕੀਤਾ ਹੈ। ਪੁਰਾਣੀ ਪੈਨਸ਼ਨ ਸਕੀਮ ਦੀ ਬਹਾਲੀ ਲਈ ਲੰਗੜਾ ਨੋਟੀਫਿਕੇਸ਼ਨ ਜਾਰੀ ਕਰਨ ਦੇ ਬਾਵਜੂਦ ਹੁਣ ਤੱਕ ਲਾਗੂ ਨਹੀਂ ਕੀਤੀ ਗਈ, ਤਨਖਾਹ ਦੁਹਰਾਈ ਦੇ ਬਕਾਏ, ਮਹਿੰਗਾਈ ਭੱਤੇ ਦੀਆਂ ਰਹਿੰਦੀਆਂ ਕਿਸ਼ਤਾਂ ਤੇ ਜਾਰੀ ਕੀਤੀਆਂ ਕਿਸ਼ਤਾਂ ਦੇ ਬਕਾਏ ਮਿੱਟੀ ਘੱਟੇ ਰਲਾ ਦਿੱਤੇ ਗਏ ਹਨ, ਸੋਧਣ ਦੇ ਨਾ ’ਤੇ ਬੰਦ ਕੀਤੇ ਸਮੁੱਚੇ ਭੱਤੇ ਬਹਾਲ ਨਹੀਂ ਕੀਤੇ ਜਾ ਰਹੇ, ਤਨਖਾਹ ਕਮਿਸ਼ਨ ਦੀ ਪੂਰੀ ਰਿਪੋਰਟ ਵੀ ਜਾਰੀ ਨਹੀਂ ਕੀਤੀ ਗਈ, ਸਕੂਲਾਂ ’ਚ ਅਧਿਆਪਕਾਂ ਦੀਆਂ ਤੇ ਸਕੂਲ ਮੁਖੀਆਂ ਦੀਆਂ ਹਜ਼ਾਰਾਂ ਪੋਸਟਾਂ ਖਾਲੀ ਹੋਣ ਦੇ ਬਾਵਜੂਦ ਬੇਰੁਜ਼ਗਾਰ ਅਧਿਆਪਕਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ। ਸਰਕਾਰ ਵੱਲੋਂ ਖਜਾਨਾ ਭਰੇ ਹੋਣ ਦੇ ਦਮਗਜੇ ਮਾਰੇ ਜਾ ਰਹੇ ਹਨ, ਪਰ ਅਧਿਆਪਕਾਂ ਦੇ ਵਿੱਤੀ ਮਸਲੇ ਹੱਲ ਨਹੀਂ ਕੀਤੇ ਜਾ ਰਹੇ, ਬਹੁਗਿਣਤੀ ਅਧਿਆਪਕ ਫਰਵਰੀ ਮਹੀਨੇ ਦੀ ਤਨਖਾਹ ਨੂੰ ਤਰਸ ਰਹੇ ਹਨ। ਇਨ੍ਹਾਂ ਸਮੱਸਿਆਵਾਂ ਦਾ ਹੱਲ ਕਰਨ ਦੀ ਬਜਾਏ ਸੇਵਾ ਨਿਭਾ ਰਹੇ ਅਧਿਆਪਕਾਂ ਦੇ ਸਿਰ ’ਤੇ ਛਾਂਟੀ ਦੀ ਤਲਵਾਰ ਲਟਕਾ ਦਿੱਤੀ ਗਈ ਹੈ। ਇਸ ਪ੍ਰਦਰਸ਼ਨ ਵਿਚ ਮਨੋਜ ਕੁਮਾਰ, ਗੁਰਪ੍ਰੀਤ ਪਸ਼ੋਰੀਆ, ਸੱਤਪਾਲ ਸਿੰਘ, ਕਰਨੈਲ ਸੈਣੀ, ਨਰਿੰਦਰ ਪਾਲ, ਕੁਲਦੀਪ ਸਿੰਘ, ਕੁਲਦੀਪ ਅੜਕਵਾਸ, ਗੁਰਪਿਆਰ ਸਿੰਘ, ਗੁਰਚਰਨ ਸਿੰਘ, ਬੋਰੀਆ ਸਿੰਘ, ਰਾਜ ਸੈਣੀ, ਦਲਜੀਤ ਸਫੀਪੁਰ, ਰਕੇਸ਼ ਕੁਮਾਰ ਆਦਿ ਹਾਜ਼ਰ ਸਨ।