ਸੀਤ ਲਹਿਰ ਤੇ ਸੁੱਕੀ ਠੰਢ ਕਾਰਨ ਜਨ ਜੀਵਨ ਪ੍ਰਭਾਵਿਤ
ਸੀਤ ਲਹਿਰ ਅਤੇ ਸੁੱਕੀ ਪੈ ਰਹੀ ਠੰਡ ਕਾਰਨ ਜਨ ਜੀਵਨ ਪ੍ਰਭਾਵਿਤ
Publish Date: Fri, 09 Jan 2026 05:01 PM (IST)
Updated Date: Sat, 10 Jan 2026 04:01 AM (IST)

ਲੋਕ ਅੰਗੇਠੀਆਂ ਬਾਲ ਕੇ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਕਰ ਰਹੇ ਕੋਸ਼ਿਸ਼ ਹਰਜੀਤ ਸਿੰਘ, ਪੰਜਾਬੀ ਜਾਗਰਣ, ਖਨੌਰੀ : ਪੰਜਾਬ ਵਿਚ ਪੈ ਰਹੀ ਸੁੱਕੀ ਠੰਡ ਨੇ ਜਨ-ਜੀਵਨ ਨੂੰ ਪ੍ਰਭਾਵਿਤ ਕਰਨਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਕੁਝ ਦਿਨਾਂ ਤੋਂ ਤਾਪਮਾਨ ਵਿਚ ਆਈ ਗਿਰਾਵਟ ਕਾਰਨ ਕੜਾਕੇ ਦੀ ਠੰਢ ਮਹਿਸੂਸ ਕੀਤੀ ਜਾ ਰਹੀ ਹੈ। ਖ਼ਾਸ ਕਰਕੇ ਪਿੰਡਾਂ ਤੇ ਛੋਟੇ ਕਸਬਿਆਂ ਵਿਚ ਲੋਕ ਸਰਦੀ ਤੋਂ ਬਚਾਅ ਲਈ ਰਵਾਇਤੀ ਤਰੀਕੇ ਅਪਣਾ ਰਹੇ ਹਨ। ਅਕਸਰ ਗਲੀ, ਮਹੱਲਿਆਂ ਵਿਚ ਛੋਟੇ ਤੇ ਵੱਡੇ ਹਰ ਉਮਰ ਦੇ ਲੋਕ ਗਲੀ-ਮੁਹੱਲਿਆਂ ਵਿਚ ਅੰਗੀਠੀ ਬਾਲ ਕੇ ਉਸਦੇ ਆਲੇ-ਦੁਆਲੇ ਬੈਠੇ ਹੋਏ ਦਿਖਾਈ ਦਿੰਦੇ ਹਨ। ਧੁੱਪ ਨਾ ਨਿਕਲਣ ਤੇ ਹਵਾ ਚੱਲਣ ਕਾਰਨ ਠੰਢ ਬਹੁਤ ਜ਼ਿਆਦਾ ਵਧੀ ਹੋਈ ਹੈ, ਜਿਸ ਤੋਂ ਬਚਣ ਲਈ ਲੋਕ ਅੱਗ ਸੇਕ ਕੇ ਆਪਣੇ ਹੱਥ ਪੈਰ ਗਰਮ ਕਰ ਰਹੇ ਹਨ। ਗਰਮ ਸ਼ਾਲਾਂ, ਲੋਈਆਂ ਤੇ ਸਿਰ ’ਤੇ ਪੱਗ, ਟੋਪੀ, ਮਫਲਰ ਜਾਂ ਕਪੜੇ ਲਪੇਟ ਕੇ ਲੋਕ ਸਰਦੀ ਨਾਲ ਲੜ ਰਹੇ ਹਨ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਦਿਨਾਂ ਵਿਚ ਵੀ ਸੁੱਕੀ ਠੰਢ ਜਾਰੀ ਰਹਿਣ ਦੀ ਸੰਭਾਵਨਾ ਹੈ। ਠੰਢੀ ਹਵਾਵਾਂ ਕਾਰਨ ਬਜ਼ੁਰਗਾਂ ਤੇ ਬੱਚਿਆਂ ਦੀ ਸਿਹਤ ’ਤੇ ਵਧੇਰੇ ਅਸਰ ਪੈ ਸਕਦਾ ਹੈ। ਡਾਕਟਰਾਂ ਵੱਲੋਂ ਲੋਕਾਂ ਨੂੰ ਸਲਾਹ ਦਿੱਤੀ ਜਾ ਰਹੀ ਹੈ ਕਿ ਗਰਮ ਕੱਪੜੇ ਪਹਿਨੇ ਜਾਣ, ਸਵੇਰ-ਸ਼ਾਮ ਠੰਢੀ ਹਵਾ ਤੋਂ ਬਚਿਆ ਜਾਵੇ ਤੇ ਗਰਮ ਪੀਣ ਵਾਲੀਆਂ ਚੀਜ਼ਾਂ ਦੀ ਵਰਤੋਂ ਕੀਤੀ ਜਾਵੇ। ਅੰਗੀਠੀ ਦੇ ਆਲੇ-ਦੁਆਲੇ ਬੈਠ ਕੇ ਗੱਲਾਂ-ਬਾਤਾਂ ਕਰਨਾ ਆਪਸੀ ਮੇਲ-ਮਿਲਾਪ ਦਾ ਰਵਾਇਤੀ ਢੰਗ ਪਿੰਡਾਂ ਵਿੱਚ ਅੰਗੀਠੀ ਦੇ ਆਲੇ-ਦੁਆਲੇ ਬੈਠ ਕੇ ਗੱਲਾਂ-ਬਾਤਾਂ ਕਰਨਾ ਸਿਰਫ਼ ਸਰਦੀ ਤੋਂ ਬਚਾਅ ਦਾ ਹੀ ਸਾਧਨ ਨਹੀਂ, ਸਗੋਂ ਆਪਸੀ ਮੇਲ-ਮਿਲਾਪ ਦਾ ਵੀ ਇਕ ਰਵਾਇਤੀ ਢੰਗ ਹੈ। ਹਾਲਾਂਕਿ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅੱਗ ਸਲਗਾਉਂਦੇ ਸਮੇਂ ਸਾਵਧਾਨੀ ਵਰਤਣ ਅਤੇ ਬੰਦ ਕਮਰਿਆਂ ਵਿੱਚ ਅੰਗੀਠੀ ਨਾ ਜਗਾਉਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਹਾਦਸਿਆਂ ਤੋਂ ਬਚਿਆ ਜਾ ਸਕੇ। ਸਰਦੀ ਦੇ ਇਸ ਮੌਸਮ ਵਿੱਚ ਲੋਕ ਰਵਾਇਤੀ ਤਜਰਬਿਆਂ ਅਤੇ ਸਾਵਧਾਨੀ ਨਾਲ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਦੀ ਕੋਸ਼ਿਸ਼ ਕਰ ਰਹੇ ਹਨ। ਠੰਢ ਤੇ ਧੁੰਦ ਕਾਰਨ ਸੈਰ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ : ਸਿਹਤ ਵਿਭਾਗ ਸਰਦੀ ਤੋਂ ਬਚਾਅ ਲਈ ਸਿਹਤ ਵਿਭਾਗ ਦੀ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ, ਜਿਸ ਵਿੱਚ ਕਿਹਾ ਗਿਆ ਹੈ ਕਿ ਬਜ਼ੁਰਗਾਂ ਤੇ ਦਿਲ ਦੇ ਮਰੀਜ਼ਾਂ ਨੂੰ ਸਵੇਰ ਅਤੇ ਦੇਰ ਸ਼ਾਮ ਦੇ ਸਮੇਂ ਜ਼ਿਆਦਾ ਠੰਢ ਅਤੇ ਧੁੰਦ ਹੋਣ ਕਾਰਨ ਸੈਰ ਜਾਂ ਘਰੋਂ ਬਾਹਰ ਜਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ, ਛੋਟੇ ਬੱਚਿਆਂ ਨੂੰ ਇਸ ਮੌਸਮ ਵਿੱਚ ਨਿਮੂਨੀਆ ਹੋਣ ਦਾ ਜ਼ਿਆਦਾ ਖਤਰਾ ਰਹਿੰਦਾ ਹੈ ਅਤੇ ਠੰਢ ਲੱਗਣ ਨਾਲ ਉਲਟੀ, ਦਸਤ ਵੀ ਲੱਗ ਸਕਦੇ ਹਨ, ਇਸ ਲਈ ਛੋਟੇ ਬੱਚਿਆਂ ਨੂੰ ਪੂਰੀ ਤਰ੍ਹਾਂ ਸਰੀਰ ਢੱਕਣ ਵਾਲੇ ਗਰਮ ਕੱਪੜੇ ਪਾਉਣ ਦੇ ਨਾਲ ਸਿਰ ਤੇ ਟੋਪੀ ਅਤੇ ਹੱਥਾਂ ਪੈਰਾਂ ਚ ਦਸਤਾਨੇ-ਜੁਰਾਬਾਂ ਪਾਈਆਂ ਜਾਣ, ਬੱਚਿਆਂ ਨੂੰ ਨੰਗੇ ਪੈਰੀ ਨਾ ਚੱਲਣ ਦਿੱਤਾ ਜਾਵੇ, ਸਰਦੀ ਦੇ ਮੌਸਮ ਵਿੱਚ ਘਰਾਂ ਵਿਚ ਬੰਦ ਕਮਰੇ ਵਿਚ ਅੰਗੀਠੀ ਨਾ ਬਾਲੀ ਜਾਵੇ ਕਿਉਂਕਿ ਅੱਗ ਬਲਣ ਨਾਲ ਕਾਰਬਨ ਮੋਨੋਆਕਸਾਈਡ ਗੈਸ ਬਣਦੀ ਹੈ ਅਤੇ ਆਕਸੀਜਨ ਦੀ ਕਮੀ ਹੋ ਜਾਂਦੀ ਹੈ ਜੋ ਕਿ ਸਾਡੇ ਲਈ ਜਾਨਲੇਵਾ ਵੀ ਸਾਬਿਤ ਹੈ ਸਕਦੀ ਹੈ, ਸਰਦੀ ਲੱਗਣ ਨਾਲ ਆਮ ਤੌਰ ਤੇ ਜ਼ੁਕਾਮ ਲੱਗ ਸਕਦਾ, ਬੁਖਾਰ ਹੋ ਸਕਦਾ ਜਾਂ ਕੰਬਣੀ ਆਉਣ ਦਾ ਸੰਕੇਤ ਹੋਵੇ ਤਾਂ ਤੁਹਾਡਾ ਸਰੀਰ ਤਾਪਮਾਨ ਗਵਾ ਰਿਹਾ ਹੈ, ਲੰਮਾ ਸਮਾਂ ਜ਼ੁਕਾਮ ਰਹਿਣ ਕਾਰਨ ਜਾਂ ਠੰਢ ਕਾਰਨ ਹੱਥਾਂ/ਪੈਰਾਂ ਦੀਆਂ ਉਂਗਲਾਂ, ਨੱਕ ਜਾਂ ਕੰਨਾਂ ਦੇ ਬਾਹਰਲੇ ਪਾਸੇ ਕਾਲੇ ਛਾਲੇ ਹੋ ਸਕਦੇ ਹਨ। ਅਜਿਹੇ ਹਾਲਤਾਂ ਵਿੱਚ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।