ਪਬਲਿਕ ਕਾਲਜ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਕਰਵਾਇਆ
ਪਬਲਿਕ ਕਾਲਜ 'ਚ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪ੍ਰੋਗਰਾਮ ਦਾ ਆਯੋਜਨ
Publish Date: Mon, 23 Mar 2026 04:47 PM (IST)
Updated Date: Mon, 23 Mar 2026 04:49 PM (IST)

ਭਾਰਤ ਭੂਸ਼ਣ ਗੋਇਲ, ਪੰਜਾਬੀ ਜਾਗਰਣ, ਸਮਾਣਾ : ਪਬਲਿਕ ਕਾਲਜ ਸਮਾਣਾ ਦੇ ਪੰਜਾਬੀ ਵਿਭਾਗ ਵੱਲੋਂ ਪਬਲਿਕ ਕਾਲਜ ਤੇ ਪਬਲਿਕ ਕਾਲਜ ਆਫ਼ ਐਜੂਕੇਸ਼ਨ ਦੇ ਯੁਵਕ ਭਲਾਈ ਵਿਭਾਗ, ਰੈੱਡ ਰਿਬਨ ਕਲੱਬ ਤੇ ਐੱਨਐੱਸਐੱਸ ਵਿਭਾਗ ਤੇ ਵੂਮੈਨ ਐਟੀ ਹੈਰਾਸਮੈਟ ਸੈੱਲ ਦੇ ਸਹਿਯੋਗ ਨਾਲ ਕਾਲਜ ਪ੍ਰਿੰਸੀਪਲ ਡਾ. ਹਰਕੀਰਤ ਸਿੰਘ ਸਿੱਧੂ ਦੀ ਸਰਪ੍ਰਸਤੀ ਹੇਠ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਸੁਖਦੇਵ ਅਤੇ ਰਾਜਗੁਰੂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਇਕ ਪ੍ਰੋਗਰਾਮ ਕਾਲਜ ਕੈਂਪਸ ਵਿਖੇ ਕਰਵਾਇਆ ਗਿਆ। ਇਸ ਦੌਰਾਨ ਸ਼ਹੀਦ ਭਗਤ ਸਿੰਘ, ਸੁਖਦੇਵ ਤੇ ਰਾਜਗੁਰੂ ਦੇ ਜੀਵਨ ਨਾਲ ਸਬੰਧਤ ਵਿਦਿਆਰਥੀਆਂ ਦੇ ਭਾਸ਼ਣ ਤੇ ਕਵਿਤਾਵਾਂ ਦੇ ਮੁਕਾਬਲੇ ਕਰਵਾਏ ਗਏ। ਡਾ. ਅਰਵਿੰਦਰ ਕੌਰ ਕਾਕੜਾ ਨੇ ਸ਼ਹੀਦ ਭਗਤ ਸਿੰਘ ਜੀ ਦੀ ਵਿਚਾਰਧਾਰਾ ਬਾਰੇ ਆਪਣੇ ਵਿਚਾਰ ਰੱਖੇ। ਵਿਦਿਆਰਥਣ ਅਮਨਜੋਤ ਨੇ ਸ਼ਹੀਦ ਭਗਤ ਸਿੰਘ ਬਾਰੇ ਗੀਤ ਗਾ ਕੇ ਸਾਰੇ ਮਾਹੌਲ ਵਿਚ ਇਨਕਲਾਬੀ ਰੰਗ ਭਰ ਦਿੱਤਾ। ਰੈੱਡ ਰਿਬਨ ਕਲੱਬ ਵੱਲੋਂ ਪ੍ਰੋ. ਨਰਿੰਦਰ ਸਿੰਘ ਨੇ ਨਸ਼ਾ ਮੁਕਤੀ ਬਾਰੇ ਵਿਦਿਆਰਥੀਆਂ ਨੂੰ ਸਹੁੰ ਚਕਾਈ। ਇਸ ਦਿਨ ਨੂੰ ਸਮਰਪਿਤ ਕਾਵਿ ਮੁਕਾਬਲਿਆਂ ਵਿਚ ਆਰਤੀ, ਸਾਗਰ ਤੇ ਜਸ਼ਨਦੀਪ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ। ਭਾਸ਼ਣ ਮੁਕਾਬਲੇ ਵਿਚ ਮਨਵੀਰ ਕੌਰ, ਮਨਪ੍ਰੀਤ ਕੌਰ ਅਤੇ ਸੁਖਨੀਤ ਕੌਰ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ। ਇਨ੍ਹਾਂ ਮੁਕਾਬਲਿਆਂ ਲਈ ਜੱਜਮੈਟ ਦੀ ਭੂਮਿਕਾ ਪੰਜਾਬੀ ਵਿਭਾਗ ਤੋਂ ਡਾ. ਇਕਬਾਲ ਸਿੰਘ ਅਤੇ ਡਾ. ਬਲਕਾਰ ਸਿੰਘ ਨੇ ਨਿਭਾਈ। ਵਾਈਸ ਪ੍ਰਿੰਸੀਪਲ ਡਾ. ਹਰਕੀਰਤਨ ਕੌਰ ਨੇ ਜੇਤੂ ਵਿਦਿਆਰਥੀਆਂ ਨੂੰ ਸ਼ਾਬਾਸ਼ੀ ਦਿੱਤੀ। ਇਸ ਮੌਕੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਯੂਥ ਕੋਆਰਡੀਨੇਟਰ ਅਤੇ ਮੁੱਖੀ, ਪੋਲੀਟੀਕਲ ਸਾਇੰਸ ਵਿਭਾਗ, ਪ੍ਰੋ. ਹਰਪ੍ਰੀਤ ਕੌਰ ਨੇ ਸਾਰਿਆਂ ਦਾ ਧੰਨਵਾਦ ਕੀਤਾ। ਸਮੁੱਚੇ ਪ੍ਰੋਗਰਾਮ ਦਾ ਮੰਚ ਸੰਚਾਲਨ ਡਾ. ਮਨਦੀਪ ਕੌਰ, ਪੰਜਾਬੀ ਵਿਭਾਗ ਦੁਆਰਾ ਕੀਤਾ ਗਿਆ। ਇਸ ਸਮਾਗਮ ਵਿੱਚ ਸਮੂਹ ਵਿਭਾਗਾਂ ਦੇ ਪੋ੍ਰਫੈਸਰ ਸਾਹਿਬਾਨ ਨੇ ਸ਼ਿਰਕਤ ਕੀਤੀ।