20 ਕੇਂਦਰਾਂ 'ਤੇ 9890 ਨੇ ਦਿੱਤਾ ਪੀਐੱਸ ਟੈਟ ਟੈਸਟ
20 ਕੇਂਦਰਾਂ 'ਤੇ 9890 ਨੇ ਦਿੱਤਾ ਪੀਐਸ ਟੈਟ ਟੈਸਟ
Publish Date: Sun, 15 Mar 2026 06:54 PM (IST)
Updated Date: Sun, 15 Mar 2026 06:57 PM (IST)

- ਪੇਪਰ 1 ਵਿਚ 510 ਉਮੀਦਵਾਰ ਅਤੇ ਪੇਪਰ 2 ਵਿਚ 301 ਗੈਰਹਾਜ਼ਰ ਰਹੇ ਪੱਤਰ ਪ੍ਰੇਰਕ, •ਪੰਜਾਬੀ ਜਾਗਰਣ,• ਪਟਿਆਲਾ : ਪੰਜਾਬ ਰਾਜ ਅਧਿਆਪਕ ਯੋਗਤਾ ਪ੍ਰੀਖਿਆ (ਪੀਐਸ ਟੈਟ) ਐਤਵਾਰ ਨੂੰ ਜ਼ਿਲ੍ਹੇ ਵਿਚ 20 ਪ੍ਰੀਖਿਆ ਕੇਂਦਰਾਂ ’ਤੇ ਸ਼ਾਂਤੀਪੂਰਵਕ ਢੰਗ ਨਾਲ ਕਰਵਾਈ ਗਈ। ਪੇਪਰ 1 ਲਈ ਰਜਿਸਟਰ ਹੋਏ 7,517 ਉਮੀਦਵਾਰਾਂ ਵਿੱਚੋਂ 7,007 ਪ੍ਰੀਖਿਆ ਬੈਠੇ ਜਦੋਂ ਕਿ 510 ਗੈਰਹਾਜ਼ਰ ਰਹੇ। ਇਸੇ ਤ੍ਰ੍ਹਾਂ ਪੇਪਰ 2 ਲਈ 3,184 ਉਮੀਦਵਾਰਾਂ ਵਿੱਚੋਂ 2,883 ਪ੍ਰੀਖਿਆ ਦੇਣ ਪਹੁੰਚੇ ਤੇ 301 ਗੈਰਹਾਜ਼ਰ ਰਹੇ। ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਪ੍ਰੀਖਿਆ ਕੇਂਦਰਾਂ ਤੇ ਪੁਲਿਸ ਤਾਇਨਾਤ ਕੀਤੀ ਗਈ ਸੀ। ਵਿਦਿਆਰਥੀਆਂ ਅਤੇ ਸਟਾਫ ਤੋਂ ਇਲਾਵਾ ਕਿਸੇ ਨੂੰ ਵੀ ਪ੍ਰੀਖਿਆ ਕੇਂਦਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਇਸ ਤੋਂ ਇਲਾਵਾ ਕਿਸੇ ਵੀ ਵਿਦਿਆਰਥੀ ਨੂੰ ਪ੍ਰੀਖਿਆ ਕੇਂਦਰ ਵਿਚ ਖਾਲੀ ਪੇਪਰ, ਮੋਬਾਈਲ ਫੋਨ, ਕੋਈ ਵੀ ਇਲੈਕਟ੍ਰਾਨਿਕ ਡਿਵਾਈਸ ਜਾਂ ਕੈਲਕੂਲੇਟਰ ਲਿਆਉਣ ਦੀ ਇਜਾਜ਼ਤ ਨਹੀਂ ਸੀ। ਇੱਥੋਂ ਤੱਕ ਕਿ ਪਾਣੀ ਦੀਆਂ ਬੋਤਲਾਂ ਨੂੰ ਵੀ ਪ੍ਰੀਖਿਆ ਕੇਂਦਰਾਂ ਵਿਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਸੀ। ਦੱਸਣਯੋਗ ਹੈ ਕਿ ਪ੍ਰਾਇਮਰੀ ਅਧਿਆਪਕ ਦੇ ਅਹੁਦੇ ਲਈ ਯੋਗਤਾ ਪ੍ਰਾਪਤ ਕਰਨ ਲਈ ਈਈਟੀ ਪਾਸ ਉਮੀਦਵਾਰਾਂ ਨੂੰ ਪੇਪਰ 1 ਪਾਸ ਕਰਨਾ ਲਾਜ਼ਮੀ ਹੈ, ਜਦੋਂ ਕਿ ਬੀ.ਐੱਡ. ਉਮੀਦਵਾਰਾਂ ਨੂੰ ਹਾਈ ਸਕੂਲ ਲਈ ਪੇਪਰ 2 ਪਾਸ ਕਰਨਾ ਲਾਜ਼ਮੀ ਹੈ। ਇਸ ਮੰਤਵ ਲਈ ਜਨਰਲ ਸ਼੍ਰੇਣੀ ਨਾਲ ਸਬੰਧਤ ਉਮੀਦਵਾਰਾਂ ਨੂੰ ਘੱਟੋ-ਘੱਟ 90 ਅੰਕ ਪ੍ਰਾਪਤ ਕਰਨੇ ਚਾਹੀਦੇ ਹਨ, ਅਤੇ ਰਾਖਵੇਂ ਵਰਗ ਦੇ ਉਮੀਦਵਾਰਾਂ ਨੂੰ 82 ਅੰਕ ਪ੍ਰਾਪਤ ਕਰਨੇ ਚਾਹੀਦੇ ਹਨ। ਪ੍ਰੀਖਿਆ ਲਈ ਦੋਹਰੀ ਵੀਡੀਓਗ੍ਰਾਫੀ ਲਾਗੂ ਕੀਤੀ ਗਈ ਸੀ। ਇਸ ਵਿੱਚ ਕੇਂਦਰ ਵਿੱਚ ਦਾਖਲ ਹੋਣ ਤੇ ਰੋਲ ਨੰਬਰ ਵਾਲੀ ਫੋਟੋ ਦੇ ਨਾਲ-ਨਾਲ ਪ੍ਰੀਖਿਆ ਦੌਰਾਨ ਵੀਡੀਓਗ੍ਰਾਫੀ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਪੇਪਰ 2 ਵਿੱਚ ਪ੍ਰਸ਼ਨਾਂ ਦੇ ਉੱਤਰ ਪਹਿਲਾਂ ਹੀ ਬੋਲਡ ਕੀਤੇ ਗਏ ਸਨ, ਜਿਸ ਕਾਰਨ ਇਹ ਪ੍ਰੀਖਿਆ ਵਿਸ਼ੇਸ਼ ਸਾਵਧਾਨੀਆਂ ਨਾਲ ਕਰਵਾਈ ਗਈ ਸੀ। ਡੱਬੀ- ਪ੍ਰੀਖਿਆ ਸ਼ਾਂਤੀਪੂਰਵਕ ਸੰਪੂਰਨ ਹੋਈ - ਡਿਪਟੀ ਡੀਈਓ ਡਿਪਟੀ ਜ਼ਿਲ੍ਹਾ ਸਿੱਖਿਆ ਅਧਿਕਾਰੀ ਰਵਿੰਦਰਪਾਲ ਸ਼ਰਮਾ ਨੇ ਦੱਸਿਆ ਕਿ ਪ੍ਰੀਖਿਆ ਸ਼ਾਂਤੀਪੂਰਵਕ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਈ ਗਈ। ਜ਼ਿਲ੍ਹੇ ਦੇ ਕਿਸੇ ਵੀ ਕੇਂਦਰ ਤੋਂ ਧੋਖਾਧੜੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ।