ਟੈਕਨੀਕਲ ਅਪ੍ਰੈਂਟਿਸਾਂ ਦਾ ਧਰਨਾ 78ਵੇਂ ਦਿਨ ਵੀ ਜਾਰੀ
ਪੀਐਸਪੀਸੀਐਲ ਦੇ ਡਿਪਲੋਮਾ/ਡਿਗਰੀ ਟੈਕਨੀਕਲ ਅਪ੍ਰੈਂਟਿਸਾਂ ਦਾ ਧਰਨਾ 78ਵੇਂ ਦਿਨ ਵਿੱਚ ਦਾਖ਼ਲ
Publish Date: Mon, 16 Mar 2026 08:14 PM (IST)
Updated Date: Mon, 16 Mar 2026 08:16 PM (IST)

ਫੋਟੋ 16ਪੀਟੀਐਲ: 35 ਪੱਤਰ ਪ੍ਰੇਰਕ, ਪੰਜਾਬੀ ਜਾਗਰਣ ਪਟਿਆਲਾ : ਪੰਜਾਬ ਦੀ ਪੜ੍ਹੀ-ਲਿਖੀ ਤਕਨੀਕੀ ਨੌਜਵਾਨੀ ਅੱਜ ਆਪਣੇ ਹੀ ਰਾਜ ਵਿਚ ਰੁਜ਼ਗਾਰ ਲਈ ਸੜਕਾਂ ’ਤੇ ਸੰਘਰਸ਼ ਕਰਨ ਲਈ ਮਜਬੂਰ ਹੋ ਗਈ ਹੈ। ਆਲ ਡਿਪਲੋਮਾ/ਡਿਗਰੀ ਟੈਕਨੀਕਲ ਅਪ੍ਰੈਂਟਿਸ ਐਸੋਸੀਏਸ਼ਨ (ਰਜਿ.) ਦੇ ਬੈਨਰ ਹੇਠ ਪੀਐਸਪੀਸੀਐਲ ਮੁੱਖ ਦਫ਼ਤਰ ਪਟਿਆਲਾ ਅੱਗੇ ਚੱਲ ਰਿਹਾ ਸ਼ਾਂਤਮਈ ਧਰਨਾ ਅੱਜ 78ਵੇਂ ਦਿਨ ਵਿੱਚ ਦਾਖ਼ਲ ਹੋ ਗਿਆ ਹੈ। ਇਹ ਸੰਘਰਸ਼ 29 ਦਸੰਬਰ 2025 ਤੋਂ ਲਗਾਤਾਰ ਜਾਰੀ ਹੈ, ਜਿੱਥੇ ਨੌਜਵਾਨ ਖੁੱਲ੍ਹੇ ਆਸਮਾਨ ਹੇਠ ਫੁਟਪਾਥਾਂ ’ਤੇ ਰਹਿ ਕੇ ਆਪਣੇ ਰੋਜ਼ਗਾਰ ਦੀ ਲੜਾਈ ਲੜ ਰਹੇ ਹਨ। ਅੱਜ ਸੰਘਰਸ਼ਰਤ ਨੌਜਵਾਨਾਂ ਨੇ ਪੀਐਸਪੀਸੀਐਲ ਦੀ ਘਟੀਆ ਮਨੈਜਮੈਂਟ ਅਤੇ ਪੰਜਾਬ ਸਰਕਾਰ ਦੀਆਂ ਨਾਕਾਮ ਨੀਤੀਆਂ ਦੇ ਵਿਰੋਧ ਵਿੱਚ ਪ੍ਰਤੀਕਾਤਮਕ ਤੌਰ ’ਤੇ ਅਰਥੀ ਫੂਕ ਕੇ ਰੋਸ ਪ੍ਰਗਟਾਇਆ। ਉਨ੍ਹਾਂ ਨੇ ਕਿਹਾ ਕਿ ਭਾਰਤ ਸਰਕਾਰ ਦੇ ਕਈ ਕੌਂਸਲਾਂ ਅਤੇ ਅਦਾਰਿਆਂ ਵੱਲੋਂ ਸਮੇਂ-ਸਮੇਂ ’ਤੇ ਅਪ੍ਰੈਂਟਿਸ ਟ੍ਰੇਨੀਆਂ ਦੇ ਹੱਕ ਵਿੱਚ ਹਦਾਇਤਾਂ ਅਤੇ ਸਰਕੂਲਰ ਜਾਰੀ ਕੀਤੇ ਗਏ ਹਨ। ਸੰਘਰਸ਼ ਕਰ ਰਹੇ ਨੌਜਵਾਨਾਂ ਨੇ ਦੁੱਖ ਜਤਾਇਆ ਕਿ ਇੰਨੇ ਲੰਮੇ ਸਮੇਂ ਤੋਂ ਚੱਲ ਰਹੇ ਇਸ ਧਰਨੇ ਦੇ ਬਾਵਜੂਦ ਅਜੇ ਤੱਕ ਸਰਕਾਰ ਦਾ ਕੋਈ ਵਿਧਾਇਕ ਉਨ੍ਹਾਂ ਦੀ ਸਾਰ ਲੈਣ ਨਹੀਂ ਆਇਆ। ਜਦੋਂ ਵੀ ਕਿਸੇ ਵਿਧਾਇਕ ਕੋਲ ਇਹ ਮਸਲਾ ਰੱਖਿਆ ਜਾਂਦਾ ਹੈ ਤਾਂ ਉਹ ਇਹ ਕਹਿ ਕੇ ਪੱਲਾ ਝਾੜ ਲੈਂਦੇ ਹਨ ਕਿ ਉਨ੍ਹਾਂ ਕੋਲ ਇਸ ਮਾਮਲੇ ਵਿੱਚ ਕੋਈ ਅਧਿਕਾਰ ਨਹੀਂ। ਯੂਨੀਅਨ ਨੇ ਮੰਗ ਕੀਤੀ ਕਿ ਇਸ ਗੰਭੀਰ ਮਸਲੇ ਨੂੰ ਪੰਜਾਬ ਵਿਧਾਨ ਸਭਾ ਵਿਚ ਉਠਾਇਆ ਜਾਵੇ ਅਤੇ ਸੰਘਰਸ਼ਰਤ ਅਪ੍ਰੈਂਟਿਸ ਨੌਜਵਾਨਾਂ ਨੂੰ ਪੰਜਾਬ ਸਰਕਾਰ ਨਾਲ ਸਿੱਧੀ ਮੁਲਾਕਾਤ ਦਾ ਸਮਾਂ ਦਿੱਤਾ ਜਾਵੇ, ਤਾਂ ਜੋ ਹਜ਼ਾਰਾਂ ਨੌਜਵਾਨਾਂ ਦੇ ਭਵਿੱਖ ਨੂੰ ਸੁਰੱਖਿਅਤ ਕੀਤਾ ਜਾ ਸਕੇ।