ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਵਲੋਂ ਰੋਸ ਧਰਨਾ 9 ਨੂੰ
ਪੀ.ਆਰ.ਟੀ.ਸੀ. ਵਰਕਰਜ਼ ਐਕਸ਼ਨ ਕਮੇਟੀ ਵਲੋਂ ਵਿਸ਼ਾਲ ਰੋਸ ਧਰਨਾ 9 ਨੂੰ
Publish Date: Mon, 06 Apr 2026 06:33 PM (IST)
Updated Date: Mon, 06 Apr 2026 06:37 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਵਲੋਂ ਵਰਕਰਾਂ ਨੂੰ ਮਾਰਚ ਮਹੀਨੇ ਦੀ ਤਨਖਾਹ ਤੇ ਪੈਨਸ਼ਨ ਦੀ ਅਦਾਇਗੀ ਨਾ ਹੋਣ ਕਾਰਨ 9 ਅਪ੍ਰੈਲ 2026 ਨੂੰ ਪੀਆਰਟੀਸੀ ਦੇ ਮੁੱਖ ਦਫ਼ਤਰ ਪਟਿਆਲਾ ਦੇ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ। ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਤੇ ਮੈਬਰਾਨ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖੱਟੜਾ, ਨਸੀਬ ਚੰਦ, ਤਰਸੇਮ ਸਿੰਘ ਤੇ ਮੁਹੰਮਦ ਖਲੀਲ ਨੇ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਰਾਹੀਂ ਦੱਸਿਆ ਕਿ ਪੰਜਾਬ ਸਰਕਾਰ ਤੋਂ ਮੁਫ਼ਤ ਸਫਰ ਬਦਲੇ 600 ਕਰੋੜ ਤੋਂ ਵੱਧ ਦੀ ਰਕਮ ਲੈਣੀ ਹੈ ਜਿਸ ਵਿਚ ਹਰ ਮਹੀਨੇ 40 ਕਰੋੜ ਦਾ ਵਾਧਾ ਹੋ ਜਾਂਦਾ ਹੈ। ਪਰ ਸਰਕਾਰ ਤਨਖਾਹ, ਪੈਨਸ਼ਨ ਜਾਰੀ ਨਹੀ ਕਰ ਰਹੀ ਹੈ ਜਿਸ ਨਾਲ ਬਹੁਤੇ ਮੁਲਾਜ਼ਮਾਂ ਨੂੰ ਮਕਾਨਾਂ ਲਈ ਚੁੱਕਿਆ ਕਰਜ਼ਾ, ਬੱਚਿਆਂ ਦੀਆਂ ਫੀਸਾਂ, ਬਿਮਾਰੀਆਂ, ਸਮਾਜਿਕ ਜਿੰਮੇਵਾਰੀਆਂ ਅਤੇ ਅੱਤ ਦੀ ਮਹਿੰਗਾਈ ਵਿਚ ਰਸੋਈ ਦਾ ਖਰਚ ਆਦਿ ਦੇ ਸਬੰਧ ਵਿਚ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਸਰਕਾਰ ਨੂੰ ਇਸਦੀ ਕੋਈ ਪ੍ਰਵਾਹ ਨਹੀਂ, ਦੂਸਰੇ ਪਾਸੇ ਸਰਕਾਰ ਵੱਲੋਂ ਹਰ ਤੀਜੇ ਦਿਨ ਸੈਂਕੜੇ ਬੱਸਾਂ ਸਰਕਾਰੀ ਰੈਲੀਆਂ ਲਈ, ਧਾਰਮਿਕ ਯਾਤਰਾਵਾਂ ਲਈ ਭੇਜਣ ਵਾਸਤੇ ਹੁਕਮ ਚਾੜ ਦਿੱਤੇ ਜਾਦੇ ਹਨ। ਜਿਸ ਨਾਲ ਪਬਲਿਕ ਵੀ ਪ੍ਰੇਸ਼ਾਨ ਅਤੇ ਪੀ.ਆਰ.ਟੀ.ਸੀ. ਦਾ ਵੀ ਨੁਕਸਾਨ ਹੋ ਰਿਹਾ ਹੈ। ਇਸ ਸਭ ਕੁੱਝ ਦਾ ਖਮਿਆਜਾ ਵੇਤਨ ਭੋਗੀ ਮੁਲਾਜਮ ਭੁਗਤ ਰਹੇ ਹਨ। ਐਕਸ਼ਨ ਕਮੇਟੀ ਦੇ ਆਗੂਆਂ ਨੇ ਦੱਸਿਆ ਕਿ ਵਰਕਰਾਂ ਦੇ ਤਨਖਾਹਾਂ ਪੈਨਸ਼ਨਾਂ ਤੋਂ ਇਲਾਵਾ 125 ਕਰੋੜ ਰੁਪਏ ਦੇ ਲਗਭਗ ਬਕਾਏ ਪਏ ਹਨ। ਸੇਵਾ ਮੁਕਤ ਕਰਮਚਾਰੀਆਂ ਨੂੰ ਦੋ ਸਾਲ ਤੋਂ ਉਹਨਾਂ ਦੇ ਸੇਵਾਮੁਕਤੀ ਬਕਾਏ ਨਹੀਂ ਦਿੱਤੇ ਜਾ ਰਹੇ। ਵਰਕਰਾਂ ਦੇ ਕਾਨੂੰਨੀ ਬਣਦੇ ਹੱਕ ਵੀ ਨਹੀਂ ਦਿੱਤੇ ਜਾ ਰਹੇ। ਨਵੀਆਂ ਬੱਸਾਂ ਪਾਉਣ ਦੇ ਐਲਾਨ ਸੁਣਦਿਆਂ 4 ਸਾਲ ਬੀਤ ਗਏ ਹਨ। ਪਰ ਨਵੀਂ ਬੱਸ ਇਕ ਵੀ ਨਹੀਂ ਖਰੀਦੀ ਗਈ। ਮੈਨੇਜਮੈਂਟ ਦੇ ਰਵੱਈਏ ਦੇ ਵਿਰੁੱਧ ਰੋਸ ਵਧਦਾ ਜਾ ਰਿਹਾ ਹੈ। ਜਿਸਦਾ ਹੀ ਸਿੱਟਾ ਹੈ ਕਿ ਵਰਕਰਾਂ ਨੂੰ ਹਰ ਮਹੀਨੇ ਦੋ ਦੋ ਵਾਰ ਧਰਨੇ ਮੁਜ਼ਾਹਰੇ ਕਰਨੇ ਪੈਂਦੇ ਹਨ। ਪੀਆਰਟੀਸੀ ਵਿਚ ਚੇਅਰਮੈਨ ਸਮੇਤ ਕਈ ਹੋਰ ਸਿਆਸੀ ਨੇਤਾਵਾਂ ਨੂੰ ਤਾਇਨਾਤ ਕੀਤਾ ਗਿਆ ਹੈ ਪਰ ਉਹ ਵੀ ਵਰਕਰਾਂ ਦੀਆਂ ਸਮੱਸਿਆਵਾਂ ਵੱਲ ਉੱਕਾ ਹੀ ਧਿਆਨ ਨਹੀਂ ਦੇ ਰਹੇ।