ਅਧਿਆਪਕਾਂ ਨੂੰ ਇਨਸਾਫ ਦਵਾਉਣ ਲਈ ਰੋਸ ਪ੍ਰਦਰਸ਼ਨ 6 ਨੂੰ
ਅਧਿਆਪਕਾ ਨੂੰ ਇਨਸਾਫ ਦਵਾਉਣ ਲਈ ਰੋਸ ਪ੍ਰਦਰਸ਼ਨ 6 ਨੂੰ
Publish Date: Sat, 03 Jan 2026 03:57 PM (IST)
Updated Date: Sun, 04 Jan 2026 04:03 AM (IST)
ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਸੰਗਰੂਰ : ਲੰਘੀਆਂ ਬਲਾਕ ਸੰਮਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਚੋਣਾਂ ਸਮੇਂ ਡਿਊਟੀ ਲਈ ਜਾਂਦੇ ਸਮੇਂ 14 ਦਸੰਬਰ ਨੂੰ ਐਕਸੀਡੈਂਟ ਦਾ ਸ਼ਿਕਾਰ ਹੋਈ ਐਸੋਸੀਏਟ ਅਧਿਆਪਕਾ ਰਾਜਵੀਰ ਕੌਰ ਦੀ ਅਜੇ ਤਕ ਪ੍ਰਸ਼ਾਸਨ ਵੱਲੋਂ ਕੋਈ ਸਾਰ ਨਾ ਲੈਣ ’ਤੇ ਉਸਨੂੰ ਇਨਸਾਫ਼ ਦਵਾਉਣ ਲਈ ਜ਼ਿਲ੍ਹੇ ਦੀਆਂ ਅਧਿਆਪਕ ਜਥੇਬੰਦੀਆਂ ਦੀ ਮੀਟਿੰਗ ਹੋਈ।
ਡੀਟੀਐੱਫ ਦੇ ਜ਼ਿਲ੍ਹਾ ਸੰਗਰੂਰ ਪ੍ਰਧਾਨ ਦਾਤਾ ਨਮੋਲ, ਜੀਟੀਯੂ ਦੇ ਸਰਬਜੀਤ ਸਿੰਘ, ਐੱਸਸੀਬੀਸੀ ਅਧਿਆਪਕ ਯੂਨੀਅਨ ਦੇ ਬਲਜੀਤ ਸਿੰਘ, ਕੰਪਿਊਟਰ ਅਧਿਆਪਕ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਨਰਦੀਪ ਸ਼ਰਮਾ, ਡੀਟੀਐੱਫ ਸਬੰਧਿਤ(ਡੀਐੱਮਐੱਫ) ਦੇ ਸੁਖਵਿੰਦਰ ਗਿਰ, ਕਮਲਜੀਤ ਤੇ ਦੀਨਾਨਾਥ ਨੇ ਦੱਸਿਆ ਜਥੇਬੰਦੀਆਂ ਨੇ 16 ਦਸੰਬਰ ਨੂੰ ਇਸ ਸਬੰਧੀ ਡਿਊਟੀ ਤਹਿਸੀਲਦਾਰ ਰਾਹੀਂ ਡੀਸੀ ਸੰਗਰੂਰ ਨੂੰ ਮੰਗ ਪੱਤਰ ਦਿੱਤਾ ਸੀ ਤੇ ਇਸ ’ਤੇ ਕੋਈ ਕਾਰਵਾਈ ਨਾ ਹੋਣ ’ਤੇ 23 ਦਸੰਬਰ ਨੂੰ ਦੁਬਾਰਾ ਡੀਸੀ ਸੰਗਰੂਰ ਨੂੰ ਜਥੇਬੰਦੀਆਂ ਦੇ ਸਾਂਝੇ ਵਫ਼ਦ ਨੇ ਰਾਜਵੀਰ ਕੌਰ ਦੀ ਸਥਿਤੀ ਸਬੰਧੀ ਜਾਣੂੰ ਕਰਵਾਇਆ ਸੀ ਤੇ ਉਸ ਲਈ 20 ਲੱਖ ਰੁਪਏ ਦੇ ਮੁਆਵਜ਼ੇ ਤੇ ਸਿਹਤਯਾਬ ਹੋ ਕੇ ਡਿਊਟੀ ਉੱਤੇ ਪਰਤਣ ਤਕ ਦਾ ਸਮਾਂ ਡਿਊਟੀ ਸਮਾਂ ਮੰਨਣ ਦੀ ਮੰਗ ਕੀਤੀ ਸੀ ਪਰ ਅਜੇ ਤਕ ਉਸ ਦੀ ਕਿਸੇ ਨੇ ਕੋਈ ਸਾਰ ਨਹੀਂ ਲਈ। ਇਸ ਲਈ ਜਥੇਬੰਦੀਆਂ ਨੇ ਮੀਟਿੰਗ ਕਰ ਕੇ ਫੈਸਲਾ ਕੀਤਾ ਹੈ ਕਿ ਰਾਜਵੀਰ ਨੂੰ ਇਨਸਾਫ਼ ਦਵਾਉਣ ਲਈ 6 ਜਨਵਰੀ ਨੂੰ ਡੀਸੀ ਦਫ਼ਤਰ ਸੰਗਰੂਰ ਵਿਖੇ ਸਾਂਝਾ ਰੋਸ ਮੁਜ਼ਾਹਰਾ ਕੀਤਾ ਜਾਵੇਗਾ।