ਮਲੌਦ ਦੀ ਰਿਹਾਈ ਲਈ ਸੀ.ਐਮ ਦੀ ਕੋਠੀ ਅੱਗੇ ਧਰਨਾ 27 ਨੂੰ
ਮਲੌਦ ਦੀ ਰਿਹਾਈ ਲਈ ਸੀ.ਐਮ ਦੀ ਕੋਠੀ ਅੱਗੇ ਧਰਨਾ 27 ਨੂੰ
Publish Date: Mon, 19 Jan 2026 07:11 PM (IST)
Updated Date: Tue, 20 Jan 2026 04:15 AM (IST)

ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਵੱਲੋਂ ਪਿੰਡ ਬਾਲਦ ਕਲਾਂ ਚ ਰੋਹ ਭਰਪੂਰ ਰੈਲੀ ਕੀਤੀ ਗਈ। ਜਿਸ ਨੂੰ ਸੰਬੋਧਨ ਕਰਦਿਆਂ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਆਗੂ ਚਰਨ ਸਿੰਘ ਅਤੇ ਗੁਰਚਰਨ ਸਿੰਘ ਘਰਾਚੋਂ ਨੇ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ ਵੱਲੋਂ ਮਨਰੇਗਾ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਤੇ ਦੂਜੇ ਪਾਸੇ ਸੂਬਾ ਸਰਕਾਰ ਪੰਜਾਬ ਚ ਮਨਰੇਗਾ ਸਮੇਤ ਜ਼ਮੀਨ ਅਤੇ ਹੋਰ ਹੱਕੀ ਮੰਗਾ ਲਈ ਸੰਘਰਸ਼ ਕਰ ਰਹੇ ਦਲਿਤ ਮਜ਼ਦੂਰਾਂ ਦੇ ਸੰਘਰਸ਼ ਨੂੰ ਖ਼ਤਮ ਕਰਨ ਦੇ ਰਾਹ ਪਈ ਹੋਈ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਇਸ ਸਮੇ ਭਾਜਪਾ ਦੀ ਬੀ ਟੀਮ ਬਣ ਕੇ ਵਿਚਰ ਰਹੀ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਚਾਰ ਸਾਲ ਲੰਘਣ ਦੇ ਬਾਵਜੂਦ ਦਲਿਤ ਮਜ਼ਦੂਰਾਂ ਦੀ ਇੱਕ ਵੀ ਮੰਗ ਪੂਰੀ ਨਹੀਂ ਕੀਤੀ ਜਦੋਂ ਕਿ ਇਸ ਦੇ ਉਲਟ ਆਗੂਆਂ ਨੂੰ ਚੱਕ ਕੇ ਜੇਲਾਂ ਵਿੱਚ ਬੰਦ ਕੀਤਾ ਜਾ ਰਿਹਾ ਜਿਸ ਦੀ ਤਾਜ਼ਾ ਉਦਾਹਰਨ ਮੁਕੇਸ਼ ਮਲੌਦ ਨੂੰ 2014 ਦੇ ਬਾਲਦ ਕਲਾ ਕੇਸ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਸਰਕਾਰ ਦੇ ਇਸ ਲੋਕ ਤੇ ਦਲਿਤ ਵਿਰੋਧੀ ਕਾਰੇ ਨੂੰ ਪੰਜਾਬ ਦੇ ਕਿਰਤੀ ਲੋਕ ਹਰਗਿਜ ਬਰਦਾਸ਼ਤ ਨਹੀਂ ਕਰਨਗੇ ਅਤੇ 27 ਜਨਵਰੀ ਨੂੰ ਵੱਡੀ ਗਿਣਤੀ ਵਿਚ ਲੋਕ ਮੁੱਖ ਮੰਤਰੀ ਦੀ ਕੋਠੀ ਅੱਗੇ ਲੱਗ ਰਹੇ ਧਰਨੇ ਚ ਪਹੁੰਚ ਕੇ ਆਪਣੀ ਹੋਂਦ ਦਾ ਪ੍ਰਗਟਾਵਾ ਕਰਨਗੇ, ਆਪਣੀਆ ਹੱਕੀ ਮੰਗਾ ਨੂੰ ਉਭਾਰਨਗੇ ਅਤੇ ਜ਼ਮੀਨ, ਰੁਜਗਾਰ ਦੇ ਸਵਾਲ ਨੂੰ ਅੱਗੇ ਲੈ ਕੇ ਜਾਣਗੇ। ਇਸ ਮੌਕੇ ਔਰਤ ਵਿੰਗ ਦੇ ਜ਼ਿਲ੍ਹਾ ਆਗੂ ਪਰਮਜੀਤ ਕੌਰ ਸਮੇਤ ਵੱਡੀ ਗਿਣਤੀ ਚ ਔਰਤਾਂ ਸ਼ਾਮਿਲ ਸਨ।