ਡਿੰਪਲ ਖੱਤਰੀ ਕਤਲ ਮਾਮਲਾ : ਬਾਬਾ ਰਾਮਦੇਵ ਚੌਕ ’ਚ ਰੋਸ ਧਰਨਾ
ਡਿੰਪਲ ਖੱਤਰੀ ਕਤਲ ਮਾਮਲਾ : ਬਾਬਾ ਰਾਮਦੇਵ ਚੌਂਕ ’ਚ ਵਿਸ਼ਾ ਰੋਸ ਧਰਨਾ
Publish Date: Mon, 08 Jun 2026 05:17 PM (IST)
Updated Date: Mon, 08 Jun 2026 05:20 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪਟਿਆਲਾ ਦੇ ਬਾਬਾ ਰਾਮਦੇਵ ਚੌਕ, ਤੋਪਖਾਨਾ ਮੋੜ ਵਿਖੇ ਸੋਮਵਾਰ ਨੂੰ ਬੇਟੀ ਡਿੰਪਲ ਖੱਤਰੀ ਦੇ ਮੋਹਾਲੀ ਵਿਖੇ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਵਿਰੋਧ ਵਿਚ ਇਕ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਰੋਸ ਪ੍ਰਦਰਸ਼ਨ ਵਿਚ ਪਟਿਆਲਾ ਜੀਨਗਰ ਸਮਾਜ ਦੇ ਵੱਡੀ ਗਿਣਤੀ ਲੋਕਾਂ ਨੇ ਆਪਣੇ ਪਰਿਵਾਰਾਂ ਸਮੇਤ ਸ਼ਮੂਲੀਅਤ ਕੀਤੀ। ਇਸ ਦੌਰਾਨ ਪੂਰੇ ਇਲਾਕੇ ਵਿਚ ਗ਼ਮ ਅਤੇ ਗੁੱਸੇ ਦੀ ਲਹਿਰ ਦੇਖਣ ਨੂੰ ਮਿਲੀ। ਧਰਨੇ ਦੌਰਾਨ ਇਕੱਠੇ ਹੋਏ ਲੋਕਾਂ ਨੇ ਹੱਥਾਂ ਵਿਚ ਤਖ਼ਤੀਆਂ ਫੜੀਆਂ ਹੋਈਆਂ ਸਨ, ਜਿਨ੍ਹਾਂ ਤੇ ‘ਡਿੰਪਲ ਨੂੰ ਇਨਸਾਫ਼ ਦਿਓ’ ਤੇ ‘ਦੋਸ਼ੀ ਨੂੰ ਫਾਂਸੀ ਦਿਓ’ ਦੇ ਨਾਅਰੇ ਲਿਖੇ ਹੋਏ ਸਨ। ਇਸ ਰੋਸ ਧਰਨੇ ਵਿਚ ਨਾ ਸਿਰਫ਼ ਪਟਿਆਲਾ ਬਲਕਿ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਤੋਂ ਸਮਾਜ ਦੇ ਪਤਵੰਤੇ ਸੱਜਣ, ਸਮਾਜਿਕ ਕਾਰਕੁਨ, ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦੇ ਅਤੇ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਵਿਸ਼ੇਸ਼ ਤੌਰ ਤੇ ਪਹੁੰਚੇ। ਸਾਰਿਆਂ ਨੇ ਮਿਲ ਕੇ ਮ੍ਰਿਤਕ ਡਿੰਪਲ ਖੱਤਰੀ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਅਤੇ ਪੀੜਤ ਪਰਿਵਾਰ ਨਾਲ ਡੂੰਘੀ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਇਸ ਦੁੱਖ ਦੀ ਘੜੀ ਵਿਚ ਉਨ੍ਹਾਂ ਨਾਲ ਚੱਟਾਨ ਵਾਂਗ ਖੜ੍ਹਨ ਦਾ ਭਰੋਸਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਅੱਜ ਹਰ ਮਾਤਾ-ਪਿਤਾ ਦੇ ਮਨ ਵਿੱਚ ਇੱਕੋ ਹੀ ਸਵਾਲ ਖੜ੍ਹਾ ਹੈ ਕਿ ਜੇਕਰ ਪੜ੍ਹੀਆਂ-ਲਿਖੀਆਂ, ਮਿਹਨਤੀ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਘਰੋਂ ਬਾਹਰ ਨਿਕਲਣ ਵਾਲੀਆਂ ਧੀਆਂ ਵੀ ਸੁਰੱਖਿਅਤ ਨਹੀਂ ਹਨ, ਤਾਂ ਸਾਡਾ ਸਮਾਜ ਕਿਸ ਦਿਸ਼ਾ ਵੱਲ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਡਿੰਪਲ ਖੱਤਰੀ ਦਾ ਕਤਲ ਸਿਰਫ਼ ਇੱਕ ਪਰਿਵਾਰ ਦੀ ਧੀ ਦਾ ਕਤਲ ਨਹੀਂ ਹੈ, ਸਗੋਂ ਇਹ ਸਮਾਜ ਦੀ ਹਰ ਬੇਟੀ ਦੀ ਸੁਰੱਖਿਆ ਤੇ ਇੱਕ ਬਹੁਤ ਵੱਡਾ ਪ੍ਰਸ਼ਨਚਿੰਨ੍ਹ ਹੈ। ਅਜਿਹੀਆਂ ਘਟਨਾਵਾਂ ਧੀਆਂ ਨੂੰ ਅੱਗੇ ਵਧਣ ਤੋਂ ਰੋਕਦੀਆਂ ਹਨ ਅਤੇ ਪਰਿਵਾਰਾਂ ’ਚ ਦਹਿਸ਼ਤ ਦਾ ਮਾਹੌਲ ਪੈਦਾ ਕਰਦੀਆਂ ਹਨ। ਰਾਜਨੀਤਿਕ ਸਮਾਜਿਕ ਆਗੂਆਂ ਅਤੇ ਪੀੜਤ ਪਰਿਵਾਰ ਨੇ ਪੰਜਾਬ ਸਰਕਾਰ, ਸਥਾਨਕ ਪ੍ਰਸ਼ਾਸਨ ਅਤੇ ਸਬੰਧਤ ਜਾਂਚ ਏਜੰਸੀਆਂ ਤੋਂ ਮੰਗ ਕੀਤੀ ਹੈ ਕਿ ਇਸ ਪੂਰੇ ਮਾਮਲੇ ਦੀ ਨਿਰਪੱਖ ਅਤੇ ਤੇਜ਼ੀ ਨਾਲ ਜਾਂਚ ਕੀਤੀ ਜਾਵੇ। ਮਾਮਲੇ ਦੀ ਸੁਣਵਾਈ ਫਾਸਟ ਟਰੈਕ ਅਦਾਲਤ ਵਿਚ ਕਰਵਾ ਕੇ ਮੁਲਜ਼ਮ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਦਿੱਤੀ ਜਾਵੇ। ਬੁਲਾਰਿਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਅੱਜ ਡਿੰਪਲ ਨੂੰ ਇਨਸਾਫ਼ ਨਾ ਮਿਲਿਆ, ਤਾਂ ਇਸ ਨਾਲ ਸਮਾਜ ਵਿਚ ਬਹੁਤ ਗਲਤ ਸੁਨੇਹਾ ਜਾਵੇਗਾ, ਅਪਰਾਧੀਆਂ ਦੇ ਹੌਸਲੇ ਬੁਲੰਦ ਹੋਣਗੇ ਅਤੇ ਆਮ ਲੋਕਾਂ ਦਾ ਕਾਨੂੰਨ ਤੇ ਵਿਵਸਥਾ ਤੋਂ ਵਿਸ਼ਵਾਸ ਪੂਰੀ ਤਰ੍ਹਾਂ ਉੱਠ ਜਾਵੇਗਾ।