ਵਿਦਿਆਰਥੀ ਮੰਗਾਂ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਗੇਟ ਕੀਤਾ ਬੰਦ
ਵਿਦਿਆਰਥੀ ਮੰਗਾਂ ਨੂੰ ਲੈ ਕੇ ਪੰਜਾਬੀ ਯੂਨੀਵਰਸਿਟੀ ਦਾ ਮੁੱਖ ਗੇਟ ਕੀਤਾ ਬੰਦ
Publish Date: Wed, 18 Mar 2026 04:33 PM (IST)
Updated Date: Wed, 18 Mar 2026 04:37 PM (IST)

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਪਟਿਆਲਾ : ਪੰਜਾਬੀ ਯੂਨੀਵਰਸਿਟੀ ਵਿਚ ਵਿਦਿਆਰਥੀ ਮੰਗਾਂ ਨੂੰ ਲੈ ਕੇ ਚੱਲ ਰਿਹਾ ਵਿਵਾਦ ਉਸ ਸਮੇਂ ਹੋਰ ਭਖ ਗਿਆ, ਜਦੋਂ ਸਟੂਡੈਂਟਸ ਆਰਗੇਨਾਈਜੇਸ਼ ਆਫ ਇੰਡੀਆ ‘ਸੋਈ’ ਵੱਲੋਂ ਯੂਨੀਵਰਸਿਟੀ ਦਾ ਮੁੱਖ ਗੇਟ ਬੰਦ ਕਰਕੇ ਪ੍ਰਸ਼ਾਸਨ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਇਸ ਪ੍ਰਦਰਸ਼ਨ ਕਾਰਨ ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਆਉਣ-ਜਾਣ ਵਾਲੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ। ਧਰਨੇ ਤੋਂ ਕਰੀਬ ਦੋ ਘੰਟੇ ਬਾਅਦ ਵਿਦਿਆਰਥੀ ਆਗੂਆਂ ਦੀ ਯੂਨੀਵਰਸਿਟੀ ਰਜਿਸਟਰ, ਡੀਨ ਅਕਾਦਿਮਕ ਤੇ ਹੋਰ ਅਧਿਕਾਰੀਆਂ ਨਾਲ ਮੀਟਿੰਗ ਹੋਈ। ਜਿਸ ਵਿਚ ਕਈ ਮੰਗਾਂ ’ਛੇ ਸਹਿਮਤੀ ਬਣੀ ਅਤੇ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ। ਇਹ ਰੋਸ ਪ੍ਰਦਰਸ਼ਨ ‘ਸੋਈ’ ਪੰਜਾਬੀ ਯੂਨੀਵਰਸਿਟੀ ਇਕਾਈ ਦੇ ਪ੍ਰਧਾਨ ਹੁਸ਼ਨਦੀਪ ਸਿੰਘ ਚਹਿਲ ਦੀ ਅਗਵਾਈ ਹੇਠ ਕੀਤਾ ਗਿਆ, ਜਿਸ ਵਿੱਚ ਜਥੇਬੰਦੀ ਦੇ ਕੌਮੀ ਸਕੱਤਰ ਜਨਰਲ ਮਨਵਿੰਦਰ ਸਿੰਘ ਵੜੈਚ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੁਸ਼ਨਦੀਪ ਚਹਿਲ ਨੇ ਦੱਸਿਆ ਕਿ ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੀਆਂ ਜਾਇਜ਼ ਮੰਗਾਂ ਨੂੰ ਲਗਾਤਾਰ ਅਣਗੌਲਿਆ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਡੀਨ ਅਕਾਦਮਿਕ ਮਾਮਲੇ ਨਾਲ ਕਈ ਵਾਰ ਮੁਲਾਕਾਤ ਕਰਨ ਦੇ ਬਾਵਜੂਦ ਵੀ ਪੁਸਤਕ ਮੇਲੇ ਸਬੰਧੀ ਕੋਈ ਕਾਰਵਾਈ ਨਹੀਂ ਹੋਈ। ਵਿਦਿਆਰਥੀ ਆਗੂਆਂ ਨੇ ਦੱਸਿਆ ਕਿ ਹਰ ਸਾਲ ਫਰਵਰੀ ਵਿਚ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਲੱਗਣ ਵਾਲਾ ਪੁਸਤਕ ਮੇਲਾ ਮਾਰਚ ਅੱਧ ਤੱਕ ਵੀ ਨਹੀਂ ਲਗਾਇਆ ਗਿਆ। ਵਿਦਿਆਰਥੀਆਂ ਨੇ ਮੰਗ ਕੀਤੀ ਕਿ ਬਿਨਾਂ ਨਵੇਂ ਟੈਂਡਰ ਕੱਢੇ ਕੰਟੀਨਾਂ ਤੇ ਵਧਾਏ ਗਏ ਰੇਟ ਤੁਰੰਤ ਵਾਪਸ ਲਏ ਜਾਣ ਅਤੇ ਬੰਦ ਪਈਆਂ ਕੰਟੀਨਾਂ ਦੇ ਨਵੇਂ ਸਿਰੇ ਤੋਂ ਟੈਂਡਰ ਕੱਢ ਕੇ ਉਨ੍ਹਾਂ ਨੂੰ ਚਾਲੂ ਕੀਤਾ ਜਾਵੇ। ਵਿਦਿਆਰਥੀ ਐਕਟੀਵਿਟੀ ਫੰਡ ਵਜੋਂ ਇਕੱਠੀ ਕੀਤੀ ਗਈ ਮੋਟੀ ਰਕਮ ਦਾ ਪੂਰਾ ਵੇਰਵਾ ਜਨਤਕ ਕੀਤਾ ਜਾਵੇ। ਨਤੀਜਿਆਂ ਦੇ ਪ੍ਰਮਾਣ ਪੱਤਰ ਛਾਪਣ ਲਈ ਲੋੜੀਂਦੇ ਸਮਾਨ ਦੀ ਖਰੀਦ ਨਾ ਹੋਣ ਕਾਰਨ ਨਤੀਜੇ ਲਟਕ ਰਹੇ ਹਨ। ਪੁਨਰ ਮੁਲਾਂਕਣ ਦੀ ਪ੍ਰਕਿਰਿਆ ਵੀ ਬਹੁਤ ਸੁਸਤ ਹੈ। ਵਿਦਿਆਰੀ ਆਗੂਆਂ ਨੇ ਕਿਹਾ ਕਿ ਯੂਨੀਵਰਸਿਟੀ ਡਿਸਪੈਂਸਰੀ ਵਿੱਚ ਦਵਾਈਆਂ ਦੀ ਭਾਰੀ ਘਾਟ ਹੈ, ਜਿਸ ਨੂੰ ਤੁਰੰਤ ਪੂਰਾ ਕੀਤਾ ਜਾਵੇ। ਵਾਈਸ ਪ੍ਰਧਾਨ ਹਰਵਿੰਦਰ ਸਿੰਘ ਸਿੱਧੂ ਬੱਜੋਆਣਾ ਅਤੇ ਮੁਹੰਮਦ ਆਸਿਫ ਨੇ ਚੇਤਾਵਨੀ ਦਿੱਤੀ ਕਿ ਜੇਕਰ ਅੱਜ ਦੀ ਮੀਟਿੰਗ ਵਿੱਚ ਵਿਚਾਰੀਆਂ ਗਈਆਂ ਮੰਗਾਂ ਨੂੰ ਜਲਦ ਅਮਲੀ ਜਾਮਾ ਨਾ ਪਹਿਨਾਇਆ ਗਿਆ, ਤਾਂ ਅਗਲੇ ਹਫ਼ਤੇ ਤੋਂ ਯੂਨੀਵਰਸਿਟੀ ਦੇ ਗੇਟ ਪੱਕੇ ਤੌਰ ਤੇ ਬੰਦ ਕਰ ਦਿੱਤੇ ਜਾਣਗੇ। ਇਸ ਮੌਕੇ ਲਾਲਜੀਤ ਸਿੰਘ, ਗੁਰਸਾਜਣ ਸਿੰਘ, ਸਾਹਿਲ, ਅਮਰਿੰਦਰ ਸਿੰਘ, ਗੁਰਦੀਪ ਸਿੰਘ, ਗਗਨਦੀਪ ਸਿੰਘ, ਹਰਸ਼ ਚੌਹਾਨ, ਮਨਪ੍ਰੀਤ ਸਿੰਘ, ਦਮਨ, ਕੇਸ਼ਵ, ਮਨਪ੍ਰੀਤ ਸਿੰਘ ਧਾਲੀਵਾਲ, ਕੁਸ਼ਦੀਪ ਸਿੰਘ ਅਤੇ ਪ੍ਰਿੰਸ ਸ਼ੇਰਗਿੱਲ ਸਮੇਤ ਵੱਡੀ ਗਿਣਤੀ ਵਿਚ ਵਿਦਿਆਰਥੀ ਹਾਜ਼ਰ ਸਨ।