ਪਾਵਰਕਾਮ ਦੇ ਮੁੱਖ ਗੇਟ ਅੱਗੇ ਪੰਜ ਨੌਜਵਾਨਾਂ ਨੇ ਕੀਤੀ ਭੁੱਖ ਹੜਤਾਲ ਸ਼ੁਰੂ
ਪਾਵਰਕਾਮ ਦੇ ਮੁੱਖ ਗੇਟ ਅੱਗੇ ਪੰਜ ਨੌਜਵਾਨਾਂ ਨੇ ਕੀਤੀ ਭੁੱਖ ਹੜਤਾਲ ਸੁਰੂ
Publish Date: Wed, 15 Apr 2026 06:43 PM (IST)
Updated Date: Wed, 15 Apr 2026 06:48 PM (IST)

ਅਪ੍ਰੈਂਟਿਸਸ਼ਿਪ ਸ਼ਰਤ ਖਤਮ ਕਰਨ ਤੋਂ ਭੜਕੇ ਸਿੱਖਿਆਰਥੀ, ਲਾਇਆ ਪੱਕਾ ਧਰਨਾ -ਬਾਜ਼ਾਰਾਂ ’ਚ ਕੀਤਾ ਰੋਸ ਮਾਰਚ ਫੋਟੋ 15ਪੀਟੀਐੱਲ- - 36 ਤੇ 37 ਸਟਾਫ ਰਿਪੋਰਟਰ•, ਪੰਜਾਬੀ ਜਾਗਰਣ, •ਪਟਿਆਲਾ : ਪੰਜਾਬ ਸਰਕਾਰ ਵੱਲੋਂ ਪੀਐੱਸਪੀਸੀਐੱਲ ਤੇ ਪੀਐੱਸਟੀਸੀਐੱਲ ਵਿਚ ਲਿਆਏ ਗਏ ਇਸ ਸੋਧ ਬਿੱਲ ਵਿਚ ਅਪ੍ਰੈਂਟਿਸਸ਼ਿਪ ਲਾਜ਼ਮੀ ਨੂੰ ਖਤਮ ਕਰਕੇ ਸਿੱਧੀ ਭਰਤੀ ਕਰਨ ਲਈ ਦਾ ਅਪ੍ਰੈਂਟਿਸਸ਼ਿਪ ਕਰ ਰਹੇ 2600 ਸਿਖਿਆਰਥੀਆਂ ਵੱਲੋਂ ਵਿਰੋਧ ਕਰਦਿਆਂ ਪਿਛਲੇ ਦਿਨਾਂ ਤੋਂ ਪਾਵਰਕਾਮ ਦੇ ਮੁੱਖ ਦਫਤਰ ਅੱਗੇ ਲਗਾਇਆ ਧਰਨਾ ਬੁੱਧਵਾਰ ਨੂੰ ਵੀ ਜਾਰੀ ਰਿਹਾ, ਜਿਸ ਦੌਰਾਨ ਸੰਘਰਸ਼ ਕਰ ਰਹੇ ਨੌਜਵਾਨਾਂ ’ਚੋਂ ਪੰਜ ਨੌਜਵਾਨ ਭੁੱਖ ਹੜਤਾਲ ’ਤੇ ਬੈਠ ਗਏ ਅਤੇ ਬਾਕੀ ਸਾਥੀਆਂ ਵੱਲੋਂ ਉਨ੍ਹਾਂ ਦੀ ਹਮਾਇਤ ’ਚ ਸ਼ਹਿਰ ਦੇ ਬਾਜ਼ਾਰਾਂ ’ਚ ਰੋਸ ਮਾਰਚ ਕੀਤਾ ਗਿਆ। 2600 ਅਪਰੈਂਟਸ਼ਿਪ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਜਲਾਲਾਬਾਦ ਨੇ ਦੱਸਿਆ ਕਿ ਬਿਜਲੀ ਨਿਗਮ ਦੁਆਰਾ ਜੋਂ ਬਿਲ ਲਿਆਂਦਾ ਗਿਆ ਹੈ ਉਸ ਵਿਚ ਆਈਟੀਆਈ ਪਾਸ ਨੂੰ ਸਿੱਧਾ ਸਹਾਇਕ ਲਾਈਨਮੈਨ ਭਰਤੀ ਕਰਨ ਉਪਰੰਤ 6 ਮਹੀਨੇ ਦੀ ਆਨ ਜੌਬ ਟ੍ਰੇਨਿੰਗ ਦਿੱਤੀ ਜਾਵੇਗੀ ਪਰ ਯੂਨੀਅਨ ਵੱਲੋ ਕਿਹਾ ਗਿਆ ਕਿ ਅਸੀਂ ਇਨਾਂ ਸਾਰੀਆ ਸ਼ਰਤਾ ਨੂੰ ਪੂਰਾ ਕਰਦੇ ਹਾਂ ਕਿਉੰਕਿ ਅਸੀਂ ਲਿਖਤੀ ਪੇਪਰ ਪਾਸ ਕਰਕੇ ਅਤੇ ਮੈਡੀਕਲ ਕਰਵਾਉਣ ਬਾਅਦ ਹੁਣ ਕਰੀਬ ਸਾਢੇ ਚਾਰ ਮਹੀਨੇ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਤੇ ਸਾਨੂੰ ਛੇ ਮਹੀਨੇ ਦੀ ਟ੍ਰੇਨਿੰਗ ਕਰਨ ਉਪਰੰਤ ਮਹਿਕਮੇ ਵਿਚ ਪਹਿਲ ਦੇ ਆਧਾਰ ’ਤੇ ਸਹਾਇਕ ਲਾਈਨਮੈਨ ਰੈਗੂਲਰ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਲੁਧਿਆਣਾ ਵਿਖੇ ਵਿਭਾਗ ਦੇ ਆਈਏ ਆਰ ਰਣਵੀਰ ਸਿੰਘ ਨਾਲ ਮੁਲਾਕਾਤ ਕਰਕੇ ਮੰਗ ਪੱਤਰ ਦਿੱਤਾ ਸੀ ਤੇ ਦੱਸਿਆ ਗਿਆ ਸੀ ਕਿ 2600 ਅਪ੍ਰੈਂਟਿਸਸ਼ਿਪ ਭਰਤੀ ਬਾਰੇ ਵਿਚਾਰ ਚਰਚਾ ਚਲ ਰਹੀ ਹੈ। ਉਨ੍ਹਾਂ ਦੱਸਿਆ ਕਿ 7 ਅਪ੍ਰੈਲ ਨੂੰ ਪਾਵਰਕਾਮ ਦੇ ਸੀਐਮਡੀ ਤੇ ਹੋਰ ਉੱਚ ਅਧਿਕਾਰੀਆਂ ਨਾਲ ਬੈਠਕ ਦਾ ਸਮਾਂ ਦਿੱਤਾ ਗਿਆ ਸੀ ਪਰ ਇਸ ਬੈਠਕ ਵਿੱਚ ਕੋਈ ਹੱਲ ਨਹੀਂ ਕੱਢਿਆ ਗਿਆ। ਉਨ੍ਹਾਂ ਆਖਿਆ ਕਿ 9 ਅਪ੍ਰੈਲ ਤੋਂ ਇਥੇ ਪੱਕਾ ਮੋਰਚਾ ਲਗਾਇਆ ਗਿਆ ਹੈ, ਜਿਸ ਦੌਰਾਨ ਬਿਜਲੀ ਮੰਤਰੀ ਸੰਜੀਵ ਅਰੌੜਾ ਤੇ ਸੀਐਮਡੀ ਨਾਲ ਵੀ ਬੈਠਕ ਹੋ ਚੁੱਕੀ ਹੈ ਪਰ ਕੋਈ ਸ਼ਿੱਟਾ ਨਹੀਂ ਨਿਕਲਿਆ, ਜਿਸ ਕਾਰਨ ਸੰਘਰਸ਼ ਹੋਰ ਤਿੱਖਾ ਕਰਨਾ ਪਿਆ ਹੈ। ਯੂਨੀਅਨ ਵਲੋ ਇਹ ਵੀ ਆਖਿਆ ਗਿਆ ਕਿ ਜੇਕਰ ਸਾਡੀ ਮੰਗ ਨੂੰ ਜਲਦੀ ਪੂਰਾ ਨਹੀਂ ਕੀਤਾ ਗਿਆ ਤਾਂ ਅਸੀਂ ਜਲਦੀ ਹੀ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਾਗੇ। ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ, ਸਕੱਤਰ ਫਤਿਹ ਸਿੰਘ, ਪ੍ਰਬਧਕ ਵਿਜੈ ਕੁਮਾਰ, ਜਤਿੰਦਰ ਸਿੰਘ ਸੰਧੂ,ਮਨਪ੍ਰੀਤ,ਰਾਜਨ ਕੰਬੋਜ,ਰਾਜ ਸਿੰਘ,ਸਤਨਾਮ ਸਿੰਘ ਅਤੇ ਹੋਰਨਾ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। - ਠੇਕਾ ਮੁਲਾਜ਼ਮ ਦਾ ਧਰਨਾ ਵੀ ਜਾਰੀ ਪਾਵਰ ਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਪਾਵਰਕਾਮ ਮਨੇਜਮੈਂਟ ਅਤੇ ਪੰਜਾਬ ਸਰਕਾਰ ਵਿਰੁੱਧ ਪਰਿਵਾਰਾਂ ਸਮੇਤ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਧਰਨਾ ਬੁੱਧਵਾਰ ਨੂੰ ਵੀ ਧਰਨਾ ਜਾਰੀ ਰਿਹਾ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਜਨਰਲ ਸਕੱਤਰ ਰਾਜੇਸ਼ ਕੁਮਾਰ ਸਹਾਇਕ ਸਕੱਤਰ ਟੇਕ ਚੰਦ ਨੇ ਦੱਸਿਆ ਕਿ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਜਿਵੇਂ ਕਿ ਆਊਟਸੋਰਸਿੰਗ ਠੇਕਾ ਕਾਮਿਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕਰਨ, ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ 1948 ਐਕਟ ਮੁਤਾਬਕ ਲਾਗੂ ਕਰਨ, ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਦੇ ਮੂੰਹ ਪਏ ਅਤੇ ਅਪੰਗ ਹੋਏ ਕਾਮਿਆਂ ਨੂੰ ਪੱਕੀ ਨੌਕਰੀ ਪੈਨਸ਼ਨ ਦੀ ਗਰੰਟੀ ਕਰਨ, ਨਿੱਜੀਕਰਨ ਦੀ ਨੀਤੀ ਨੂੰ ਰੱਦ ਕਰਨ ਅਤੇ ਮੰਗ ਪੱਤਰ ਵਿੱਚ ਤਮਾਮ ਮੰਗਾਂ ਦੀ ਪ੍ਰਾਪਤੀ ਲਈ ਲਗਾਤਾਰ ਪੰਜਾਬ ਸਰਕਾਰ ਅਤੇ ਪਾਵਰ ਕੌਮ ਦੀ ਮੈਨੇਜਮੈਂਟ ਵਿਰੁੱਧ ਸੰਘਰਸ਼ ਕੀਤਾ ਜਾ ਰਿਹਾ ਪਰ ਉਹ ਟੱਸ ਤੋਂ ਮੱਸ ਨਹੀਂ ਹੋ ਰਹੀ, ਜਿਸ ਕਾਰਨ ਅੱਜ ਬਜਾਰਾਂ ਵਿਚ ਰੋਸ਼ ਮਾਰਚ ਕੱਢਦਿਆਂ ਪੰਜਾਬ ਸਰਕਾਰ ਖਿਲਾਫ ਨਾਅਰੇਬਾਜੀ ਕਰਦਿਆ ਸਰਕਾਰ ਦੀ ਪੋਲ ਖੋਲ੍ਹੀ ਗਈ ਹੈ। ਉਨ੍ਹਾਂ ਆਖਿਆ ਕਿ ਮੀਟਿੰਗਾਂ ’ਚ ਵਿਭਾਗ ਮੰਗਾਂ ਮੰਨ ਜਾਂਦੇ ਹਨ ਪਰ ਲਾਗੂ ਕਰਨ ਤੋਂ ਆਨਾਕਾਨੀ ਕਰਦੇ ਹਨ। ਆਗੂਆਂ ਨੇ ਆਖਿਆ ਕਿ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। -ਧਰਨੇ ਕਾਰਨ ਬਜਾਰਾਂ ’ਚ ਲੱਗੇ ਜਾਮ ਪਾਵਰਕਾਮ ਦੇ ਮੁੱਖ ਦਫਤਰ ਅੱਗੇ ਰੋਸ਼ ਪ੍ਰਦਰਸਨ ਕਰ ਰਹੇ ਅਪ੍ਰੈਂਟਿਸਸ਼ਿਪ ਦੇ ਵਿਦਿਆਰਥੀਆਂ ਅਤੇ ਪੀਐਸਪੀਟੀਸੀਐਲ ਦੇ ਠੇਕਾ ਮੁਲਾਜਮਾਂ ਵੱਲੋਂ ਮਾਲ ਰੋਡ ਦੇ ਦੋਨੋਂ ਪਾਸੇ ਬੰਦ ਕਰਕੇ ਧਰਨਾ ਲਗਾਇਆ ਹੋਇਆ ਹੈ, ਜਿਸ ਨਾਲ ਸਾਰੀ ਟ੍ਰੈਫਿਕ ਬਜਾਰ ਦੇ ਰਸਤਿਆਂ ਰਾਹੀ ਲੰਘਣ ਨਾਲ ਨਾਲ ਬਜਾਰ ਦੀਆਂ ਅੰਦਰੂਨੀ ਸੜਕਾਂ ਤੇ ਹੋਰ ਰਸਤਿਆਂ ’ਚ ਵਾਹਨਾਂ ਦੀ ਆਵਾਜਾਈ ਵਧਣ ਕਾਰਨ ਥਾਂ ਥਾਂ ’ਤੇ ਜਾਮ ਲੱਗੇ ਰਹੇ ਤੇ ਆਮ ਲੋਕ ਪਰੇਸ਼ਾਨ ਹੁੰਦੇ ਰਹੇ।