ਰਜਵਾਹੇ ’ਤੇ ਓਵਰਬ੍ਰਿਜ਼ ਬਣਾਉਣ ਦਾ ਵਿਰੋਧ
ਰਜਵਾਹੇ ’ਤੇ ਓਵਰਬ੍ਰਿਜ਼ ਬਣਾਉਣ ਦਾ ਵਿਰੋਧ, ਲੋਕਾਂ ਕੀਤੀ ਨਾਅਰੇਬਾਜੀ
Publish Date: Thu, 16 Apr 2026 04:05 PM (IST)
Updated Date: Fri, 17 Apr 2026 04:00 AM (IST)

ਵਰਿੰਦਰ ਸਿੰਘ, ਪੰਜਾਬੀ ਜਾਗਰਣ, ਧੂਰੀ : ਰਜਵਾਹੇ ਦੇ ਉਪਰਬ੍ਰਿਜ਼ ਬਣਾਉਣ ਦੇ ਵਿਰੋਧ ’ਚ ਵੀਰਵਾਰ ਨੂੰ ਸ਼ਿਵਪੁਰੀ ਮੁਹੱਲੇ ਦੇ ਲੋਕਾਂ ਨੇ ਨਾਅਰੇਬਾਜ਼ੀ ਕਰਕੇ ਇਸਨੂੰ ਲੋਕਾਂ ਦਾ ਉਜਾੜਾ ਕਰਾਰ ਦਿੱਤਾ। ਇਸ ਮੌਕੇ ਮੁਹੱਲਾ ਨਿਵਾਸੀ ਪ੍ਰਵੀਨ ਸਿੰਗਲਾ, ਰਿੰਕੂ ਚੌਧਰੀ, ਰਵੀ ਸਿੰਗਲਾ, ਆਸ਼ੂ ਬਾਂਸਲ, ਮਿੱਠੂ ਸਿੰਘ, ਰਾਜੇਸ਼ ਕੁਮਾਰ, ਸਤੀਸ਼ ਕੁਮਾਰ ਨੇ ਦੱਸਿਆ ਕਿ ਧੂਰੀ ਸ਼ਹਿਰ ਦੇ ਰਿਹਾਇਸ਼ੀ ਖੇਤਰ ’ਚੋਂ ਲੰਘਦੇ ਸ਼ੇਰੋ ਰਜਵਾਹੇ ’ਤੇ ਓਵਰਬ੍ਰਿਜ਼ ਬਣਾਉਣ ਦਾ ਵਿਰੋਧ ਕਰਦਿਆਂ ਦਲੀਲ ਦਿੱਤੀ ਕਿ ਪੁਲ ਦੇ ਨਿਰਮਾਣ ਕਾਰਨ ਜਿੱਥੇ 250 ਤੋਂ ਵਧੇਰੇ ਹਰੇ-ਭਰੇ ਦਰਖੱਤਾਂ ਦਾ ਉਜਾੜਾ ਹੋਵੇਗਾ, ਉਥੇ ਓਵਰਬ੍ਰਿਜ਼ ਦੀ ਉਸਾਰੀ ਦੀ ਲਾਗਤ ਪਹਿਲਾਂ ਤਜਵੀਜ ਅਧੀਨ ਅੰਡਰਬ੍ਰਿਜ਼ ਦੇ ਖਰਚ ਹੋਣ ਵਾਲੇ ਕਰੀਬ 11 ਕਰੋੜ ਦੇ ਮੁਕਾਬਲੇ 55 ਕਰੋੜ ਰੁਪਏ ਲਾਗਤ ਆਵੇਗੀ, ਜਦੋਂਕਿ ਲੋਹਾ ਬਾਜ਼ਾਰ ਵਾਲੇ ਪਾਸੇ ਰੇਲ ਕਰਾਸਿੰਗ ’ਤੇ ਪੁਲ ਦੀ ਤਜਵੀਜ਼ ਸਿਰਫ਼ ਦੁਕਾਨਦਾਰਾਂ ਨੂੰ ਖੁਸ਼ ਕਰਨ ਲਈ ਬਦਲੀ ਗਈ।ਉਨ੍ਹਾਂ ਕਿਹਾ ਕਿ ਰਜਵਾਹੇ ’ਤੇ ਪੁਲ ਬਣਾਉਣ ਦੀ ਸਰਕਾਰੀ ਤਜਵੀਜ਼ ਦਾ ਲੋਕਾਂ ਵੱਲੋਂ ਵਿਰੋਧ ਕਰਨ ਤੇ ਉੱਚ ਅਧਿਕਾਰੀਆਂ ਕੋਲ ਲਿਖਤੀ ਵਿਰੋਧ ਦਰਜ਼ ਕਰਵਾਉਣ ਦੇ ਬਾਵਜੂਦ ਰਜਵਾਹੇ ਉਪਰ ਓਵਰਬ੍ਰਿਜ਼ ਬਣਨ ਨਾਲ ਸਟੇਅ ਹਾਈਵੇਅ ’ਤੇ ਸਥਿਤ ਰੇਲਵੇ ਕਰਾਸਿੰਗ ਉੱਪਰ ਟਰੈਫਿਕ ਸਮੱਸਿਆ ਦਾ ਹੱਲ ਸੰਭਵ ਨਹੀਂ, ਕਿਉਂਕਿ ਓਵਰਬ੍ਰਿਜ ਦੇ ਨਿਰਮਾਣ ਦੇ ਬਾਵਜੂਦ ਰੇਲ ਕਰਾਸਿੰਗ ਜਾਰੀ ਰਹੇਗੀ, ਜਿਸ ਕਰਕੇ ਸ਼ਹਿਰ ਦੇ ਲੋਹਾ ਬਾਜ਼ਾਰ ਵਾਲੀ ਰੇਲਵੇ ਕਰਾਸਿੰਗ ’ਤੇ ਤਜਵੀਜ ਅਧੀਨ ਪੁਲ ਲੋਕ ਹਿੱਤ ’ਚ ਨਹੀਂ ਹੋਵੇਗਾ। ਉਨ੍ਹਾਂ ਕਿਹਾ ਕਿ ਰਜਵਾਹੇ ’ਤੇ ਪੁਲ ਬਣਨ ਨਾਲ ਰਿਹਾਇਸ਼ੀ ਖੇਤਰ ’ਚ ਪਾਣੀ ਭਰਨ ਦੇ ਖਦਸ਼ਿਆਂ ਨਾਲ ਲੋਕਾਂ ਨੂੰ ਅਨੇਕ ਦਿੱਕਤਾਂ ਦਾ ਸਾਹਮਣਾ ਕਰਨ ਲਈ ਮਜ਼ਬੂਰ ਹੋਣਾ ਪਵੇਗਾ। ਸਾਬਕਾ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਨੇ ਆਪਣੇ ਕਾਰਜਕਾਲ ਦੌਰਾਨ ਸਰਕਾਰ ਦੇ ਆਖਰੀ ਬਜਟ ਸ਼ੈਸਨ ਦੌਰਾਨ ਸ਼ਹਿਰ ਦੇ ਲੋਹਾ ਬਜਾਰ ਵਾਲੀ ਰੇਲਵੇ ਕਰਾਸਿੰਗ ਤੇ ਬਣਨ ਵਾਲੇ ਅੰਡਰਬ੍ਰਿਜ਼ ਲਈ ਫੰਡ ਰਾਖਵੇਂ ਰਖਵਾ ਦਿੱਤੇ ਸਨ, ਪਰ ਪੰਜਾਬ ਚ ਸੱਤਾ ਤਬਦੀਲੀ ਹੋਣ ਕਾਰਨ ਇਹ ਪੁਲ ਦਾ ਮਾਮਲਾ ਕਿਸੇ ਤਣ ਪੱਤਣ ਨਹੀਂ ਲੱਗ ਸਕਿਆ।