- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਫਆਈਆਰ ਦਰਜ ਨਾ ਹੋਣ 'ਤੇ ਪਰਿਵਾਰ ਨੇ ਸੜਕ ਕੀਤੀ ਜਾਮ

ਪੱਤਰ ਪ੍ਰੇਰਕ•, ਪੰਜਾਬੀ ਜਾਗਰਣ, •ਨਾਭਾ : ਥਾਣਾ ਸਦਰ ਨਾਭਾ ਦੇ ਅਧੀਨ ਆਉਂਦੇ ਪਿੰਡ ਢੀਂਗੀ ਇਲਾਕੇ ’ਚ ਵਿਆਹ ਸਮਾਰੋਹ ਵਿੱਚ ਸ਼ਾਮਲ ਹੋਣ ਜਾ ਰਹੇ ਇਕ ਪਰਿਵਾਰ ਉੱਤੇ ਬਾਈਕ ਸਵਾਰਾਂ ਨੇ ਹਮਲਾ ਕਰਕੇ ਲੁੱਟ ਕਰਨ ਦੀ ਘਟਨਾ ਦਾ ਸਮਾਚਾਰ ਹੈ। ਇਹ ਘਟਨਾ ਸ਼ਨੀਵਾਰ ਰਾਤ ਕਰੀਬ 9 ਵਜੇ ਦੀ ਹੈ, ਜਿਸ ਤੋਂ ਬਾਅਦ ਪਰਿਵਾਰ ਨੇ ਗਲਵੱਟੀ ਚੌਕੀ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ। ਸ਼ਿਕਾਇਤ ਦੇ 18 ਘੰਟੇ ਬੀਤ ਜਾਣ ਦੇ ਬਾਵਜੂਦ ਪੁਲਿਸ ਵੱਲੋਂ ਦੋਸ਼ੀਆਂ ਖਿਲਾਫ ਐਫਆਈਆਰ ਦਰਜ ਨਾ ਹੋਣ ਤੋਂ ਭੜਕੇ ਪਰਿਵਾਰਿਕ ਮੈਂਬਰਾਂ ਨੇ ਐਤਵਾਰ ਦੁਪਹਿਰ ਬਾਅਦ ਪਿੰਡ ਢੀਂਗੀ ਦੀ ਸੜਕ ’ਤੇ ਧਰਨਾ ਲਗਾ ਦਿੱਤਾ। ਧਰਨਾ ਲੱਗਣ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਨਾਭਾ ਦੇ ਇੰਚਾਰਜ ਇੰਸਪੈਕਟਰ ਜਸਪ੍ਰੀਤ ਸਿੰਘ ਮੌਕੇ ’ਤੇ ਪਹੁੰਚੇ ਪਰ ਲੱਗਭੱਗ ਇੱਕ ਘੰਟੇ ਤੱਕ ਪੁਲਿਸ ਵੱਲੋਂ ਮਾਮਲੇ ਨੂੰ ਸਮਝੌਤੇ ਰਾਹੀਂ ਨਿਪਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਰਹੀ। ਇਸ ’ਤੇ ਨਾਰਾਜ਼ਗੀ ਜ਼ਾਹਰ ਕਰਦਿਆਂ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਨੇ ਧਰਨਾ ਨਹੀਂ ਹਟਾਇਆ ਅਤੇ ਸ਼ਾਮ ਤੱਕ ਧਰਨਾ ਜਾਰੀ ਰਿਹਾ।
ਜ਼ਿਲ੍ਹੇ ਦੇ ਪਿੰਡ ਧਬਲਾਨ ਦੇ ਨਿਵਾਸੀ ਮੁਹੰਮਦ ਅਜ਼ੀਜ਼ ਮੁਤਾਬਕ, ਉਹ ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਨਾਲ ਅਮਰਗੜ੍ਹ ਵਿੱਚ ਵਿਆਹ ਸਮਾਰੋਹ ਸ਼ਾਮਲ ਹੋਣ ਲਈ ਅਲਟੋ ਕਾਰ ਵਿੱਚ ਜਾ ਰਹੇ ਸਨ ਤੇ ਨਾਭਾ ਦੇ ਨੇੜੇ ਪਿੰਡ ਢੀਂਗੀ ਪਹੁੰਚਦੇ ਹੀ ਬਾਈਕ ਸਵਾਰ 6-7 ਨੌਜਵਾਨ ਉਨ੍ਹਾਂ ਦੀ ਕਾਰ ਦੇ ਆਗੇ-ਪਿੱਛੇ ਲੱਗ ਕੇ ਕੁਮੈਂਟ ਕਰਨ ਲੱਗ ਪਏ। ਉਹ ਪਰਿਵਾਰ ਨਾਲ ਇਕੱਲੇ ਸਨ, ਇਸ ਲਈ ਉਨ੍ਹਾਂ ਨੇ ਕਾਰ ਤੇਜ਼ ਕਰ ਲਈ ਪਰ ਇਕ ਥਾਂ ਉਨ੍ਹਾਂ ਦੀ ਗੱਡੀ ਬੰਦ ਹੋ ਗਈ। ਇਸ ਦੌਰਾਨ ਬਿਨਾਂ ਨੰਬਰ ਵਾਲੀਆਂ ਬਾਈਕਾਂ ’ਤੇ ਸਵਾਰ ਮੂੰਹ ਢੱਕੇ ਨੌਜਵਾਨਾਂ ਨੇ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਤੇਜ਼ਧਾਰ ਹਥਿਆਰਾਂ ਨਾਲ ਵਾਰ ਕਰਦੇ ਹੋਏ ਉਨ੍ਹਾਂ ਦੀ ਪਤਨੀ ਦੇ ਕੰਨਾਂ ਦੀਆਂ ਬਾਲੀਆਂ, ਸੋਨੇ ਦਾ ਹਾਰ ਅਤੇ ਪਰਸ ਵਿੱਚ ਪਏ ਕਰੀਬ 14 ਹਜ਼ਾਰ ਰੁਪਏ ਲੁੱਟ ਲਏ। ਆਪਣੀ ਜਾਨ ਬਚਾਉਣ ਲਈ ਉਹ ਨੇੜਲੇ ਇੱਕ ਛੋਟੇ ਢਾਬੇ ਵਿੱਚ ਵੜ ਗਏ ਪਰ ਹਮਲਾਵਰ ਉੱਥੇ ਵੀ ਹਥਿਆਰ ਲੈ ਕੇ ਪਹੁੰਚ ਗਏ। ਹੰਗਾਮਾ ਦੇਖ ਕੇ ਢਾਬੇ ਅਤੇ ਆਸ-ਪਾਸ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਮੁਲਜ਼ਮਾਂ ਨੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ ਲੁੱਟ ਕਰਕੇ ਭੱਜ ਗਏ। ਉਨ੍ਹਾਂ ਇਲਜ਼ਾਮ ਲਗਾਇਆ ਕਿ ਰਾਤ ਨੂੰ ਹੀ ਪੁਲਿਸ ਚੌਕੀ ਗਲਵੱਟੀ ਵਿੱਚ ਸ਼ਿਕਾਇਤ ਕਰ ਦਿੱਤੀ ਸੀ ਪਰ 18 ਘੰਟਿਆਂ ਤੱਕ ਪੁਲਿਸ ਵੱਲੋਂ ਮਾਮਲਾ ਦਰਜ ਨਹੀਂ ਕੀਤਾ ਗਿਆ, ਸਗੋਂ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਗਈ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਸ਼ਿਕਾਇਤ ਦਰਜ ਕਰਵਾਉਣ ਤੋਂ ਬਾਅਦ ਜਦੋਂ ਉਹ ਵਾਪਸ ਆ ਰਹੇ ਸਨ ਤਾਂ ਪਿੰਡ ਢੀਂਗੀ ਨੇੜੇ ਉਨ੍ਹਾਂ ਨੂੰ ਇੱਕ ਹਮਲਾਵਰ ਨੌਜਵਾਨ ਦਿਖਾਈ ਦਿੱਤਾ। ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਪਰ ਗਲਵੱਟੀ ਪੁਲਿਸ ਚੌਕੀ ਵੱਲੋਂ ਸਟਾਫ ਦੀ ਕਮੀ ਦਾ ਹਵਾਲਾ ਦੇ ਕੇ ਛਾਪੇਮਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਇਸ ਤੋਂ ਬਾਅਦ ਉਹ ਘਰ ਵਾਪਸ ਚਲੇ ਗਏ ਅਤੇ ਐਤਵਾਰ ਨੂੰ ਸਾਰਾ ਦਿਨ ਕਦੇ ਚੌਕੀ ਤੇ ਕਦੇ ਥਾਣੇ ਦੇ ਚੱਕਰ ਲਾਉਂਦੇ ਰਹੇ। ਦੁਪਹਿਰ ਤੱਕ ਕੋਈ ਕਾਰਵਾਈ ਨਾ ਹੋਣ ’ਤੇ ਉਨ੍ਹਾਂ ਨੂੰ ਧਰਨਾ ਦੇਣਾ ਪਿਆ। ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਥਾਣਾ ਸਦਰ ਨਾਭਾ ਦੇ ਇੰਚਾਰਜ ਜਸਪ੍ਰੀਤ ਸਿੰਘ ਨੇ ਮੁਲਜ਼ਮਾਂ ਦੀ ਗ੍ਰਿਫਤਾਰੀ ਦਾ ਭਰੋਸਾ ਦੇ ਕੇ ਉਨ੍ਹਾਂ ਨੂੰ ਥਾਣੇ ਬੁਲਾਇਆ। ਜਦੋਂ ਉਹ ਥਾਣੇ ਪਹੁੰਚੇ ਤਾਂ ਦੇਖਿਆ ਕਿ ਹਮਲਾਵਰ ਨੌਜਵਾਨ ਬੇਖ਼ੌਫ਼ ਹੋ ਕੇ ਅੰਦਰ ਘੁੰਮ ਰਹੇ ਸਨ। ਇੱਥੋਂ ਤੱਕ ਕਿ ਉਹ ਉਨ੍ਹਾਂ ਵੱਲ ਤਿੱਖੀਆਂ ਨਿਗਾਹਾਂ ਨਾਲ ਵੇਖ ਰਹੇ ਸਨ, ਜਿਸ ਕਾਰਨ ਉਹ ਉਨ੍ਹਾਂ ਤੋਂ ਦੂਰ ਰਹੇ।
--
ਇੰਸਟਾਗ੍ਰਾਮ 'ਤੇ ਵੀਡੀਓ ਵੀ ਅਪਲੋਡ ਕੀਤੀ
ਘਟਨਾ ਦੌਰਾਨ ਹੀ ਹਮਲਾਵਰ ਨੌਜਵਾਨਾਂ ਨੇ ਇੰਸਟਾਗ੍ਰਾਮ ’ਤੇ ਰੀਲ ਬਣਾ ਕੇ ਅਪਲੋਡ ਕਰ ਦਿੱਤੀ। ਇਸ ਵਿੱਚ ਟੁੱਟੀ ਹੋਈ ਕਾਰ ਦਿਖਾਈ ਗਈ ਅਤੇ ਢਾਬੇ ਵਿੱਚ ਛੁਪੇ ਪੀੜਤ ਪਰਿਵਾਰ ਨੂੰ ਡਰਾਉਂਦੇ ਹੋਏ ਵੀਡੀਓ ਬਣਾਈ ਗਈ। ਇਸ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮੁਲਜ਼ਮ ਕਿੰਨੇ ਬੇਖ਼ੌਫ਼ ਸਨ।
---
ਮਾਮਲੇ ਦੀ ਜਾਂਚ ਚੱਲ ਰਹੀ ਹੈ : ਚੌਕੀ ਇੰਚਾਰਜ
ਚੌਕੀ ਇੰਚਾਰਜ ਅਮਰੀਕ ਸਿੰਘ ਨੇ ਕਿਹਾ ਕਿ ਸ਼ਿਕਾਇਤ ਮਿਲਣ ਤੋਂ ਬਾਅਦ ਏਐੱਸਆਈ ਬਾਲੀ ਸ਼ਰਮਾ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਹਾਲੇ ਤੱਕ ਕੇਸ ਦਰਜ ਨਹੀਂ ਕੀਤਾ ਗਿਆ।
---
ਪੀੜਤ ਦੇ ਬਿਆਨਾਂ ’ਤੇ ਕਾਰਵਾਈ ਹੋਵੇਗੀ : ਥਾਣਾ ਇੰਚਾਰਜ
ਥਾਣਾ ਸਦਰ ਨਾਭਾ ਦੇ ਇੰਚਾਰਜ ਇੰਸਪੈਕਟਰ ਜਸਪ੍ਰੀਤ ਸਿੰਘ ਨੇ ਕਿਹਾ ਕਿ ਪੀੜਤ ਪਰਿਵਾਰ ਅਤੇ ਮੁਲਜ਼ਮਾਂ ਨੂੰ ਥਾਣੇ ਬੁਲਾਇਆ ਗਿਆ ਹੈ। ਦੋਹਾਂ ਪੱਖਾਂ ਦੀ ਗੱਲ ਸੁਣਨ ਤੋਂ ਬਾਅਦ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਅਗਲੀ ਕਾਰਵਾਈ ਕੀਤੀ ਜਾਵੇਗੀ।