ਭੁੱਖ ਹੜਤਾਲ ਦੇ 14ਵੇਂ ਦਿਨ ਜਥੇਬੰਦੀਆਂ ਵੱਲੋਂ ਪੂਰਨ ਸਹਿਯੋਗ
ਭੁੱਖ ਹੜਤਾਲ 14 ਵੇ ਦਿਨ ਜਥੇਬੰਦੀਆਂ ਵੱਲੋਂ ਪੂਰਨ ਸਹਿਯੋਗ
Publish Date: Sat, 21 Feb 2026 06:49 PM (IST)
Updated Date: Sat, 21 Feb 2026 06:51 PM (IST)

ਪੱਤਰ ਪ੍ਰੇਰਕ, •ਪੰਜਾਬੀ ਜਾਗਰਣ, •ਪਟਿਆਲਾ : ਪ੍ਰਾਚੀਨ ਸ਼੍ਰੀ ਵਾਮਨ ਅਵਤਾਰ ਮੰਦਿਰ ਅਤੇ ਪਵਿੱਤਰ ਸਰੋਵਰ ਨੂੰ ਬਚਾਉਣ ਲਈ ਵੰਦੇ ਮਾਤਰਮ ਦਲ ਅਤੇ ਪਟਿਆਲਾ ਸ਼ਹਿਰ ਦੀਆਂ ਧਾਰਮਿਕ ਅਤੇ ਸਮਾਜਿਕ ਜਥੇਬੰਦੀਆਂ ਵੱਲੋਂ ਕੀਤੀ ਜਾ ਰਹੀ ਭੁੱਖ ਹੜਤਾਲ 14 ਦਿਨ ਵਿੱਚ ਦਾਖਲ ਹੋ ਗਈ। ਜਿਸ ਵਿੱਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਹਿਯੋਗ ਕਰ ਰਹੀਆਂ ਹਨ। ਸ਼ਨਿਚਰਵਾਰ ਨੂੰ ਸੰਘਰਸ਼ ਦੇ 14ਵੇਂ ਦਿਨ ਭਗਵਾਨ ਸ਼੍ਰੀ ਭੋਲੇਨਾਥ ਅਤੇ ਵਾਮਨ ਦੇਵਤਾ ਜੀ ਦਾ ਆਸ਼ੀਰਵਾਦ ਲੈ ਕੇ ਸ਼ਰਧਾਲੂ ਰਜਤ ਬਾਤਿਸ਼, ਰੋਹਿਤ ਵਾਲੀਆ, ਨਰੋਤਮ ਭਟਨਾਗਰ, ਵਿਕਾਸ ਗੋਇਲ ਸ਼ਮੀ ਸ਼ਰਮਾ, ਸ਼੍ਰੀ ਮਹਾਦੇਵ ਮੰਦਿਰ ਕਮੇਟੀ ਸਨੌਰ ਤੋਂ ਅਤੇ ਯੁਵਰਾਜ ਮਲਹੋਤਰਾ, ਤਰਸੇਮ ਮੈਮੋਰੀਅਲ ਟਿੱਪਰੀ ਕਲੱਬ ਪਟਿਆਲਾ ਤੋਂ ਭੁੱਖ ਹੜਤਾਲ ’ਤੇ ਬੈਠੇ। ਅੱਜ ਪਟਿਆਲਾ ਸ਼ਹਿਰ ਦੀ ਸਿਰਮੋਰ ਸਮਾਜ ਸੇਵੀ ਸੰਸਥਾ ਸ਼੍ਰੀ ਰਾਧਾ ਕ੍ਰਿਸ਼ਨ ਸੰਕੀਰਤਨ ਮੰਡਲ ਵੱਲੋਂ ਮੰਚ ਤੇ ਪਹੁੰਚ ਕੇ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ। ਉੱਥੇ ਹੀ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਜਥੇਬੰਦੀਆਂ ਆਪਣੇ ਕਾਫਲੇ ਨਾਲ ਪਹੁੰਚੀਆਂ ਤੇ ਹਰ ਸਹਿਯੋਗ ਦਾ ਐਲਾਨ ਕੀਤਾ। ਸਮਾਜ ਸੇਵਕ ਨੌਜਵਾਨ ਸਾਹਿਲ ਬਾਂਸਲ ਇਕ ਵੱਡੇ ਜੱਥੇ ਨਾਲ ਪੰਡਾਲ ਵਿੱਚ ਪਹੁੰਚੇ। ਮੰਚ ਸੰਚਾਲਕ ਰਵਿੰਦਰ ਬਾਂਸਲ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਲੱਗਦਾ ਹੈ ਕਿ ਪਟਿਆਲਾ ਸ਼ਹਿਰ ਵਿੱਚ ਸਰਕਾਰ ਦਾ ਕੋਈ ਵੀ ਸਨਾਤਨੀ ਲੀਡਰ ਨਹੀਂ ਹੈ ਕਿਉਂਕਿ ਅੱਜ ਤਕ ਕਿਸੇ ਵੱਲੋਂ ਕੋਈ ਵੀ ਕੋਸ਼ਿਸ ਨਹੀਂ ਕੀਤੀ ਕਿ ਇਹ ਹਿੰਦੂ ਸਮਾਜ ਦੀ ਮੰਗ ਮੁੱਖ ਮੰਤਰੀ ਤਕ ਪਹੁੰਚਾਈ ਜਾਵੇ। ਸੁਸ਼ੀਲ ਨਈਅਰ ਨੇ ਮੰਚ ਤੋਂ ਬੋਲਦੇ ਹੋਏ ਕਿਹਾ ਕਿ ਅਸੀਂ ਕਿਸੇ ਵੀ ਲਾਰੇ ਵਿੱਚ ਆ ਕੇ ਧੋਖਾ ਖਾਣ ਵਾਲੇ ਨਹੀਂ, ਉੱਥੇ ਹੀ ਉਨ੍ਹਾਂ ਕਿਹਾ ਕਿ ਸਰਕਾਰ ਸ਼੍ਰੀ ਕਾਲੀ ਮਾਤਾ ਮੰਦਿਰ ਵਿੱਚ ਕਰੋੜਾਂ ਰੁਪਏ ਖਰਚ ਕੇ ਵਿਕਾਸ ਕਰ ਰਹੀ ਹੈ ਜੋ ਕਿ ਬਹੁਤ ਵਧੀਆ ਗੱਲ ਹੈ ਪਰ ਮੰਦਰ ਅੱਜ ਵੀ ਸਹੀ ਹਾਲਤ ਵਿੱਚ ਹੈ ਪਰ ਜਿੱਥੇ ਮੰਦਿਰ ਸ਼੍ਰੀ ਵਾਮਨ ਅਵਤਾਰ ਬਿਲਕੁਲ ਖੰਡਰ ਹੋਣ ਵਾਲੇ ਹਾਲਾਤਾਂ ਵਿੱਚ ਹੈ ਉੱਥੇ ਸਰਕਾਰ ਵੱਲੋਂ ਇਕ ਰੁਪਈਆ ਵੀ ਨਹੀਂ ਖਰਚਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਪ੍ਰਸ਼ਾਸਨ ਅਤੇ ਸਰਕਾਰ ਇਸ ਮੰਦਿਰ ਦੀ ਜੋ ਕਿ ਇੱਕ ਇਤਿਹਾਸਕ ਧਰੋਹਰ ਹੈ ਦੀ ਇਨੀ ਬੇਕਦਰੀ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਹੁਣ ਸਰਕਾਰ ਜਾ ਲੋਕਲ ਲੀਡਰਸ਼ਿਪ ਦੇ ਹੱਥ ਵਿੱਚ ਹੈ ਕੀ ਉਨ੍ਹਾਂ ਨੂੰ ਮੰਦਿਰ ਬਚਾਉਣ ਵਾਲੇ ਪਾਸੇ ਚਲਣਾ ਚਾਹੀਦਾ ਹੈ ਜਾਂ ਫਿਰ ਇਸ ਤਰ੍ਹਾਂ ਦੀ ਵੋਟ ਬੈਂਕ ਦੀ ਰਾਜਨੀਤੀ ਕਰਨੀ ਚਾਹੀਦੀ ਹੈ। ਵੰਦੇ ਮਾਤਰਮ ਦਲ ਦੇ ਪ੍ਰਧਾਨ ਅਨੁਰਾਗ ਸ਼ਰਮਾ ਨੇ ਕਿਹਾ ਕਿ ਅਸੀਂ ਸਬਰ ਨਾਲ ਬੈਠੇ ਹਾਂ ਤੇ ਜੇਕਰ ਸਰਕਾਰ ਸਾਡੇ ਸਬਰ ਦਾ ਬੰਨ ਤੋੜਨਾ ਹੀ ਚਾਹੁੰਦੀ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਤਿੱਖੇ ਸੰਘਰਸ਼ ਲਈ ਤਿਆਰੀ ਰੱਖੇ।