ਸਪਾ ਸੈਂਟਰ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼
ਸਪਾ ਸੈਂਟਰ ’ਚ ਚੱਲ ਰਹੇ ਦੇਹ ਵਪਾਰ ਦਾ ਪਰਦਾਫਾਸ਼
Publish Date: Sun, 19 Apr 2026 07:42 PM (IST)
Updated Date: Mon, 20 Apr 2026 04:10 AM (IST)

ਪੰਜ ਕੁੜੀਆਂ, ਇਕ ਗ੍ਰਾਹਕ ਹਿਰਾਸਤ ’ਚ, ਮੈਨੇਜਰ ਵੀ ਕੀਤਾ ਗ੍ਰਿਫ਼ਤਾਰ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ ਸ਼ਹਿਰ ਦੇ ਪੋਸ਼ ਇਲਾਕੇ ਵਿੱਚ ਸਥਿਤ ਇੱਕ ਸਪਾ ਸੈਂਟਰ ਵਿੱਚ ਚੱਲ ਰਹੇ ਕਥਿਤ ਦੇਹ ਵਪਾਰ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਮੁਤਾਬਕ ਮਸਾਜ ਸੈਂਟਰ ਦੀ ਆੜ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਚਲਾਈਆਂ ਜਾ ਰਹੀਆਂ ਸਨ। ਪੁਲਿਸ ਨੇ ਮੌਕੇ ਤੇ ਛਾਪੇਮਾਰੀ ਕਰਕੇ ਪੰਜ ਕੁੜੀਆਂ ਅਤੇ ਇੱਕ ਗ੍ਰਾਹਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ। ਅੱਡੇ ਦੀ ਸੰਚਾਲਿਕਾ ਫਰਾਰ ਹੋ ਗਈ, ਜਦਕਿ ਪੁਲਿਸ ਨੇ ਮੈਨੇਜਰ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸੂਚਨਾ ਦੇ ਆਧਾਰ ’ਤੇ ਮਾਰਿਆ ਛਾਪਾ : ਐੱਸਐੱਚਓ ਐੱਸਐੱਚਓ ਥਾਣਾ ਸਿਟੀ ਸੰਗਰੂਰ ਇੰਸਪੈਕਟਰ ਗੁਲਾਬ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਸਪਾ ਸੈਂਟਰ ਵਿੱਚ ਸੰਚਾਲਿਕਾ ਜੋਇਆ ਖਾਨ ਅਤੇ ਮੈਨੇਜਰ ਅਮਨ ਅਨਸਾਰੀ ਵੱਲੋਂ ਮਸਾਜ ਦੀ ਆੜ ਵਿੱਚ ਦੇਹ ਵਪਾਰ ਕਰਵਾਇਆ ਜਾ ਰਿਹਾ ਹੈ। ਸੂਚਨਾ ਦੇ ਆਧਾਰ ਤੇ ਪੁਲਿਸ ਟੀਮ ਨੇ ਮੌਕੇ ’ਤੇ ਛਾਪਾ ਮਾਰਿਆ। ਮੌਕੇ ਤੋਂ ਇੱਕ ਗ੍ਰਾਹਕ ਰਿੰਕੂ ਅਤੇ ਪੰਜ ਕੁੜੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਇਹ ਕੁੜੀਆਂ ਦਿੱਲੀ, ਉੱਤਰ ਪ੍ਰਦੇਸ਼ ਅਤੇ ਚੰਡੀਗੜ੍ਹ ਨਾਲ ਸੰਬੰਧਿਤ ਹਨ ਅਤੇ ਉਨ੍ਹਾਂ ਤੋਂ ਸਪਾ ਸੈਂਟਰ ਦੀ ਸੰਚਾਲਿਕਾ ਅਤੇ ਮੈਨੇਜਰ ਵੱਲੋਂ ਜ਼ਬਰਦਸਤੀ ਦੇਹ ਵਪਾਰ ਕਰਵਾਇਆ ਜਾਂਦਾ ਸੀ। ਪੁਲਿਸ ਨੇ ਸਪਾ ਸੈਂਟਰ ਨੂੰ ਸੀਲ ਕਰ ਦਿੱਤਾ ਹੈ ਤੇ ਮਾਮਲੇ ਵਿੱਚ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਐੱਸਐੱਚਓ ਨੇ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਸੰਗਰੂਰ ਵਿੱਚ ਇਸ ਤਰ੍ਹਾਂ ਦੀਆਂ ਗੈਰਕਾਨੂੰਨੀ ਗਤੀਵਿਧੀਆਂ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਜੇ ਭਵਿੱਖ ਵਿੱਚ ਇਸ ਤਰ੍ਹਾਂ ਦੀ ਕੋਈ ਵੀ ਸ਼ਿਕਾਇਤ ਜਾਂ ਸੂਚਨਾ ਮਿਲਦੀ ਹੈ ਤਾਂ ਸੰਬੰਧਿਤ ਲੋਕਾਂ ਖ਼ਿਲਾਫ਼ ਕੜੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਸਪਾ ਸੈਂਟਰ ਦੀ ਸੰਚਾਲਿਕਾ ਦੀ ਤਲਾਸ਼ ਵਿੱਚ ਜੁਟੀ ਹੋਈ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।