ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ’ਚ ਮਚੀ ਹਾਹਾਕਾਰ
ਗੈਸ ਸਿਲੰਡਰ ਨਾ ਮਿਲਣ ਤੇ ਕਾਲਾ ਬਜਾਰੀ ਕਾਰਨ ਲੋਕਾਂ ਵਿੱਚ ਮਚੀ ਹਾਹਾਕਾਰ : ਪ੍ਰੋ. ਬਡੂੰਗਰ
Publish Date: Sun, 15 Mar 2026 04:30 PM (IST)
Updated Date: Sun, 15 Mar 2026 04:33 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਖਾੜੀ ਦੇਸ਼ਾਂ ਵਿਚ ਚੱਲ ਰਹੇ ਯੁੱਧ ਕਾਰਨ ਕੁਦਰਤੀ ਸਰੋਤਾਂ ਦੀ ਕਮੀ ਪੇਸ਼ ਹੋਣ ਨੂੰ ਲੈ ਕੇ ਕੇਂਦਰ ਸਰਕਾਰ ਦੇ ਗੈਸ ਸਪਲਾਈ ਸਬੰਧੀ ਕੋਈ ਪਰੇਸ਼ਾਨੀ ਅਤੇ ਕਿੱਲਤ ਨਾ ਹੋਣ ਨੂੰ ਲੈ ਕੇ ਦਿੱਤੇ ਜਾ ਰਹੇ ਬਿਆਨ ਗੁੰਮਰਾਹਕੁੰਨ ਸਾਬਤ ਹੋ ਰਹੇ ਹਨ ਕਿਉਂਕਿ ਪੰਜਾਬ ਭਰ ਵਿਚ ਗੈਸ ਸਿਲੰਡਰ ਨਾ ਮਿਲਣ ਕਾਰਨ ਲੋਕਾਂ ਵਿਚ ਹਾਹਾਕਾਰ ਮਚੀ ਹੋਈ ਹੈ ਅਤੇ ਗੈਸ ਸਿਲੰਡਰਾਂ ਦੀ ਕਾਲਾ ਬਾਜ਼ਾਰੀ ਸਿਖਰਾਂ ’ਤੇ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਗੈਸ ਏਜੰਸੀਆਂ ਅਤੇ ਸਥਾਨਕ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਗਰੀਬ ਖਪਤਕਾਰਾਂ ਨਾਲ ਧੱਕੇਸ਼ਾਹੀ ’ਤੇ ਲੁੱਟ ਕੀਤੀ ਜਾ ਰਹੀ ਹੈ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਅੱਜ ਗੈਸ ਸਲੰਡਰਾਂ ਦੀ ਆ ਰਹੀ ਵੱਡੇ ਪੱਧਰ ਤੇ ਕਿੱਲਤ ਕਾਰਨ ਲੋਕਾਂ ਨੂੰ ਗੈਸ ਏਜੰਸੀਆਂ ਤੋਂ ਸਿਲੰਡਰ ਲੈਣ ਲਈ ਲੰਬੀਆਂ ਲੰਬੀਆਂ ਲਾਈਨਾਂ ’ਚ ਲੱਗਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਤੇ ਜੋ ਲੋਕ ਤੜਕੇ ਸਾਰ ਤੋਂ ਹੀ ਲਾਈਨਾਂ ’ਚ ਲੱਗ ਕੇ ਗੈਸ ਸਿਲੰਡਰ ਲੈਣ ਦੀ ਉਡੀਕ ਕਰਦੇ ਹਨ ਆਖਰਕਾਰ ਉਨ੍ਹਾਂ ਨੂੰ ਇਹ ਜਵਾਬ ਦੇ ਦਿੱਤਾ ਜਾਂਦਾ ਹੈ ਕਿ ਗੈਸ ਸਲੰਡਰ ਖਤਮ ਹੋ ਗਏ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਵੱਧ ਖਪਤਕਾਰਾਂ ਦੀ ਹੋਰ ਕੀ ਪਰੇਸ਼ਾਨੀ ਹੋ ਸਕਦੀ ਹੈ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਗੈਸ ਸਿਲਡਰਾਂ ਦੀ ਆ ਰਹੀ ਪਰੇਸ਼ਾਨੀ ਕਾਰਨ ਲਾਈਨ ’ਚ ਲੱਗੇ ਇਕ ਬਜ਼ੁਰਗ ਨੂੰ ਤਾਂ ਆਪਣੀ ਜਾਨ ਤੋਂ ਹੱਥ ਗਵਾਉਣੇ ਪੈ ਗਏ ਕਿਉਂਕਿ ਉਹ ਕੜਕਦੀ ਧੁੱਪ ’ਚ ਗੈਸ ਸਿਲਡਰ ਲੈਣ ਲਈ ਲੰਬੀ ਲਾਈਨ ’ਚ ਲੱਗ ਕੇ ਆਪਣੀ ਵਾਰੀ ਦਾ ਇੰਤਜ਼ਾਰ ਕਰ ਰਿਹਾ ਸੀ ਤੇ ਉਸ ਨੂੰ ਹਾਰਟ ਅਟੈਕ ਆਉਣ ਕਾਰਨ ਆਪਣੀ ਜਾਨ ਗਵਾਉਣੀ ਪਈ। ਉਨ੍ਹਾਂ ਕਿਹਾ ਕਿ ਭਾਵੇਂ ਅੱਜ ਕੌਮੀ ਖਪਤਕਾਰ ਦਿਵਸ ਸਰਕਾਰਾਂ ਵੱਲੋਂ ਮਨਾਇਆ ਜਾ ਰਿਹਾ ਹੈ, ਪਰ ਗਰੀਬ ਖਪਤਕਾਰ ਦੀ ਹੋ ਰਹੀ ਅੰਨੀ ਲੁੱਟ ਕਾਰਨ ਅੱਜ ਖਪਤਕਾਰ ਵਿਅਰਥ ਹੋ ਰਹੇ ਹੋ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਹੈ ਕਿ ਸਰਕਾਰਾਂ ਦਾ ਕਿਸ ਪਾਸੇ ਵੱਲ ਧਿਆਨ ਕਿਉਂ ਨਹੀਂ ਜਾ ਰਿਹਾ ਕਿ ਅੱਜ ਗੈਸ ਸਿਲੰਡਰਾਂ ਦੀ ਕਾਲਾ ਬਜ਼ਾਰੀ ਤੇ ਕੰਟਰੋਲ ਕਿਉਂ ਨਹੀਂ ਕੀਤਾ ਜਾ ਰਿਹਾ।