ਭਾਰਤ ਸਰਕਾਰ ਸ਼ਹੀਦਾਂ ਨੂੰ ਕੌਮੀ ਸ਼ਹੀਦ ਦੇ ਖਿਤਾਬ ਨਾਲ ਨਿਵਾਜੇ : ਪ੍ਰੋ. ਬਡੂੰਗਰ
ਭਾਰਤ ਸਰਕਾਰ ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਕੌਮੀ ਸ਼ਹੀਦ ਦੇ ਖਿਤਾਬ ਨਾਲ ਨਿਵਾਜੇ : ਪ੍ਰੋ. ਬਡੂੰਗਰ
Publish Date: Sat, 21 Mar 2026 05:48 PM (IST)
Updated Date: Sat, 21 Mar 2026 05:52 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਅੰਗਰੇਜ਼ੀ ਹਕੂਮਤ ਦੀਆਂ ਜੜ੍ਹਾਂ ਉਖਾੜਨ ਵਾਲੇ ਯੋਧੇ ਸ਼ਹੀਦ ਭਗਤ ਸਿੰਘ ਨੇ ਦੇਸ਼ ਦੀ ਆਜ਼ਾਦੀ ਵਾਸਤੇ ਭਰ ਜਵਾਨੀ ਵਿੱਚ ਸ਼ਹਾਦਤ ਦਾ ਜਾਮ ਪੀਤਾ ਤੇ ਅਜਿਹੇ ਸੂਰਬੀਰ ਯੋਧੇ ਨੂੰ ਭਾਰਤ ਸਰਕਾਰ ਵੱਲੋਂ ਕੌਮੀ ਸ਼ਹੀਦ ਤੇ ਭਾਰਤ ਰਤਨ ਦੇ ਸਨਮਾਨ ਨਾਲ ਨਿਵਾਜਿਆ ਜਾਣਾ ਚਾਹੀਦਾ ਹੈ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਅਜਿਹੇ ਸੂਰਬੀਰ ਯੋਧੇ ਦੇ ਦੇਸ਼ ਪ੍ਰੇਮ ਦੇ ਜਜ਼ਬੇ ਨੂੰ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਸਬਕ ਲੈਣਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਅੰਗਰੇਜ਼ ਹਕੂਮਤ ਦੀਆਂ ਜੜ੍ਹਾਂ ਹਿਲਾਉਣ ਵਾਲੇ ਸ਼ਹੀਦ ਭਗਤ ਸਿੰਘ, ਕਰਤਾਰ ਸਿੰਘ ਸਰਾਭਾ ਜਿਸ ਨੇ ਛੋਟੀ ਉਮਰ ਵਿੱਚ ਆਪਣੀ ਜਾਨ ਦੀ ਪਰਵਾਹ ਨਾ ਕੀਤਿਆਂ ਪੰਜਾਬੀਆਂ ਤੇ ਦੇਸ਼ ਵਾਸੀਆਂ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਪ੍ਰੋਫੈਸਰ ਬਡੂੰਗਰ ਨੇ ਕਿਹਾ ਕਿ ਉਨ੍ਹਾਂ ਦੇ ਬਤੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨਗੀ ਕਾਲ ਦੇ ਸਮੇਂ ਵਿੱਚ ਸ਼ਹੀਦ ਊਧਮ ਸਿੰਘ ਦਾ ਗਦਰੀਆਂ ਦਾ ਵੱਡਾ ਵੱਖਰਾ ਸਮਾਗਮ, ਸ਼ਹੀਦ ਕਰਤਾਰ ਸਿੰਘ ਸਰਾਭਾ ਦੀ ਯਾਦ ਵਿੱਚ ਉੱਤਰਾਖੰਡ ਵਿਖੇ ਜਿੱਥੇ ਸ਼ਹੀਦ ਕਰਤਾਰ ਸਿੰਘ ਦਾ ਬੁੱਤ ਵੀ ਲੱਗਿਆ ਹੋਇਆ ਹੈ, ਉੱਥੇ ਵੀ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਵੱਡਾ ਸਮਾਗਮ ਕਰਵਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਤਿੰਨੇ ਸ਼ਹੀਦਾਂ ਨੂੰ ਕੌਮੀ ਸ਼ਹੀਦ ਦਾ ਦਰਜਾ ਅਤੇ ਭਾਰਤ ਰਤਨ ਦੇ ਸਨਮਾਨ ਨਾਲ ਸਨਮਾਨਿਤ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਇਹ ਸਨਮਾਨ ਇਨ੍ਹਾਂ ਮਹਾਨ ਸ਼ਹੀਦਾਂ ਲਈ ਅਤੁਛ ਹਨ ਪਰ ਫਿਰ ਵੀ ਉਨ੍ਹਾਂ ਨੂੰ ਇਹ ਸਨਮਾਨ ਦਿੱਤਾ ਜਾਣਾ ਚਾਹੀਦਾ।