ਪ੍ਰੋ. ਬਡੂੰਗਰ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਸਿੱਖ ਵਿਦਵਾਨ ਭਾਈ ਜੈਤੇਗ ਸਿੰਘ ਅਨੰਤ ਦਾ ਸਦੀਵੀ ਵਿਛੋੜੇ ’ਤੇ ਪ੍ਰੋ. ਬਡੂੰਗਰ ਨੇ ਕੀਤਾ ਦੁੱਖ ਪ੍ਰਗਟ
Publish Date: Sun, 04 Jan 2026 05:06 PM (IST)
Updated Date: Sun, 04 Jan 2026 05:08 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਤੇ ਪੰਜਾਬੀ ਦੇ ਮੁੱਦਈ ਸਿੱਖ ਵਿਦਵਾਨ ਭਾਈ ਜੈਤੇਗ ਸਿੰਘ ਅਨੰਤ ਸਦੀਵੀ ਵਿਛੋੜੇ ’ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਸਿੱਖ ਵਿਦਵਾਨ ਵਜੋਂ ਆਪਣੇ ਆਪ ਨੂੰ ਸਥਾਪਿਤ ਕਰਨ ਵਾਲੇ ਭਾਈ ਜੈਤੇਗ ਸਿੰਘ ਅਨੰਤ ਦਾ ਅਚਨਚੇਤ ਸਦੀਵੀ ਵਿਛੋੜਾ ਜਿਥੇ ਪਰਿਵਾਰ ਲਈ ਵੱਡਾ ਘਾਟਾ ਹੈ, ਉਥੇ ਹੀ ਪੰਜਾਬ ਤੇ ਪੰਜਾਬੀਅਤ ਲਈ ਆਪਣਾ ਅਹਿਮ ਯੋਗਦਾਨ ਬਦਲੇ ਆਪ ਜੀ ਨੂੰ ਕਦੇ ਵੀ ਅਣਡਿੱਠ ਕਰਕੇ ਨਹੀਂ ਵੇਖਿਆ ਜਾ ਸਕਦਾ। ਪ੍ਰੋ. ਬਡੂੰਗਰ ਨੇ ਕਿਹਾ ਕਿ ਭਾਈ ਜੈਤੇਗ ਸਿੰਘ ਆਨੰਤ ਪੁਸਤਕਨੁਮਾ ਖਰੜਿਆਂ ਰਾਹੀਂ ਸਾਰਿਆਂ ਲਈ ਪ੍ਰੇਰਨਾ ਦਾ ਮਾਰਗ ਬਣ ਰਹੇ ਤੇ ਉਨ੍ਹਾਂ ਦੇ ਸਮੁੱਚੇ ਜੀਵਨ ’ਤੇ ਝਾਤ ਮਾਰੀ ਜਾਵੇ ਤਾਂ ਉਨ੍ਹਾਂ ਦੀਆਂ ਅਨੇਕਾਂ ਪੁਸਤਕਾਂ ਮੀਲ ਪੱਥਰ ਸਾਬਤ ਹੋਈਆਂ। ਉਨ੍ਹਾਂ ਦੱਸਿਆ ਕਿ ਭਾਈ ਜੈਤੇਗ ਸਿੰਘ ਅਨੰਤ ਨੇ ਉਸਨੇ ਤਿੰਨ ਪੁਸਤਕਾਂ ‘ਮਹਿਕ ਸਮੁੰਦਰੋਂ ਪਾਰ’, ‘ਕਲਾ ਦੇ ਵਣਜਾਰੇ’ ਅਤੇ ‘ਗਾਇਕੀ ਦਾ ਬੇਸ਼ਕੀਮਤੀ ਹੀਰਾ’ ਪ੍ਰਕਾਸ਼ਤ ਕਰਵਾਕੇ ਪੰਜਾਬੀ ਸਭਿਆਚਾਰ ਅਤੇ ਸਭਿਅਤਾ ਦੇ ਪ੍ਰਤੀਕ ਵਿਅਕਤੀਆਂ ਦੇ ਵੱਖ-ਵੱਖ ਖੇਤਰਾਂ ਵਿੱਚ ਪਾਏ ਮਹੱਤਵਪੂਰਨ ਯੋਗਦਾਨ ਨੂੰ ਲੋਕਾਂ ਸਾਹਮਣੇ ਲਿਆਂਦਾ ਸੀ। ਸਾਬਕਾ ਪ੍ਰਧਾਨ ਪ੍ਰੋ. ਬਡੂੰਗਰ ਨੇ ਕਿਹਾ ਕਿ ਜਲਦੀ ਹੀ ਉਹ ਸਾਹਿਤਕ ਸੰਸਾਰ ਵਿੱਚ ਇੱਕ ਸੁਦਿ੍ਰੜ੍ਹ ਕਾਲਮ ਨਵੀਸ, ਸੰਪਾਦਕ, ਲੇਖਕ ਅਤੇ ਫੋਟੋ ਪੱਤਰਕਾਰ ਦੇ ਤੌਰ ’ਤੇ ਜਾਣਿਆਂ ਜਾਣ ਲੱਗ ਪਿਆ। ਫੋਟੋਗ੍ਰਾਫੀ ਦੇ ਅਥਾਹ ਸ਼ੌਕ ਨੇ ਹੀ ਉਸਨੂੰ ਇਤਿਹਾਸਕ ਮਹੱਤਤਾ ਵਾਲੇ ਦੁਰਲਭ ਸਥਾਨਾਂ ਦੀ ਫੋਟੋਗ੍ਰਾਫੀ ਕਰਨ ਕਰਕੇ ਇੱਕ ਪਰਪੱਕ ਸੰਪਾਦਕ ਬਣਾਇਆ। ਪ੍ਰੋ. ਬਡੂੰਗਰ ਨੇ ਕਿਹਾ ਕਿ ਉੋਹ ਆਪਣੇ ਆਪ ਵਿਚ ਖੋਜ ਕੇਂਦਰ ਸੀ, ਜਿਸ ਨੇ ਸਿੱਖ ਧਰਮ ਦੇ ਖੋਜੀਆਂ ਖ਼ਾਸ ਤੌਰ ’ਤੇ ਪੀ ਐਚ ਡੀ ਕਰਨ ਵਾਲੇ ਖੋਜੀ ਵਿਦਿਆਰਥੀਆਂ ਦੀ ਆਰਥਿਕ ਮਦਦ ਬਿਨਾਂ ਮੰਗੇ ਕੀਤੀ ਅਜਿਹੀ ਸਖਸ਼ੀਅਤ ਨੂੰ ਪ੍ਰਮਾਤਮਾ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਪ੍ਰਦਾਨ ਕਰਨ। ਪ੍ਰੋ. ਬਡੂੰਗਰ ਨੇ ਕਿਹਾ ਕਿ ਗੁਰੂ ਸਾਹਿਬ ਦਾ ਫਲਸਫਾ ਸਾਰਿਆਂ ਨੂੰ ਗੁਰੂ ਦੇ ਭਾਣੇ ਵਿਚ ਰਹਿਣ ਦੀ ਰਸਤਾ ਵਿਖਾਉਂਦਾ ਹੈ।