ਪੀਯੂ ਦੇ ਵਿੱਤੀ ਸੰਕਟ ਪ੍ਰਤੀ ਸਰਕਾਰ ਸੰਜੀਦਾ ਹੋਵੇ ਸਰਕਾਰ : ਪ੍ਰੋ. ਬਡੂੰਗਰ
ਪੀਯੂ ਦੇ ਵਿੱਤੀ ਸੰਕਟ ਪ੍ਰਤੀ ਸਰਕਾਰ ਸੰਜੀਦਾ ਹੋਵੇ ਸਰਕਾਰ: ਪ੍ਰੋ. ਬਡੂੰਗਰ
Publish Date: Fri, 27 Mar 2026 04:29 PM (IST)
Updated Date: Fri, 27 Mar 2026 04:32 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬੀ ਯੂਨੀਵਰਸਿਟੀ ਦੇ ਵਿੱਤੀ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਜਿਥੇ ਵਿੱਤੀ ਹਾਲਾਤ ਨਾਲ ਜੂਝ ਰਹੀ। ਉੱਥੇ ਹੀ ਆਰਥਿਕ ਤੌਰ ’ਤੇ ਡਗਮਗਾ ਰਹੀ ਹੈ, ਜਿਸ ਪ੍ਰਤੀ ਪੰਜਾਬ ਸਰਕਾਰ ਨੂੰ ਸੰਜੀਦਾ ਹੋਣ ਦੀ ਲੋੜ ਹੈ। ਸਾਬਕਾ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦਾ ਕਰਜ਼ਾ 150 ਕਰੋੜ ਤੋਂ ਵੱਧਕੇ 454 ਕਰੋੜ ਤਕ ਪਹੁੰਚ ਗਿਆ ਹੈ। ਜਿਸ ਕਾਰਨ ਯੂਨੀਵਰਸਿਟੀ ਦੇ ਵੱਖ-ਵੱਖ ਵਿਭਾਗਾਂ ਵਿਚ ਹੁੰਦੇ ਖੋਜ ਕਾਰਜ ਵੀ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਅਜਿਹੀ ਚਿੰਤਾਜਨਕ ਵਿਤੀ ਹਾਲਾਤ ਦੇ ਹੁੰਦਿਆ ਹੋਇਆ ਯੂਨੀਵਰਸਿਟੀ ਵਿਚ ਖੋਜ ਕਾਰਜਾਂ ਵਿਚ ਖੜੋਤ ਆਉਣਾ ਨਿਸਚਿਤ ਹੀ ਹੈ ਅਤੇ ਲੋੜ ਅਨੁਸਾਰ ਇਮਾਰਤਸਾਜ਼ੀ ਦੇ ਕੰਮਾਂ ਨੂੰ ਵੀ ਧੱਕਾ ਲੱਗ ਰਿਹਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਵਿੱਤੀ ਸੰਕਟ ਕਾਰਨ ਸਮੇਂ ਸਿਰ ਤਨਖ਼ਾਹਾਂ ਦਾ ਸੰਕਟ ਵਿਚ ਵੱਧ ਰਿਹਾ ਹੈ ਅਤੇ ਤਨਖਾਹਾਂ ਨਾ ਮਿਲਣ ਕਾਰਨ ਕਰਮਚਾਰੀਆਂ ਵੱਲੋਂ ਧਰਨੇ ਲਗਾਉਣ ਲਈ ਮਜਬੂਰ ਹੋਣਾ ਪੈ ਰਿਹਾ ਹੈ ਅਜਿਹੇ ਸਿਲਸਿਲੇ ਦੇ ਚੱਲਦਿਆਂ ਵਿਦਿਆ ਵਿਤਰਣ ਨੂੰ ਭਾਰੀ ਨੁਕਸਾਨ ਹੁੰਦਾ ਵਿਖਾਈ ਦੇ ਰਿਹਾ ਹੈ। ਸਾਬਕਾ ਪ੍ਰਧਾਨ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਵਿਦਿਅਕ ਖੇਤਰ ਵਿਚ ਮਾਲਵੇ ਦੀ ਜ਼ਿੰਦ-ਜਾਨ ਹੈ ਅਤੇ ਇਸ ਮਹਾਨ ਵਿਦਿਅਕ ਸੰਸਥਾ ਨੂੰ ਬਚਾਉਣਾ ਆਪਣਾ ਸਭ ਦਾ ਨੈਤਿਕ ਫਰਜ਼ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਸਰਕਾਰ ਪੰਜਾਬੀ ਯੂਨੀਵਰਸਿਟੀ ਦਾ ਕਰਜ਼ਾ ਇਕਮੁਸਤ ਲਾਹਕੇ ਯੂਨੀਵਰਸਿਟੀ ਨੂੰ ਹਰ ਖੇਤਰ ਵਿਚ ਪ੍ਰਗਤੀ ਦੇ ਰਾਹ ਪਾਉਣ ਦਾ ਉਪਰਾਲਾ ਕਰਨ।