ਕੇਂਦਰੀ ਬਜਟ ’ਚੋਂ ਪੰਜਾਬ ਨੂੰ ਦਰਕਿਨਾਰ ਕਰਨਾ ਸਰਾਸਰ ਧੱਕਾ : ਪ੍ਰੋ. ਬਡੂੰਗਰ
ਕੇਂਦਰੀ ਬਜਟ ਵਿਚੋਂ ਪੰਜਾਬ ਨੂੰ ਬਿਲਕੁਲ ਦਰਕਿਨਾਰ ਕੀਤਾ ਜਾਣਾ ਸਰਾਸਰ ਧੱਕਾ: ਪ੍ਰੋ. ਬਡੂੰਗਰ
Publish Date: Sat, 14 Feb 2026 06:40 PM (IST)
Updated Date: Sat, 14 Feb 2026 06:42 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਬਜਟ ਵਿਚੋਂ ਪੰਜਾਬ ਨੂੰ ਬਾਹਰ ਕੀਤੇ ਜਾਣ ਦੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਇਕ ਪਾਸੇ ਪੰਜਾਬ ਤੇ ਕਿਸਾਨੀ ਦਰਪੇਸ਼ ਮਸਲਿਆਂ ਵਿਚ ਜੂਝ ਰਹੇ ਹਨ, ਅਜਿਹੇ ਵਿਚ ਕੇਂਦਰੀ ਬਜਟ ਵਿਚੋਂ ਪੰਜਾਬ ਨੂੰ ਬਿਲਕੁਲ ਦਰਕਿਨਾਰ ਕੀਤਾ ਜਾਣਾ ਸਰਾਸਰ ਪੰਜਾਬ ਨਾਲ ਵੱਡਾ ਧੱਕਾ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਅਤੇ ਬਜਟ ਵਿਚ ਕਿਸਾਨਾਂ ਨੂੰ ਕੋਈ ਵੱਡੀ ਰਾਹਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਵਿਚ ਸੱਤਾ ਹੰਢਾ ਰਹੀ ਸਰਕਾਰ ਇਕ ਪਾਸੇ ਤਾਂ ਪੰਜਾਬ ਵਿਚ ਸੱਤਾ ਹੰਢਾਉਣ ਲਈ ਕੋਸ਼ਿਸ਼ਾਂ ਕਰ ਰਹੀ ਹੈ, ਪਰ ਪੰਜਾਬ ਨੂੰ ਹੀ ਕੋਈ ਰਾਹਤ ਨਾ ਦੇਣ ਤੋਂ ਸਪੱਸ਼ਟ ਹੁੰਦਾ ਹੈ ਕਿ ਕੇਂਦਰ ਵਿਚਲੀ ਸਰਕਾਰ ਕੇਵਲ ਜੁਮਲੇਬਾਜ਼ੀ ਵਿਚ ਲੱਗੀ ਹੋਈ ਹੈ। ਸਾਬਕਾ ਪ੍ਰਧਾਨ ਨੇ ਕਿਹਾ ਕਿ ਪੰਜਾਬ ਨੂੰ ਪੈਰਾਂ ਸਿਰ ਕਰਨ ਲਈ ਇਸ ਸਮੇਂ ਵੱਡੇ ਰਾਹਤ ਪੈਕੇਜ ਦੀ ਲੋੜ ਹੈ। ਦੂਜੇ ਪਾਸੇ ਅਮਰੀਕਾ ਵਰਗੇ ਦੇਸ਼ ਨਾਲ ਅਜਿਹੀਆਂ ਡੀਲਜ਼ ਕੀਤੀਆਂ ਜਾ ਰਹੀਆਂ, ਜਿਸ ਨਾਲ ਇਕ ਵਾਰ ਫਿਰ ਕਿਸਾਨ ਸੰਘਰਸ਼ ਦੀਆਂ ਬਰੂਹਾਂ ’ਤੇ ਵਿਖਾਈ ਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਯੋਗ ਐੱਮਐੱਸਪੀ ਵੀ ਨਾ ਦੇਣਾ ਦਰਸਾਉਂਦਾ ਹੈ ਕਿ ਕੇਂਦਰ ਵਿਚਲੀ ਸਰਕਾਰ ਬਹੁਤ ਸਾਰੇ ਫੈਸਲਿਆਂ ਨੂੰ ਥੋਪੜ ’ਤੇ ਲੱਗੀ ਹੋਈ ਹੈ, ਜਦਕਿ ਪੰਜਾਬ ਤੇ ਕਿਸਾਨੀ ਲਈ ਕੋਈ ਰਾਹਤ ਕੇਂਦਰ ਬਜਟ ਵਿਚ ਨਹੀਂ ਰੱਖੀ ਗਈ, ਜਿਸ ਤੋਂ ਸਪੱਸ਼ਟ ਨਜ਼ਰ ਆਉਂਦਾ ਹੈ ਕਿ ਕੇਂਦਰ ਵਿਚਲੀ ਸਰਕਾਰ ਦਾ ਪੰਜਾਬ ਪ੍ਰਤੀ ਕੋਈ ਮੋਹ ਨਹੀਂ ਹੈ।