ਸੂਰਬੀਰ ਨਾਮਧਾਰੀਆਂ ਦੀ ਕੁਰਬਾਨੀ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ : ਪ੍ਰੋ. ਬਡੂੰਗਰ
ਸੂਰਬੀਰ ਨਾਮਧਾਰੀਆਂ ਦੀ ਕੁਰਬਾਨੀ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ : ਪ੍ਰੋ. ਬਡੂੰਗਰ
Publish Date: Sun, 18 Jan 2026 05:29 PM (IST)
Updated Date: Mon, 19 Jan 2026 04:09 AM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਨਾਮਧਾਰੀ ਕੂਕਾ ਲਹਿਰ ਦੇ ਮਰੀਜੀੜਿਆਂ ਨੂੰ ਯਾਦ ਕਰਦਿਆਂ ਕਿਹਾ ਕਿ ਨਾਮਧਾਰੀ ਕੂਕਿਆਂ ਨੂੰ ਤੋਪਾਂ ਇਸ ਕਰ ਕੇ ਉਡਾ ਦਿੱਤਾ ਗਿਆ ਕਿਉਂਕਿ ਬਸਤੀਵਾਦੀ ਗੋਰਿਆਂ ਵਿਰੁੱਧ ਜਹਾਦ ਛੇੜ ਕੇ ਕੂਕਾ ਅੰਦੋਲਨ ਦੀ ਨੀਂਹ ਰੱਖਣ ਵਿਚ ਅਹਿਮ ਭੂਮਿਕਾ ਨਿਭਾਈ ਸੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਅਜਿਹੇ ਮਹਾਨ ਸੂਰਬੀਰ ਨਾਮਧਾਰੀਆਂ ਨੂੰ ਅਣਡਿੱਠ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਉਨ੍ਹਾਂ ਨੂੰ ਸਮਰਪਿਤ ਸਮਾਗਮ ਉਲੀਕਦੇ ਹੋਏ ਉਨ੍ਹਾਂ ਨੂੰ ਯਾਦ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਮਾਲੇਰਕੋਟਲਾ ਜਮਾਲਪੁਰ ਦੇ ਕੱਲਰ ਵਿਚ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਮਿਸਟਰ ਕੁਵਨੈ ਵੱਲੋਂ ਦਿੱਤੇ ਹੁਕਮ ਤੋਂ ਬਾਅਦ 50 ਨਾਮਧਾਰੀ ਸਿੰਘ ਬਗਾਵਤ ਦੇ ਦੋਸ਼ ਵਿਚ ਕਾਤਲ ਕਰਾਰ ਦੇ ਕੇ ਤੋਪਾਂ ਉਡਾਏ ਗਏ ਅਤੇ 1872 ਵਿਚ 16 ਹੋਰ ਕੂਕਿਆਂ ਨੂੰ ਤੋਪ ਨਾਲ ਉਡਾਇਆ ਗਿਆ।
ਪ੍ਰੋ. ਬਡੂੰਗਰ ਨੇ ਕਿਹਾ ਕਿ ਭਾਰਤ ਦੀ ਆਜ਼ਾਦੀ ਦੇ ਸੰਗਰਾਮ ਵਿੱਚ ਜਿਹੜੀਆਂ ਲਹਿਰਾਂ ਦਾ ਜ਼ਿਕਰ ਬੜੇ ਸਤਿਕਾਰ ਨਾਲ ਕੀਤਾ ਜਾਂਦਾ ਹੈ, ਉਨ੍ਹਾਂ ਵਿੱਚੋਂ ਇੱਕ ਸਤਿਗੁਰੂ ਰਾਮ ਸਿੰਘ ਵੱਲੋਂ ਸ਼ੁਰੂ ਕੀਤੀ ਗਈ ਕੂਕਾ ਲਹਿਰ ਸੀ, ਜਿਸ ਨੂੰ ਨਾਮਧਾਰੀ ਲਹਿਰ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਜਦੋਂ ਸਾਰਾ ਭਾਰਤ ਅੰਗਰੇਜ਼ਾਂ ਦੇ ਮੂਹਰੇ ਝੁਕਿਆ ਪਿਆ ਸੀ, ਉਸ ਦੇ ਵਿਰੋਧ ਦੀ ਕਿਧਰੇ ਕੋਈ ਸੁਰ ਨਹੀਂ ਸੀ ਨਿਕਲ ਰਹੀ, ਉਸ ਵਕਤ ਸਤਿਗੁਰੂ ਰਾਮ ਸਿੰਘ ਨੇ ਪੰਜਾਬ ਵਿੱਚੋਂ ਇਸ ਦਾ ਆਗਾਜ਼ ਕੀਤਾ ਸੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਨਾਮਧਾਰੀ ਕੂਕਿਆਂ ਦੀ ਅਣਖ ਨੂੰ ਟੁੰਬਣ ਵਾਲੇ ਸਤਿਗੁਰੂ ਰਾਮ ਸਿੰਘ ਦੇ ਇਸ ਉਪਰਾਲੇ ਨੇ ਅੰਗਰੇਜ਼ ਸਰਕਾਰ ਨੂੰ ਹੱਥਾਂ-ਪੈਰਾਂ ਦੀ ਪਾ ਦਿੱਤੀ ਸੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਨਿਰਸੰਦੇਹ ਸਤਿਗੁਰੂ ਰਾਮ ਸਿੰਘ’ ਭਾਰਤ ਦੀ ਅਜ਼ਾਦੀ ਦੀ ਲੜਾਈ ਦੇ ਮੋਢੀ ਸਨ, ਜਿਨਾਂ ਨੇ ਅੰਗਰੇਜ਼ ਸਾਮਰਾਜ ਵਿਰੁੱਧ ਨਾ-ਮਿਲਵਰਤਨ ਅੰਦੋਲਨ ਚਲਾ ਕੇ ਲੋਕਾਂ ਨੂੰ ਭਾਰਤੀ ਬਣਨ, ਭਾਰਤੀ ਰਹਿਣ ਅਤੇ ਭਾਰਤੀ ਵਸਤਾਂ ਦਾ ਪ੍ਰਯੋਗ ਕਰਨ ਲਈ ਪ੍ਰੇਰਿਤ ਕੀਤਾ।