ਸਕੂਲਾਂ 'ਚ ਕਰਾਇਆ ਇਨਾਮ ਵੰਡ ਸਮਾਰੋਹ
ਸਕੂਲਾਂ 'ਚ ਕਰਾਇਆ ਇਨਾਮ ਵੰਡ ਸਮਾਰੋਹ
Publish Date: Mon, 19 Jan 2026 04:09 PM (IST)
Updated Date: Tue, 20 Jan 2026 04:01 AM (IST)

ਧਰਤੀ ’ਤੇ ਭੂਤਾਂ-ਪ੍ਰੇਤਾ ਤੇ ਆਤਮਾ ਦੀ ਕੋਈ ਹੋਂਦ ਨਹੀਂ : ਢੱਕੜਬਾ ਮੁਕੇਸ਼ ਸਿੰਗਲਾ, ਪੰਜਾਬੀ ਜਾਗਰਣ, ਭਵਾਨੀਗੜ੍ਹ : ਤਰਕਸ਼ੀਲ ਸੁਸਾਇਟੀ ਪੰਜਾਬ ਦੀ ਚੰਨੋਂ ਇਕਾਈ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੰਨੋ, ਸਰਕਾਰੀ ਮਿਡਲ ਸਕੂਲ ਕਾਲਾਝਾੜ ਅਤੇ ਸਰਕਾਰੀ ਹਾਈ ਸਕੂਲ ਰਾਜਪੁਰਾ ਵਿਖੇ 7ਵੀਂ ਚੇਤਨਾ ਪਰਖ ਪ੍ਰੀਖਿਆ ਸਬੰਧੀ ਇਨਾਮ ਵੰਡ ਸਮਾਗਮ ਕਰਵਾਏ ਗਏ। ਇਸ ਮੌਕੇ ਚੰਨੋਂ ਇਕਾਈ ਦੇ ਮੁਖੀ ਤਰਸੇਮ ਸਿੰਘ ਅਤੇ ਪਟਿਆਲਾ ਜੋਨ ਦੇ ਵਿੱਤ ਮੁੱਖੀ ਰਾਮ ਕੁਮਾਰ ਢੱਕੜਬਾ ਨੇ ਕਿਹਾ ਕਿ ਸੰਸਾਰ ਪੱਧਰ ਤੇ ਹੋਈ ਵਿਗਿਆਨਕ ਤਰੱਕੀ ਦੇ ਬਾਵਜੂਦ ਹਾਲੇ ਵੀ ਸਾਡੇ ਸਮਾਜ ਵਿਚ ਅਨੇਕਾਂ ਵਹਿਮ ਭਰਮ ਪਾਏ ਜਾਂਦੇ ਹਨ। ਜਿਵੇਂ ਕਿ ਬਿੱਲੀ ਦਾ ਰਸਤਾ ਕੱਟਣਾ, ਕਿਤੇ ਜਾਣ ਲੱਗਿਆ ਛਿੱਕ ਦਾ ਆਉਣਾ ਭੈੜਾ ਮੰਨਿਆ ਜਾਂਦਾ ਹੈ, ਪਰ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਇਹ ਸਭ ਵਹਿਮ ਭਰਮ ਹਨ ਜਿਸ ਦੇ ਮੰਨਣ ਨਾਲ ਸਾਡਾ ਸਮਾਂ ਤੇ ਪੈਸਾ ਬਰਬਾਦ ਹੁੰਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਬੇਸ਼ੱਕ ਇਸ ਧਰਤੀ ਤੇ ਭੂਤਾਂ-ਪ੍ਰੇਤਾ ਅਤੇ ਆਤਮਾ ਦੀ ਕੋਈ ਹੋਂਦ ਨਹੀਂ ਹੁੰਦੀ, ਪਰ ਅਖੌਤੀ ਬਾਬੇ ਹਾਲੇ ਤੱਕ ਵੀ ਚੌਕੀਆਂ ਲਾ ਕੇ ਲੋਕਾਂ ਦੀ ਲੁੱਟ ਕਰ ਰਹੇ ਹਨ, ਇਸ ਲੁੱਟ ਤੋਂ ਸਭ ਨੂੰ ਬਚਣਾ ਚਾਹੀਦਾ ਹੈ। ਇਸ ਮੌਕੇ ਪ੍ਰੀਖਿਆ ਦੌਰਾਨ ਪਹਿਲੀ, ਦੂਜੀ ਅਤੇ ਤੀਜੀ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਨਗਦ ਰਾਸ਼ੀ ਦੇ ਇਨਾਮ ਅਤੇ ਬਾਕੀ ਬੱਚਿਆਂ ਨੂੰ ਸਰਟੀਫਿਕੇਟ ਤੇ ਕਿਤਾਬਾਂ ਦੇ ਸੈੱਟ ਦਿੱਤੇ ਗਏ। ਇਸ ਦੌਰਾਨ ਰਾਮ ਕੁਮਾਰ ਨੇ ਜਾਦੂ ਦੇ ਬਹੁਤ ਸਾਰੇ ਟਰਿੱਕ ਪੇਸ਼ ਕਰਕੇ ਹੈਰਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਜਾਦੂ ਇਕ ਕਲਾ ਹੈ ਜਿਸ ਵਿਚ ਹੱਥ ਦੀ ਸਫਾਈ ਦਾ ਮਹੱਤਵਪੂਰਨ ਕੰਮ ਹੈ, ਇਹ ਕੋਈ ਗ਼ੈਬੀ ਸ਼ਕਤੀ ਨਹੀਂ ਹੈ। ਇਸ ਮੌਕੇ ਵਿੱਚ ਮੁਖੀ ਉਮੇਸ਼ ਚੰਨੋ, ਸੁਖਦੀਪ ਸੁੱਖਾ, ਰਾਜੀਵ ਕੁਮਾਰ ਹਾਜ਼ਰ ਸਨ।