ਤਪ ਅਸਥਾਨ ਸਿਹਾਣਾ ਸਾਹਿਬ ’ਚ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ
ਤਪ ਅਸਥਾਨ ਸਿਹਾਣਾ ਸਾਹਿਬ ’ਚ ਜੋੜ ਮੇਲੇ ਦੀਆਂ ਤਿਆਰੀਆਂ ਸ਼ੁਰੂ
Publish Date: Sat, 21 Feb 2026 03:36 PM (IST)
Updated Date: Sun, 22 Feb 2026 04:01 AM (IST)

25 ਫਰਵਰੀ ਨੂੰ 80 ਸ੍ਰੀ ਅਖੰਡ ਪਾਠ ਸਾਹਿਬ ਦੇ ਵਿਧੀ ਅਨੁਸਾਰ ਹੋਣਗੇ ਪ੍ਰਕਾਸ਼ ਜਸਵੀਰ ਸਿੰਘ, ਪੰਜਾਬੀ ਜਾਗਰਣ, ਸੰਗਰੂਰ : ਸ਼ਹਿਰ ਤੋਂ ਸੱਤ ਕਿਲੋਮੀਟਰ ਦੀ ਦੂਰੀ ’ਤੇ ਸਥਿਤ ਸੰਤ ਬਾਬਾ ਧਾਨਦਾਸ ਜੀ ਅਤੇ ਸੰਤ ਬਾਬਾ ਸ਼ਾਮਗਿਰ ਜੀ ਮਹਾਰਾਜ ਦੇ ਤਪ ਅਸਥਾਨ ਬਾਬਾ ਸਿਹਾਣਾ ਸਾਹਿਬ ਵਿਖੇ 43ਵਾਂ ਸਾਲਾਨਾ ਜੋੜ ਮੇਲਾ 25 ਫਰਵਰੀ ਤੋਂ ਸ਼ੁਰੂ ਹੋਵੇਗਾ। ਜਿਸ ਦੀਆਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਇਸ ਵਾਰ ਵੀ 80 ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕੀਤੇ ਜਾਣਗੇ। 10 ਦਿਨ ਤੱਕ ਚੱਲਣ ਵਾਲੇ ਇਸ ਧਾਰਮਿਕ ਸਮਾਗਮ ਦੌਰਾਨ ਸੰਗਤ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਲਾਏ ਜਾਣਗੇ। ਤਪ ਅਸਥਾਨ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ, ਰਣਜੀਤ ਸਿੰਘ, ਗਮਦੂਰ ਸਿੰਘ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਬਡਰੁੱਖਾਂ ਦੀ ਪ੍ਰਬੰਧਕ ਕਮੇਟੀ ਅਤੇ ਸੰਗਤ ਦੇ ਸਹਿਯੋਗ ਨਾਲ 80 ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਚਲਾਈ ਜਾਵੇਗੀ। ਲਗਭਗ 10 ਦਿਨ ਤੱਕ ਚੱਲਣ ਵਾਲੇ ਇਸ ਧਾਰਮਿਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਸੰਗਤ ਸ਼ਾਮਲ ਹੋਵੇਗੀ। ਸਮਾਗਮ ਦੌਰਾਨ ਗੁਰੂ ਦਾ ਅਟੁੱਟ ਲੰਗਰ ਚੱਲੇਗਾ। ਪਹਿਲੇ 20 ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ 25 ਫਰਵਰੀ ਨੂੰ ਸਵੇਰੇ 10 ਵਜੇ ਹੋਣਗੇ, ਜਿਨ੍ਹਾਂ ਦੇ ਭੋਗ 27 ਫਰਵਰੀ ਨੂੰ ਸਵੇਰੇ 9.30 ਵਜੇ ਪਾਏ ਜਾਣਗੇ। ਇਸੇ ਤਰ੍ਹਾਂ ਲੜੀਵਾਰ ਤੌਰ ’ਤੇ ਆਖਰੀ 20 ਪਾਠਾਂ ਦੇ ਭੋਗ 5 ਮਾਰਚ ਨੂੰ ਸਵੇਰੇ 9.30 ਵਜੇ ਪਾਏ ਜਾਣਗੇ। ਇਸ ਮੌਕੇ ਢਾੜੀ ਜਥੇ ਅਤੇ ਕੀਰਤਨੀ ਜਥੇ ਗੁਰਬਾਣੀ ਕੀਰਤਨ ਕਰਕੇ ਸੰਗਤ ਨੂੰ ਨਿਹਾਲ ਕਰਨਗੇ। ਸਮਾਗਮ ਦੀਆਂ ਤਿਆਰੀਆਂ ਵਿੱਚ ਅਵਤਾਰ ਸਿੰਘ, ਗੁਰਜੀਤ ਸਿੰਘ, ਸਤਨਾਮ ਸਿੰਘ, ਰਣਜੀਤ ਸਿੰਘ, ਗੁਰਨੈਬ ਸਿੰਘ, ਜਗਤਾਰ ਸਿੰਘ, ਕੁਲਜੀਤ ਸਿੰਘ, ਜੋਗਿੰਦਰ ਸਿੰਘ, ਗੁਰਜੰਟ ਸਿੰਘ ਲੱਗੇ ਹੋਏ ਸਨ। ਤਪ ਅਸਥਾਨ ਦਾ ਇਤਿਹਾਸ ਇਸ ਧਾਰਮਿਕ ਸਥਾਨ ’ਤੇ ਸੰਤ ਬਾਬਾ ਧਾਨਦਾਸ ਜੀ ਨੇ ਲਗਭਗ 400 ਸਾਲ ਪਹਿਲਾਂ ਤਪੱਸਿਆ ਕੀਤੀ ਸੀ। ਉਸ ਸਮੇਂ ਇਹ ਇਲਾਕਾ ਸੰਘਣੇ ਜੰਗਲ ਨਾਲ ਘਿਰਿਆ ਹੋਇਆ ਸੀ ਅਤੇ ਨੇੜੇ ਕੋਈ ਵੱਡੀ ਅਬਾਦੀ ਨਹੀਂ ਸੀ। ਅੱਜ ਵੀ ਇਹ ਸਥਾਨ ਸੰਘਣੇ ਵੱਡੇ ਦਰਖਤਾਂ ਨਾਲ ਘਿਰਿਆ ਹੋਇਆ ਹੈ। ਦੂਜੇ ਸੰਤ ਬਾਬਾ ਸ਼ਾਮਗਿਰ ਜੀ ਮਹਾਰਾਜ ਨੇ ਵੀ ਇੱਥੇ 1960 ਤੋਂ ਪਹਿਲਾਂ ਤਪੱਸਿਆ ਕੀਤੀ ਸੀ। 1986 ਵਿੱਚ ਦੋਹਾਂ ਸੰਤਾਂ ਦੀਆਂ ਸਮਾਧੀਆਂ ਉੱਤੇ ਉੱਚੀ ਇਮਾਰਤ ਦਾ ਨਿਰਮਾਣ ਕੀਤਾ ਗਿਆ। ਅੱਜ ਵੀ ਸੰਤ ਜੀ ਨਾਲ ਸੰਬੰਧਿਤ ਪੁਰਾਣਾ ਰੁੱਖ ਅਤੇ ਬਾਬਾ ਸ਼ਾਮਗਿਰ ਜੀ ਦੀ ਤਪੱਸਿਆ ਵਾਲਾ ਧੂਨਾ ਸਾਹਿਬ ਮੌਜੂਦ ਹੈ।