ਰਸਨੀਤ ਕੌਰ ਨੇ ਯੂਪੀਐੱਸਸੀ ’ਚ 51ਵਾਂ ਰੈਂਕ ਕੀਤਾ ਹਾਸਲ
ਫਾਇਲ ਨੰਬਰ 27 ਰਦ ਕਰਕੇ ਇਹ ਫਾਇਲ ਕੈਰੀ ਕੀਤੀ ਜਾਵੇ ਜੀ।
Publish Date: Sat, 07 Mar 2026 06:35 PM (IST)
Updated Date: Sat, 07 Mar 2026 06:39 PM (IST)

ਕਰਮਵੀਰ ਸਿੰਘ ਮਰਦਾਂਪੁਰ, ਪੰਜਾਬੀ ਜਾਗਰਣ. ਘਨੌਰ : ਪਟਿਆਲਾ ਜ਼ਿਲ੍ਹੇ ਲਈ ਇਹ ਬੜੀ ਮਾਣ ਵਾਲੀ ਗੱਲ ਹੈ ਕਿ ਹਲਕਾ ਘਨੌਰ ਦੇ ਪਿੰਡ ਮਦਨਪੁਰ ਦੀ ਧੀ ਰਸਨੀਤ ਕੌਰ ਨੇ ਯੂਪੀਐੱਸਸੀ ਸਿਵਲ ਸਰਵਿਸਿਜ਼ ਪ੍ਰੀਖਿਆ ਵਿੱਚ ਪਹਿਲੀ ਹੀ ਵਾਰ ਸ਼ਾਨਦਾਰ ਆਲ ਇੰਡੀਆ ਰੈਂਕ 51 ਹਾਸਲ ਕਰ ਕੇ ਇਲਾਕੇ ਦਾ ਨਾਮ ਦੇਸ਼ ਭਰ ਵਿੱਚ ਰੋਸ਼ਨ ਕੀਤਾ ਹੈ। 22 ਸਾਲਾਂ ਦੀ ਰਸਨੀਤ ਕੌਰ ਨੇ ਇਹ ਸਫਲਤਾ ਸਵੈ ਅਧਿਐਨ ਅਤੇ ਆਪਣੀ ਲਗਨ ਭਰੀ ਮਿਹਨਤ ਨਾਲ ਪ੍ਰਾਪਤ ਕੀਤੀ ਹੈ, ਜੋ ਨੌਜਵਾਨਾਂ ਲਈ ਵੱਡੀ ਪ੍ਰੇਰਨਾ ਬਣੀ ਹੋਈ ਹੈ। ਉਸ ਦੀ ਇਸ ਕਾਮਯਾਬੀ ਨਾਲ ਪਿੰਡ ਸਮੇਤ ਪੂਰੇ ਇਲਾਕੇ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ ਅਤੇ ਲੋਕਾਂ ਵੱਲੋਂ ਉਸ ਦੇ ਪਰਿਵਾਰ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਰਸਨੀਤ ਕੌਰ ਦੇ ਪਿਤਾ ਜਸਵਿੰਦਰ ਸਿੰਘ ਬਿਜਲੀ ਬੋਰਡ ਵਿੱਚ ਲਾਈਨਮੈਨ ਵਜੋਂ ਸੇਵਾ ਨਿਭਾ ਰਹੇ ਹਨ, ਜਦਕਿ ਮਾਤਾ ਸਵਰਨ ਕੌਰ ਘਰੇਲੂ ਮਹਿਲਾ ਹਨ। ਉਸ ਦਾ ਵੱਡਾ ਭਰਾ ਜਗਦੀਪ ਸਿੰਘ ਹੈ। ਰਸਨੀਤ ਕੌਰ ਨੇ ਆਪਣੀ ਪਹਿਲੀ ਤੋਂ ਬਾਰ੍ਹਵੀਂ ਤਕ ਦੀ ਪੜ੍ਹਾਈ ਸਕਾਲਰਜ਼ ਪਬਲਿਕ ਸਕੂਲ ਤੋਂ ਕੀਤੀ। ਇਸ ਤੋਂ ਬਾਅਦ ਉਸ ਨੇ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਤੋਂ ਬੀਐੱਸਸੀ ਕਮਿਸਟਰੀ ਆਨਰਜ਼ ਦੀ ਡਿਗਰੀ ਪ੍ਰਾਪਤ ਕੀਤੀ। ਰਸਨੀਤ ਕੌਰ ਦੀ ਇਸ ਸ਼ਾਨਦਾਰ ਸਫਲਤਾ ਨਾਲ ਪਿੰਡ ਮਦਨਪੁਰ ਅਤੇ ਹਲਕਾ ਘਨੌਰ ਦਾ ਨਾਮ ਦੇਸ਼ ਭਰ ਵਿੱਚ ਰੋਸ਼ਨ ਹੋਇਆ ਹੈ। ਇਲਾਕੇ ਦੇ ਲੋਕਾਂ ਅਤੇ ਵੱਖ-ਵੱਖ ਸੰਸਥਾਵਾਂ ਵੱਲੋਂ ਰਸਨੀਤ ਕੌਰ ਅਤੇ ਉਸ ਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਜਾ ਰਹੀ ਹੈ ਅਤੇ ਉਸ ਦੇ ਉੱਜਲੇ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਸਾਬਕਾ ਵਿਧਾਇਕ ਘਨੌਰ ਮਦਨ ਲਾਲ ਜਲਾਲਪੁਰ, ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੇਲਪੁਰ, ਸਾਬਕਾ ਵਿਧਾਇਕ ਐੱਨਕੇ ਸ਼ਰਮਾ, ਸਾਬਕਾ ਸਰਪੰਚ ਲਾਲ ਸਿੰਘ ਮਰਦਾਂਪੁਰ, ਕਿਸਾਨ ਆਗੂ ਧਰਮਪਾਲ ਸਿੰਘ ਸੀਲ, ਪਵਨ ਕੁਮਾਰ ਸੋਗਲਪੁਰ ਅਤੇ ਪ੍ਰੈੱਸ ਕਲੱਬ ਘਨੌਰ ਦੇ ਸਾਬਕਾ ਪ੍ਰਧਾਨ ਭਾਗ ਸਿੰਘ ਨੇ ਵੀ ਰਸਨੀਤ ਕੌਰ ਨੂੰ ਵਧਾਈਆਂ ਦਿੰਦਿਆਂ ਕਿਹਾ ਕਿ ਉਸ ਦੀ ਇਸ ਕਾਮਯਾਬੀ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਵੱਡੀ ਪ੍ਰੇਰਨਾ ਮਿਲੇਗੀ ਅਤੇ ਇਹ ਪੂਰੇ ਖੇਤਰ ਲਈ ਮਾਣ ਵਾਲੀ ਗੱਲ ਹੈ।