- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਧਰਨਾਕਾਰੀਆਂ ਨੇ ਬਿਜਲੀ ਮੰਤਰੀ ਕੀਤਾ ਪਾਵਰਕਾਮ ਦੇ ਮੁੱਖ ਦਫਤਰ ਅੰਦਰ ਬੰਦ

- ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਗੱਜੇ ਬਿਜਲੀ ਮੁਲਾਜ਼ਮ, ਪੈਨਸ਼ਨਰ ਤੇ ਸਿੱਖਿਆਰਥੀ, ਸਾਰੇ ਗੇਟ ਬੰਦ ਕਰ ਕੇ ਕੀਤਾ ਮੁਜ਼ਾਹਰਾ
ਫੋਟੋ 10ਪੀਟੀਐੱਲ- 26 ਤੇ 27
ਪ੍ਰਗਟ ਸਿੰਘ•, ਪੰਜਾਬੀ ਜਾਗਰਣ
•ਪਟਿਆਲਾ : ਸ਼ੁੱਕਰਵਾਰ ਦੁਪਹਿਰ ਵੇਲੇ ਸਥਿਤੀ ਉਸ ਸਮੇ ਤਣਾਅ ਪੂਰਨ ਹੋ ਗਈ ਜਦੋਂ ਬਿਜਲੀ ਮੰਤਰੀ ਸੰਜੀਵ ਅਰੋੜਾ ਸਮੇਤ ਸਮੂਚੀ ਮੈਨੇਜਮੈਂਟ ਨੂੰ ਪਾਵਰਕਾਮ ਦੇ ਮੁੱਖ ਦਫ਼ਤਰ ਅੱਗੇ ਧਰਨਾ ਦੇ ਰਹੇ ਬਿਜਲੀ ਮੁਲਾਜ਼ਮਾਂ, ਪੈਨਸ਼ਨਰਾਂ ਤੇ ਅਪ੍ਰੈਂਟਿਸਸ਼ਿਪ ਕਰ ਰਹੇ ਸਿੱਖਿਆਰਥੀਆਂ ਨੇ ਸਾਰੇ ਗੇਟ ਬੰਦ ਕਰ ਕੇ ਅੰਦਰ ਹੀ ਬੰਦ ਕਰ ਦਿੱਤਾ ਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਐੱਸਪੀ ਸਿਟੀ ਪਲਵਿੰਦਰ ਸਿੰਘ ਚੀਮਾਂ ਦੀ ਅਗਵਾਈ ਹੇਠ ਮੈਨੇਜਮੈਂਟ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਮੀਟਿੰਗ ਦਾ ਲਿਖਤੀ ਪੱਤਰ ਦੇਣ ਉਪਰੰਤ ਮੁੱਖ ਦਫਤਰ ਦਾ ਸ੍ਰੀ ਕਾਲੀ ਮਾਤਾ ਮੰਦਰ ਦੀ ਸਾਈਡ ਵਾਲਾ ਗੇਟ ਖੁੱਲ੍ਹਵਾ ਦਿੱਤਾ ਗਿਆ ਤੇ ਧਰਨਾ ਸਮਾਪਤ ਕੀਤਾ ਗਿਆ। ਧਰਨੇ ਕਰ ਕੇ ਰਸਤੇ ਬੰਦ ਹੋਣ ਕਾਰਨ ਡਾਈਵਰਟ ਕੀਤੀ ਟ੍ਰੈਫਿਕ ਨਾਲ ਸ਼ਹਿਰ ਦੇ ਅੰਦਰੂਨੀ ਰਸਤਿਆਂ ’ਚ ਵੱਡੇ-ਵੱਡੇ ਜਾਮ ਲੱਗੇ ਰਹੇ।
ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਅਪ੍ਰੈਂਟਿਸਸ਼ਿਪ ਲਾਜ਼ਮੀ ਨੂੰ ਖ਼ਤਮ ਕਰ ਕੇ ਸਿੱਧੀ ਭਰਤੀ ਕਰਨ ਦਾ ਅਪ੍ਰੈਂਟਿਸਸ਼ਿਪ ਕਰ ਰਹੇ 2600 ਸਿੱਖਿਆਰਥੀਆਂ ਵੱਲੋਂ ਪੱਕਾ ਧਰਨਾ ਲਗਾ ਕੇ ਪਾਵਰਕਾਮ ਦਾ ਮੇਨ ਗੇਟ ਬੰਦ ਕੀਤਾ ਹੋਇਆ ਹੈ ਤੇ ਧਰਨੇ ਦਾ ਅੱਜ ਦੂਜਾ ਦਿਨ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਸੁਰਿੰਦਰ ਸਿੰਘ ਜਲਾਲਾਬਾਦ ਨੇ ਦੱਸਿਆ ਕਿ ਬਿਜਲੀ ਨਿਗਮ ਦੁਆਰਾ ਜੋ ਬਿਲ ਲਿਆਂਦਾ ਗਿਆ ਹੈ ਉਸ ’ਚ ਆਈਟੀਆਈ ਪਾਸ ਨੂੰ ਸਿੱਧਾ ਸਹਾਇਕ ਲਾਈਨਮੈਨ ਭਰਤੀ ਕਰਨ ਉਪਰੰਤ 6 ਮਹੀਨੇ ਦੀ ਆਨ ਜਾਬ ਟ੍ਰੇਨਿੰਗ ਦਿੱਤੀ ਜਾਵੇਗੀ ਪਰ ਅਸੀਂ ਇਨਾਂ ਸਾਰੀਆਂ ਸ਼ਰਤਾਂ ਨੂੰ ਪੂਰਾ ਕਰਦੇ ਹਾਂ ਤੇ ਕਰੀਬ ਸਾਢੇ ਚਾਰ ਮਹੀਨੇ ਦੀ ਟ੍ਰੇਨਿੰਗ ਪੂਰੀ ਹੋ ਚੁੱਕੀ ਹੈ ਤੇ ਸਾਨੂੰ ਛੇ ਮਹੀਨੇ ਦੀ ਟ੍ਰੇਨਿੰਗ ਕਰਨ ਉਪਰੰਤ ਪਹਿਲ ਦੇ ਆਧਾਰ ’ਤੇ ਸਹਾਇਕ ਲਾਈਨਮੈਨ ਰੈਗੂਲਰ ਕੀਤਾ ਜਾਵੇ। ਉਨ੍ਹਾਂ ਇਲਜਾਮ ਲਗਾਇਆ ਕਿ ਸਰਕਾਰ ਹੋਰਨਾਂ ਰਾਜ਼ਾਂ ਦੇ ਵਿਅਕਤੀ ਭਰਤੀ ਕਰਨ ਲਈ ਰੂਲ ਬਦਲ ਰਹੀ ਹੈ। ਦੂਜੇ ਪਾਸੇ ਬਿਜਲੀ ਕਾਮਿਆਂ ਦੀਆਂ ਪ੍ਰਮੁੱਖ ਮੁਲਾਜ਼ਮ ਅਤੇ ਪੈਨਸ਼ਨਰ ਜਥੇਬੰਦੀਆਂ ਦੇ ਅਧਾਰਿਤ ਬਣੇ ਸਾਂਝੇ ਥੜੇ ਪੀਐੱਸਈਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ ਪਾਵਰਕਾਮ ਐਂਡ ਟ੍ਰਾਂਸ਼ਕੋ ਪੈਨਸ਼ਨਰ ਯੂਨੀਅਨ ਏਟਕ ਪੰਜਾਬ, ਪੈਨਸ਼ਨਰ ਵੈਲਫੇਅਰ ਫੈਡਰੇਸ਼ਨ (ਪਹਿਲਵਾਨ) ਦੇ ਸੂਬਾ ਪੱਧਰੀ ਸੱਦੇ ’ਤੇ ਅੱਜ ਹਜ਼ਾਰਾਂ ਦੀ ਗਿਣਤੀ ਵਿੱਚ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਸਾਹਮਣੇ ਮੁਲਾਜ਼ਮ ਆਗੂਆਂ ਕੁਲਵਿੰਦਰ ਸਿੰਘ ਢਿੱਲੋਂ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਸਾਂਝੀ ਅਗਵਾਈ ਹੇਠ ਵਿਸ਼ਾਲ ਰੋਸ ਧਰਨਾ ਲਗਾ ਕੇ ਮੰਨੀਆਂ ਮੰਗਾਂ ਲਾਗੂ ਨਾਂ ਕਰਨ ਦੇ ਵਿਰੁੱਧ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਸੰਬੋਧਨ ਕਰਦਿਆਂ ਮੁਲਾਜ਼ਮ ਆਗੁਆਂ ਹਰਪਾਲ ਸਿੰਘ , ਗੁਰਵੇਲ ਸਿੰਘ ਬੱਲਪੁਰੀਆ , ਗੁਰਭੇਜ ਸਿੰਘ ਢਿੱਲੋਂ , ਸਰਿੰਦਰਪਾਲ ਲਹੌਰੀਆ, ਨਿਰਮਲ ਸਿੰਘ ਹੁਸ਼ਿਆਰਪੁਰ, ਬਲਜੀਤ ਸਿੰਘ ਮੋਦਲਾ, ਦਵਿੰਦਰ ਸਿੰਘ ਪਿਸੋਰ, ਰਣਜੀਤ ਸਿੰਘ ਢਿੱਲੋਂ ,ਰਵੇਲ ਸਿੰਘ ਸਹਾਏਪੁਰ , ਮਨਜੀਤ ਸਿੰਘ ਚਾਹਲ, ਨਰਿੰਦਰ ਕੁਮਾਰ ਬੱਲ, ਬਾਬਾ ਅਮਰਜੀਤ ਸਿੰਘ, ਕੌਰ ਸਿੰਘ ਸੋਹੀ, ਕਰਮਜੀਤ ਸਿੰਘ ਖੀਵਾ, ਦਲੀਪ ਕੁਮਾਰ, ਪਵਨਪ੍ਰੀਤ ਸਿੰਘ, ਗੁਰਪਿਆਰ ਸਿੰਘ ਨੇ ਕਿਹਾ ਕਿ ਮੁਲਾਜ਼ਮ ਅਤੇ ਪੈਨਸ਼ਨਰ ਮਸਲਿਆਂ ਦੇ ਨਿਪਟਾਰੇ ਸਬੰਧੀ ਖਜ਼ਾਨਾ ਤੇ ਬਿਜਲੀ ਮੰਤਰੀ ਦੀ ਹਾਜ਼ਰੀ ’ਚ ਪਾਵਰ ਮੈਨੇਜਮੈਂਟ ਨਾਲ ਜਥੇਬੰਦੀਆਂ ਦੀਆਂ ਹੋਈਆਂ ਮੀਟਿੰਗਾਂ ’ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਵਾਜਿਬ ਮੰਗਾਂ ਮਨ ਲਈਆਂ ਸਨ ਪਰ ਉਹ ਅੱਜ ਤੱਕ ਲਾਗੂ ਨਹੀਂ ਕੀਤੀਆਂ ਗਈਆਂ, ਜਿਸ ਖਿਲਾਫ਼ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਸ ਦੇ ਰੋਸ ਵਜੋਂ ਬਿਜਲੀ ਕਰਮਚਾਰੀਆਂ ਵੱਲੋਂ ਅੱਜ ਧਰਨਾ ਦੇ ਕੇ 11 ਅਪ੍ਰੈਲ ਤੋਂ 25 ਅਪ੍ਰੈਲ ਤੱਕ ਵਰਕ ਟੂ ਰੂਲ ਅਨੁਸਾਰ ਸਿਰਫ ਆਪਣੀ ਬਣਦੀ ਡਿਊਟੀ ਕਰਨ ਉਪਰੰਤ ਮਈ ਦੇ ਦੂਸਰੇ ਹਫਤੇ ਮੰਗਾਂ ਦੀ ਪ੍ਰਾਪਤੀ ਲਈ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਸੂਬਾ ਪੱਧਰੀ ਰੋਸ ਧਰਨਾ ਦਿੱਤਾ ਜਾਵੇਗਾ। ਆਗੂਆਂ ਨੇ ਕਿਹਾ ਕਿ ਬਿਜਲੀ ਕਾਮੇ ਜੂਨ ਦੇ ਦੂਸਰੇ ਹਫਤੇ ਦੋ ਰੋਜ਼ਾ ਮੁਕੰਮਲ ਹੜਤਾਲ ਕਰਨਗੇ।
ਮੁਲਾਜ਼ਮ ਤੇ ਪੈਨਸ਼ਨਰ ਮਸਲਿਆਂ ਦੇ ਹੱਲ ਲਈ ਮੀਟਿੰਗ 16 ਨੂੰ
ਰੋਸ ਧਰਨੇ ਦੇ ਅਖੀਰ ’ਤੇ ਮੈਨੇਜਮੈਂਟ ਖ਼ਿਲਾਫ਼ ਧਰਨਾਕਾਰੀਆਂ ਨੇ ਰੋਹ ’ਚ ਆ ਕੇ ਬਿਜਲੀ ਮੰਤਰੀ ਸੰਜੀਵ ਅਰੋੜਾ ਤੇ ਸੀਐੱਮਡੀ ਬਸੰਤ ਗਰਗ ਆਈਏਐੱਸ ਦੀ ਪਾਵਰਕਾਮ ਦੇ ਦਫ਼ਤਰ ’ਚ ਆਮਦ ਤੇ ਮੁੱਖ ਦਫ਼ਤਰ ਦੇ ਗੇਟ ਬੰਦ ਕਰ ਕੇ ਨਾਅਰੇਬਾਜ਼ੀ ਕਰ ਕੇ ਕੀਤੇ ਪ੍ਰਦਰਸ਼ਨ ਤੋਂ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਜਥੇਬੰਦੀਆਂ ਨੂੰ 16 ਅਪ੍ਰੈਲ ਨੂੰ ਉਦਯੋਗ ਭਵਨ ਚੰਡੀਗੜ੍ਹ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਮੁਲਾਜ਼ਮ ਤੇ ਪੈਨਸ਼ਨਰ ਮਸਲਿਆਂ ਦੇ ਹੱਲ ਲਈ ਮੀਟਿੰਗ ਕਰਨ ਦਾ ਲਿਖਤੀ ਸੱਦਾ ਪੱਤਰ ਦੇਣ ’ਤੇ ਧਰਨਾਕਾਰੀਆਂ ਨੇ ਪ੍ਰਦਰਸ਼ਨ ਖ਼ਤਮ ਕਰ ਦਿੱਤਾ। ਜਦਕਿ ਦੇਰ ਸ਼ਾਮ ਤੱਕ ਅਪ੍ਰੈਂਟਸ਼ਿਪ ਯੂਨੀਅਨ ਦੇ ਆਗੂਆਂ ਦੀ ਬਿਜਲੀ ਮੰਤਰੀ ਤੇ ਮੈਨੇਜਮੈਂਟ ਨਾਲ ਹੋਈ ਮੀਟਿੰਗ ਬੇਸਿੱਟਾ ਰਹਿਣ ਕਾਰਨ ਉਨ੍ਹਾਂ ਦਾ ਧਰਨਾ ਜਾਰੀ ਰਿਹਾ।