ਬੇਰੁਜ਼ਗਾਰ ਲਾਇਨਮੈਨਾਂ ਦੇ ਧਰਨੇ ’ਚ ਪੁੱਜੇ ਪ੍ਰੋ. ਚੰਦੂਮਾਜਰਾ
ਬੇਰੁਗਾਰ ਲਾਇਨਮੈਨਾ ਦੇ ਧਰਨੇ ’ਚ ਪੁੱਜੇ ਪ੍ਰੋ. ਚੰਦੂਮਾਜਰਾ
Publish Date: Sun, 07 Jun 2026 04:41 PM (IST)
Updated Date: Sun, 07 Jun 2026 04:44 PM (IST)

ਸਟਾਫ ਰਿਪੋਰਟਰ•, ਪੰਜਾਬੀ ਜਾਗਰਣ•, ਪਟਿਆਲਾ : ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਦੇ ਸੀਨੀਅਰ ਆਗੂ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਪਾਰਟੀ ਦੇ ਸਮੁੱਚੇ ਅਹੁਦੇਦਾਰਾਂ ਦੇ ਨਾਲ ਬੇਰੁਜ਼ਗਾਰ ਲਾਇਨਮੈਨਾਂ ਵੱਲੋਂ ਰੁਜ਼ਗਾਰ ਪ੍ਰਾਪਤੀ ਲਈ ਕੀਤੇ ਜਾ ਰਹੇ ਸੰਘਰਸ਼ ਵਿਚ ਪਹੁੰਚੇ ਤੇ ਉਨ੍ਹਾਂ ਦਾ ਸਮਰਥਨ ਕੀਤਾ। ਪ੍ਰੋ. ਚੰਦੂਮਾਜਰਾ ਨੇ ਨਾ ਕੇਵਲ ਸੰਘਰਸ਼ ਵਿਚ ਸਾਥ ਦੇਣ ਦਾ ਐਲਾਨ ਕੀਤਾ, ਸਗੋਂ ਬੇਰੁਜ਼ਗਾਰ ਲਾਇਨਮੈਨਾਂ ’ਤੇ ਕੀਤੇ ਗਏ ਗੈਰ ਮਨੁੱਖੀ ਤਸ਼ੱਦਦ ਦੇ ਵਿਰੋਧ ’ਚ ਹਾਈਕੋਰਟ ਵਿਚ ਪਟੀਸ਼ਨ ਦਾਇਰ ਕਰਨ ਤੇ ਮਨੁੱਖੀ ਅਧਿਕਾਰ ਕਮਿਸ਼ਨਰ ਦੇ ਕੋਲ ਸਿਕਾਇਤ ਦਰਜ ਕਰਵਾਉਣ ਦਾ ਐਲਾਨ ਵੀ ਕੀਤਾ। ਪ੍ਰੋ. ਚੰਦੂਮਾਜਰਾ ਨੇ ਸਾਰੀਆਂ ਸਿਆਸੀ ਧਿਰਾਂ ਨੂੰ ਸੱਦਾ ਵੀ ਦਿੱਤਾ ਗਿਆ ਕਿ ਉਹ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਇਕ ਸਾਂਝਾ ਮੰਚ ਬਣਾ ਕੇ ਉਸ ’ਤੇ ਇਕੱਠੇ ਹੋਣ ਅਤੇ ਇਨ੍ਹਾਂ ਨੌਜਵਾਨਾ ਨੂੰ ਇਨਸਾਫ ਦਿਵਾਉਣ ਲਈ ਸੰਘਰਸ਼ ਵਿੱਢਣ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਜਦੋਂ ਜਨ ਸ਼ਕਤੀ ਇਕ ਮੰਚ ’ਤੇ ਇਕੱਠੀ ਹੋ ਕੇ ਸੰਘਰਸ਼ ਦੇ ਮੈਦਾਨ ਵਿਚ ਉਤਰਦੀ ਹੈ ਤਾਂ ਫੇਰ ਵੱਡੇ ਵੱਡੇ ਤਖਤ ਹਿੱਲ ਜਾਂਦੇ ਹਨ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਜਿਹੜੇ ਪੁਲਿਸ ਅਧਿਕਾਰੀਆਂ ਵੱਲੋਂ ਇਹ ਤਸ਼ੱਦਦ ਕੀਤਾ ਗਿਆ ਉਨ੍ਹਾਂ ਨੂੰ ਬਰਖਾਸ਼ਤ ਕੀਤਾ ਜਾਵੇ। ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਸਰਕਾਰ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਸੱਤਾ ਵਿਚ ਆਈ ਪਰ ਹੁਣ ਤਾਨਾਸਾਹ ਬਣ ਕੇ ਬਹਿ ਗਈ ਹੈ, ਇਸ ਦੇ ਪਿਛੇ ਕਾਰਨ ਇਹ ਹੈ ਕਿ ਸੱਤਾ ਦੀ ਚਾਬੀ ਉਨ੍ਹਾਂ ਦਿੱਲੀ ਵਾਲਿਆਂ ਦੇ ਹੱਥ ਵਿਚ ਹੈ, ਜਿਨ੍ਹਾਂ ਨੂੰ ਪੰਜਾਬ ਦਾ ਕੋਈ ਦਰਦ ਨਹੀਂ। ਸਰਕਾਰੀ ਨੌਕਰੀਆਂ ਤੋਂ ਲੈ ਕੇ ਵੱਡੇ ਸਰਕਾਰੀ ਆਹੁਦੇ ਤਾਂ ਸੂਬੇ ਤੋਂ ਬਾਹਰ ਵਾਲਿਆਂ ਨੂੰ ਦਿੱਤੇ ਜਾ ਰਹੇ ਹਨ ਤਾਂ ਫੇਰ ਇਨ੍ਹਾਂ ਸੰਘਰਸ਼ ਕਰ ਰਹੇ ਨੌਜਵਾਨਾ ਦੀ ਕੋਣ ਸੁਣੇਗਾਾ। ਪ੍ਰੋ. ਚੰਦੂਮਾਜਰਾ ਨੇ ਐਲਾਨ ਕੀਤਾ ਜਦੋਂ ਸੰਘਰਸ਼ੀਲ ਨੌਜਵਾਨਾ ਵੱਲੋਂ ਕੋਈ ਪ੍ਰੋਗਰਾਮ ਦਿੱਤਾ ਜਾਵੇਗਾ ਤਾਂ ਉਨ੍ਹਾਂ ਦੀ ਪਾਰਟੀ ਉਸ ਪ੍ਰੋਗਰਾਮ ਵਿਚ ਵਧ ਚੜ੍ਹ ਕੇ ਭਾਗ ਲਵੇਗੀ ਅਤੇ ਆਪਣਾ ਬਣਦਾ ਯੋਗਦਾਨ ਪਾਵੇਗੀ। ਇਸ ਮੌਕੇ ਕਰਨੈਲ ਸਿੰਘ ਪੰਜੋਲੀ ਮੈਂਬਰ ਐਸਜੀਪੀਸੀ, ਰਣਧੀਰ ਸਿੰਘ ਰੱਖੜਾ ਜ਼ਿਲ੍ਹਾ ਪ੍ਰਧਾਨ ਪਟਿਆਲਾ ਦਿਹਾਤੀ, ਰਵਿੰਦਰ ਸਿੰਘ ਵਿੰਦਾ ਗਰੋਵਰ ਜ਼ਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ, ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐਸਜੀਪੀਸੀ, ਭੁਪਿੰਦਰ ਸਿੰਘ ਸ਼ੇਖੂਪੁਰ, ਸੁਖਬੀਰ ਸਿੰਘ ਅਬਲੋਵਾਲ, ਮਹਿੰਦਰਪਾਲ ਸਿੰਘ ਸੋਢੀ ਅਤੇ ਹੋਰ ਸਮੁੱਚੇ ਜ਼ਿਲ੍ਹਾ ਪਟਿਆਲਾ ਦਿਹਾਤੀ ਤੇ ਸ਼ਹਿਰੀ ਦੇ ਅਹੁਦੇਦਾਰ ਸਾਹਿਬਾਨ ਅਤੇ ਵੱਡੀ ਗਿਣਤੀ ਵਰਕਰ ਮੌਜੂਦ ਸਨ ।