ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 7 ਮੁਲਜ਼ਮ ਕਾਬੂ
ਪੁਲਿਸ ਨੇ ਅੰਨ੍ਹਾ ਕਤਲ ਦੀ ਗੁੱਥੀ ਸੁਲਝਾਈ, 7 ਮੁਲਜ਼ਮ ਕਾਬੂ
Publish Date: Mon, 13 Apr 2026 06:48 PM (IST)
Updated Date: Tue, 14 Apr 2026 04:08 AM (IST)

ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਪਿਛਲੇ ਦਿਨੀਂ ਭਵਾਨੀਗੜ੍ਹ ਵਿੱਚ ਹੋਏ ਅੰਨ੍ਹੇ ਕਤਲ ਮਾਮਲੇ ਦੀ ਪੁਲਿਸ ਨੇ ਗੁੱਥੀ ਸੁਲਝਾਉਂਦਿਆਂ ਸੱਤ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਕਤਲ ਵੇਲੇ ਵਰਤਿਆਂ ਸਾਮਾਨ ਬਰਾਮਦ ਕੀਤਾ ਹੈ। ਅਸਲ ਵਿਚ ਮੁਲਜ਼ਮ ਚੋਰੀ, ਡਕੈਤੀ ਕਰਨ ਦੇ ਆਦੀ ਹਨ ਤੇ ਸਾਰੇ ਮੰਡੀ ਗੋਬਿੰਦਗੜ ਨਾਲ ਸਬੰਧਤ ਹਨ। ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 7 ਅਪ੍ਰੈਲ ਨੂੰ ਇਤਲਾਹ ਮਿਲੀ ਕਿ ਰਾਮਜੀ ਸਿੰਘ ਵਾਸੀ ਬਾਲਦ ਕਲਾਂ, ਪਲਾਟ ਵਿਚ ਬੋਰ ਲਾਉਣ ਵਾਲੀ ਮਸ਼ੀਨ ਦੀ ਰਾਖੀ ਕਰ ਰਿਹਾ ਸੀ, ਜਿਸ ਦਾ 6 ਅਪ੍ਰੈਲ ਦੀ ਦਰਮਿਆਨੀ ਰਾਤ ਨੂੰ ਨਾਮਾਲੂਮ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਇਸ ਸੰਬਧੀ ਥਾਣਾ ਭਵਾਨੀਗੜ੍ਹ ਵਿਚ ਨਾਮਾਲੂਮ ਵਿਅਕਤੀ/ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਤਫਤੀਸ਼ ਅਮਲ ’ਚ ਲਿਆਂਦੀ ਗਈ। ਕੇਸ ਨੂੰ ਟਰੇਸ ਕਰਨ ਲਈ ਐੱਸਪੀ (ਡੀ) ਦਵਿੰਦਰ ਅੱਤਰੀ ਦੀ ਅਗਵਾਈ ਹੇਠ ਦਲਜੀਤ ਸਿੰਘ ਵਿਰਕ, ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ ਤੇ ਰਾਹੁਲ ਕੌਸ਼ਲ, ਉਪ ਕਪਤਾਨ ਪੁਲਿਸ, ਸਬ ਡਿਵੀਜ਼ਨ ਭਵਾਨੀਗੜ੍ਹ ਦੀ ਨਿਗਰਾਨੀ ਹੇਠ ਇੰਸਪੈਕਟਰ ਸੰਦੀਪ ਸਿੰਘ ਇੰਚਾਰਜ ਸੀਆਈਏ ਬਹਾਦਰ ਸਿੰਘ ਵਾਲਾ ਤੇ ਇੰਸਪੈਕਟਰ ਮਾਲਵਿੰਦਰ ਸਿੰਘ, ਮੁੱਖ ਅਫ਼ਸਰ ਥਾਣਾ ਭਵਾਨੀਗੜ੍ਹ ਦੀਆਂ ਟੀਮਾਂ ਬਣਾ ਕੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਤਫਤੀਸ਼ ਦੌਰਾਨ ਮੁਲਜ਼ਮ ਅਸਨੇਹ ਪਾਠਕ ਵਾਸੀ ਵਾਰਡ-32 ਰਾਮ ਨਗਰ ਮੰਡੀ ਗੋਬਿੰਦਗੜ੍ਹ, ਸੂਰਜ ਕੁਮਾਰ ਵਾਸੀ ਰਾਮ ਨਗਰ ਮੰਡੀ ਗੋਬਿੰਦਗੜ੍ਹ, ਰਵਿੰਦਰ ਕੁਮਾਰ ਵਾਸੀ ਰਾਮ ਨਗਰ ਮੰਡੀ ਗੋਬਿੰਦਗੜ੍ਹ, ਮੋਨੂੰ ਵਰਮਾ ਵਾਸੀ ਰਾਮ ਨਗਰ ਮੰਡੀ ਗੋਬਿੰਦਗੜ੍ਹ, ਨਿਤਿਸ਼ ਕੁਮਾਰ ਵਾਸੀ ਬਿਧੀ ਚੰਦ ਕਲੋਨੀ ਮੰਡੀ ਗੋਬਿੰਦਗੜ੍ਹ, ਮੁੰਨਾ ਕੁਮਾਰ ਵਾਸੀ ਬਿਧੀ ਚੰਦ ਕਲੋਨੀ ਮੰਡੀ ਗੋਬਿੰਦਗੜ੍ਹ ਅਤੇ 1 ਜੁਬਨਾਇਲ ਨਾਮਜ਼ਦ ਕਰ ਕੇ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਕੋਲੋਂ ਵਾਰਦਾਤ ਸਮੇਂ ਵਰਤਿਆ ਕੈਂਟਰ, ਮੋਟਰਸਾਈਕਲ, ਚੋਰੀਸ਼ੁਦਾ 4 ਪਾਈਪ ਲੋਹਾ, 1 ਡੰਡਾ ਤੇ ਮ੍ਰਿਤਕ ਦਾ ਮੋਬਾਈਲ ਬਰਾਮਦ ਕੀਤਾ ਗਿਆ। ਮੁਲਜ਼ਮਾਂ ਪਾਸੋਂ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਗਈ, ਜਿਨ੍ਹਾਂ ਨੇ ਮੰਨਿਆ ਕਿ ਉਨ੍ਹਾਂ ਵੱਲੋਂ 8/9 ਅਪ੍ਰੈਲ ਦੀ ਰਾਤ ਨੂੰ ਕ੍ਰਿਸ਼ਨਾ ਡੇਅਰੀ ਫਾਰਮ ਪਿੰਡ ਸਲਾਣਾ ਦੁੱਲਾ ਸਿੰਘ ਵਾਲਾ, ਥਾਣਾ ਅਮਲੋਹ (ਜ਼ਿਲ੍ਹਾ ਫਤਿਹਗੜ੍ਹ ਸਾਹਿਬ) ਤੋਂ 14 ਪਾਈਪ ਲੋਹਾ, 17 ਸੌਕਟ, ਕਰੀਬ ਡੇਢ ਮਹੀਨਾ ਪਹਿਲਾਂ ਸਾਹਨੇਵਾਲ ਰੋਡ ਤੋਂ 15-16 ਪਾਈਪ ਲੋਹਾ, ਕਰੀਬ 01 ਮਹੀਨਾ ਪਹਿਲਾ ਜਲੰਧਰ ਰੋਡ ਲੁਧਿਆਣਾ ਤੋਂ 5 ਟਨ ਸਰੀਆ ਅਤੇ 20 ਦਿਨ ਪਹਿਲਾਂ ਦੁਰਾਹੇ ਵਾਲੀ ਨਹਿਰ ਪਿੰਡ ਦੁੱਗਰੀ ਬਾਈਪਾਸ ਕੋਲੋਂ ਸ਼ਟਰਿੰਗ ਦਾ ਸਾਮਾਨ ਚੋਰੀ ਕੀਤਾ ਸੀ। ਮੁਲਜ਼ਮਾਂ ਦਾ ਰਿਮਾਂਡ ਹਾਸਲ ਕਰ ਕੇ ਡੂੰਘਾਈ ਨਾਲ ਪੁੱਛ-ਪੜਤਾਲ ਕੀਤੀ ਜਾ ਰਹੀ ਹੈ, ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।