ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਦੋ ਕਾਬੂ
ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ; ਦੋ ਕਾਬੂ
Publish Date: Fri, 16 Jan 2026 05:40 PM (IST)
Updated Date: Sat, 17 Jan 2026 04:07 AM (IST)

ਚੋਰੀ ਦੇ ਸਾਮਾਨ ਦੀ ਵੰਡ ਨੂੰ ਲੈ ਕੇ ਕੀਤਾ ਸਾਥੀ ਦਾ ਕਤਲ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਲੰਘੀ 11 ਜਨਵਰੀ ਨੂੰ ਧੂਰੀ ਖੇਤਰ ’ਚ ਹੋਏ ਅੰਨ੍ਹੇ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਪੁਲਿਸ ਨੇ ਦੋ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਕਤਲ 2 ਵਿਅਕਤੀਆਂ ਵੱਲੋਂ ਆਪਣੇ ਤੀਜੇ ਸਾਥੀ ਨਾਲ ਚੋਰੀ ਦੇ ਸਾਮਾਨ ਦੀ ਵੰਡ ਨੂੰ ਲੈ ਕੇ ਹੋਏ ਝਗੜੇ ਕਾਰਨ ਕੀਤਾ ਸੀ। ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 11 ਜਨਵਰੀ ਨੂੰ ਪੁਲਿਸ ਨੂੰ ਸੂਚਨਾ ਮਿਲੀ ਕਿ ਖੇਤਾਂ ਨੂੰ ਜਾਂਦੇ ਰਸਤੇ ’ਤੇ ਇਕ ਅਣਪਛਾਤਾ ਵਿਅਕਤੀ ਬੇਸੁੱਧ ਹਾਲਤ ਵਿਚ ਪਿਆ ਸੀ, ਜਿਸ ਦੀ ਮੌਤ ਹੋ ਚੁੱਕੀ ਸੀ, ਜਿਸ ਦੇ ਸਿਰ ਉੱਤੇ ਸੱਟਾਂ ਸਨ ਤੇ ਮੂੰਹ ਵਿੱਚੋਂ ਖ਼ੂਨ ਨਿਕਲਿਆ ਹੋਇਆ ਸੀ। ਇਸ ਸਬੰਧੀ ਥਾਣਾ ਸਦਰ ਧੂਰੀ ਵਿਚ ਨਾਮਾਲੂਮ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੇਸ ਨੂੰ ਟਰੇਸ ਕਰਨ ਲਈ ਐੱਸਪੀ (ਡੀ) ਦਵਿੰਦਰ ਅੱਤਰੀ ਦੀ ਅਗਵਾਈ ਹੇਠ ਡੀਐੱਸਪੀ (ਡੀ) ਦਲਜੀਤ ਸਿੰਘ ਵਿਰਕ ਅਤੇ ਡੀਐੱਸਪੀ ਧੂਰੀ ਗੁਰਪ੍ਰੀਤ ਸਿੰਘ ਦੀ ਨਿਗਰਾਨੀ ਹੇਠ ਮੁੱਖ ਅਫ਼ਸਰ ਥਾਣਾ ਸਦਰ ਧੂਰੀ ਇੰਸਪੈਕਟਰ ਕਰਨਬੀਰ ਸਿੰਘ ਸੰਧੂ ਤੇ ਇੰਚਾਰਜ ਸੀਆਈਏ ਸੰਗਰੂਰ ਇੰਸਪੈਕਟਰ ਸੰਦੀਪ ਸਿੰਘ ਦੀਆਂ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫ਼ਤੀਸ਼ ਅਮਲ ਵਿਚ ਲਿਆਂਦੀ ਗਈ। ਉਨ੍ਹਾਂ ਦੱਸਿਆ ਕਿ 15 ਜਨਵਰੀ ਨੂੰ ਰਾਤ ਸਮੇਂ ਐੱਸਆਈ ਸੁਰਜੀਤ ਸਿੰਘ ਸਾਥੀਆਂ ਸਮੇਤ ਬੱਸ ਅੱਡਾ ਬੱਬਨਪੁਰ ਕੋਲ ਗਸ਼ਤ ਕਰ ਰਹੇ ਸਨ, ਤਾਂ ਪਿੰਡ ਬੱਬਨਪੁਰ ਵੱਲੋਂ ਦੋ ਵਿਅਕਤੀ ਮੁੱਖ ਸੜਕ ’ਤੇ ਚੜ੍ਹਦੇ ਦਿਖਾਈ ਦਿੱਤੇ, ਜਿਨ੍ਹਾਂ ਨੂੰ ਕਾਬੂ ਕਰ ਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਚੋਰੀ ਦੀਆਂ ਕੇਬਲ ਤੇ ਚਾਕੂ ਬਰਾਮਦ ਹੋਏ, ਜਿਨ੍ਹਾਂ ਨੇ ਆਪਣਾ ਨਾਮ ਲਖਨਹੀਰਾ ਵਾਸੀ ਵਿਸ਼ਵਕਰਮਾ ਚੌਕ ਮਿਲਰਗੰਜ ਲੁਧਿਆਣਾ ਤੇ ਬਿਹਾਰੀ ਸਾਵ ਵਾਸੀ ਗਲੀ ਨੰਬਰ 5, ਮਨਜੀਤ ਨਗਰ ਲੁਧਿਆਣਾ ਦੱਸਿਆ ਤੇ ਮੋਟਰਾਂ ਤੋਂ ਤਾਰਾਂ ਚੋਰੀ ਕਰਨੀਆਂ ਮੰਨੀਆਂ। ਜਿਨ੍ਹਾਂ ਦੇ ਖ਼ਿਲਾਫ਼ ਥਾਣਾ ਸਦਰ ਧੂਰੀ ਵਿਚ ਮਾਮਲਾ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੁੱਛ-ਗਿੱਛ ਕੀਤੀ ਗਈ। ਪੁੱਛ-ਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਉਹ ਦੋਵੇਂ ਅਤੇ ਸੁਭਾਸ਼ ਕੁਮਾਰ ਵਾਸੀ ਉਤਰ ਪ੍ਰਦੇਸ਼ ਮੌਜੂਦਾ ਪਤਾ ਦਾਣਾ ਮੰਡੀ, ਜਲੰਧਰ ਬਾਈਪਾਸ, ਲੁਧਿਆਣਾ ਚੋਰੀਆਂ ਕਰਨ ਦੇ ਆਦੀ ਹਨ। ਜੋ ਤਿੰਨੋ ਜਣੇ 10 ਜਨਵਰੀ ਨੂੰ ਲੁਧਿਆਣਾ ਤੋਂ ਇਕੱਠੇ ਹੋ ਕੇ ਬੱਸ ਰਾਹੀਂ ਧੂਰੀ ਦੇ ਖੇਤਰ ਵਿਚ ਚੋਰੀ ਕਰਨ ਦੇ ਇਰਾਦੇ ਨਾਲ ਆਏ ਸਨ। ਜਿਨ੍ਹਾਂ ਨੇ 10/11 ਜਨਵਰੀ ਦੀ ਦਰਮਿਆਨੀ ਰਾਤ ਨੂੰ ਪਿੰਡ ਰਾਜੋਮਾਜਰਾ ਵਿਚ ਚੋਰੀ ਕੀਤੀ ਸੀ, ਜਿਨ੍ਹਾਂ ਦਾ ਹਿੱਸਾ ਵੰਡਣ ’ਤੇ ਆਪਸ ਵਿਚ ਝਗੜਾ ਹੋ ਗਿਆ ਸੀ। ਝਗੜੇ ਦੌਰਾਨ ਲਖਨਹੀਰਾ ਤੇ ਬਿਹਾਰੀ ਸਾਵ ਨੇ ਗ਼ੁੱਸੇ ਵਿਚ ਆ ਕੇ ਮੌਕੇ ਤੋਂ ਮਿਲੇ ਲੋਹੇ ਦੇ ਪਾਈਪ ਨਾਲ ਸੁਭਾਸ਼ ਕੁਮਾਰ ਦੇ ਸਿਰ ਵਿਚ ਸੱਟ ਮਾਰ ਕੇ ਕਤਲ ਕਰ ਦਿੱਤਾ, ਉਸ ਦੀ ਲਾਸ਼ ਮੌਕੇ ’ਤੇ ਛੱਡ ਕੇ ਵਾਰਦਾਤ ਸਮੇਂ ਵਰਤਿਆ ਪਾਈਪ ਉੱਥੇ ਹੀ ਸੁੱਟ ਕੇ ਦੋਵੇਂ ਜਣੇ ਫ਼ਰਾਰ ਹੋ ਗਏ।