ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, 3 ਗ੍ਰਿਫ਼ਤਾਰ
ਪੁਲਿਸ ਨੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਈ, ਤਿੰਨ ਗ੍ਰਿਫਤਾਰ
Publish Date: Fri, 09 Jan 2026 05:17 PM (IST)
Updated Date: Sat, 10 Jan 2026 04:03 AM (IST)

ਚਾਂਦੀ ਤੇ ਬਨਾਵਟੀ ਗਹਿਣੇ ਵੀ ਬਰਾਮਦ ਬਲਜਿੰਦਰ ਸਿੰਘ ਮਿੱਠਾ, ਪੰਜਾਬੀ ਜਾਗਰਣ, ਸੰਗਰੂਰ : ਜ਼ਿਲ੍ਹਾ ਪੁਲਿਸ ਨੇ ਪਿਛਲੇ ਦਿਨੀਂ ਲਹਿਰਾਗਾਗਾ ਵਿਚ ਹੋਏ ਅੰਨੇ ਕਤਲ ਮਾਮਲੇ ਦੀ ਗੁੱਥੀ ਨੂੰ ਸੁਲਝਾਉਦਿਆਂ 3 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਕੋਲੋਂ ਗਹਿਣੇ ਬਰਾਮਦ ਕੀਤੇ ਹਨ। ਐੱਸਐੱਸਪੀ ਸਰਤਾਜ ਸਿੰਘ ਚਾਹਲ ਨੇ ਦੱਸਿਆ ਕਿ 2, 3 ਜਨਵਰੀ ਦੀ ਦਰਮਿਆਨੀ ਰਾਤ ਨੂੰ ਕ੍ਰਿਸ਼ਨ ਕੁਮਾਰ ਉਰਫ ਨੀਟਾ ਪੁੱਤਰ ਜਗਦੀਸ਼ ਰਾਏ ਵਾਸੀ ਲਹਿਰਾ ਦੇ ਘਰ ਅੰਦਰ 3 ਅਣਪਛਾਤੇ ਵਿਅਕਤੀਆਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ ਦਾਖਲ ਹੋਏ ਸਨ। ਅਣਪਛਾਤੇ ਦੋਸ਼ੀਆਂ ਵੱਲੋਂ ਘਰ ਵਿੱਚੋਂ ਕਰੀਬ 15,000 ਰੁਪਏ ਨਕਦ ਤੇ ਕੁਝ ਸਾਮਾਨ ਦੀ ਲੁੱਟ ਕੀਤੀ ਗਈ ਤੇ ਇਸ ਘਟਨਾ ਦੌਰਾਨ ਕ੍ਰਿਸ਼ਨ ਕੁਮਾਰ ਉਰਫ ਨੀਟਾ ਦੇ ਸੱਟਾਂ ਲੱਗਣ ਕਾਰਨ ਮੌਤ ਹੋ ਗਈ ਸੀ। ਮ੍ਰਿਤਕ ਕ੍ਰਿਸ਼ਨ ਕੁਮਾਰ ਉਰਫ ਨੀਟਾ ਦੇ ਰਿਸ਼ਤੇਦਾਰ ਜਤਿੰਦਰ ਕੁਮਾਰ ਉੇਰਫ ਕਾਕਾ ਪੁੱਤਰ ਮਦਨ ਲਾਲ ਵਾਸੀ ਵਾਰਡ ਨੰਬਰ 7 ਟੋਹਾਣਾ (ਹਰਿਆਣਾ) ਦੇ ਬਿਆਨਾਂ ਤੇ ਥਾਣਾ ਲਹਿਰਾ ਵਿਖੇ ਤਿੰਨ ਨਾਮਾਲੂਮ ਵਿਅਕਤੀਆਂ ਵਿਰੁੱਧ ਦਰਜ ਕਰ ਕੇ ਤਫਤੀਸ਼ ਅਮਲ ਵਿਚ ਲਿਆਂਦੀ ਗਈ। ਮਾਮਲੇ ਦੀ ਜਾਂਚ ਲਈ ਦਵਿੰਦਰ ਅੱਤਰੀ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਸੰਗਰੂਰ ਦੀ ਅਗਵਾਈ ਹੇਠ ਦਲਜੀਤ ਸਿੰਘ ਵਿਰਕ ਉਪ ਕਪਤਾਨ ਪੁਲਿਸ (ਡਿਟੈਕਟਿਵ) ਸੰਗਰੂਰ, ਰਣਬੀਰ ਸਿੰਘ ਉਪ ਕਪਤਾਨ ਪੁਲਿਸ ਸਬ ਡਵੀਜਨ ਲਹਿਰਾ ਦੀ ਨਿਗਰਾਨੀ ਹੇਠ ਇੰਚਾਰਜ ਸੀਆਈਏ ਤੇ ਮੁੱਖ ਅਫਸਰ ਥਾਣਾ ਲਹਿਰਾ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਟੈਕਨੀਕਲ ਢੰਗ ਨਾਲ ਤਫਤੀਸ਼ ਅਮਲ ਵਿਚ ਲਿਆਂਉਂਦੇ ਹੋਏ ਮਾਮਲੇ ਨੂੰ ਸੁਲਝਾ ਕੇ ਅਕਾਸ਼ਦੀਪ ਸ਼ਰਮਾ (23), ਵਾਸੀ ਲਹਿਰਾ, ਮਨਪ੍ਰੀਤ ਸਿੰਘ (25) ਉਰਫ ਬੀਰੂ ਵਾਸੀ ਖਾਈ ਬਸਤੀ ਲਹਿਰਾ ਤੇ ਸਨੀ ਕੁਮਾਰ (21)ਉਰਫ ਮੰਗਲ ਵਾਸੀ ਲਹਿਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪਹਿਲੀ ਨਜ਼ਰੇ ਇਹ ਮਾਮਲਾ ਪੈਸਿਆਂ ਦੇ ਆਪਸੀ ਲੈਣ ਦੇਣ ਨਾਲ ਸਬੰਧਤ ਲੱਗਦਾ ਹੈ ਤੇ ਮਨਪ੍ਰੀਤ ਸਿੰਘ ਤੋਂ ਬਿਨਾ ਦੋਵੇਂ ਦੋਸ਼ੀ ਅਪਰਾਧੀ ਕਿਸਮ ਦੇ ਵਿਅਕਤੀ ਹਨ। ਜਿਨ੍ਹਾਂ ਵੱਲੋਂ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੰਦੇ ਹੋਏ ਕ੍ਰਿਸ਼ਨ ਕੁਮਾਰ ਦਾ ਕਤਲ ਕੀਤਾ ਗਿਆ। ਦੋਸ਼ੀਆਂ ਦੀ ਪੁੱਛਗਿਛ ਜਾਰੀ ਹੈ ਤੇ ਹੋਰ ਵੀ ਅਹਿਮ ਖੁਲਾਸੇ ਹੋਣ ਦੀ ਸੰਭਾਵਨਾ ਹੈ।