ਪੁਲਿਸ ਨੇ ਕੁੱਟ-ਕੁੱਟ ਕੇ ਭਜਾਏ ਧਰਨਾਕਾਰੀ ਨੌਜਵਾਨ
ਪੁਲਿਸ ਨੇ ਕੁੱਟ ਕੁੱਟ ਕੇ ਭਜਾਏ ਧਰਨਾਕਾਰੀ ਨੌਜਵਾਨ
Publish Date: Fri, 05 Jun 2026 06:58 PM (IST)
Updated Date: Sat, 06 Jun 2026 04:08 AM (IST)

- ਲਾਠੀਚਾਰਜ ਕਰ ਕੇ ਖੁੱਲ੍ਹਵਾਇਆ ਪਾਵਰਕਾਮ ਦਾ ਗੇਟ - 2600 ਲਾਈਨਮੈਨ ਅਪ੍ਰੈਂਟਿਸ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਮਰਨ ਵਰਤ ਤੇ ਬੈਠੇ ਫੋਟੋ 05ਪੀਟੀਐੱਲ- 33,34,35 ਤੇ 36 ਪਰਗਟ ਸਿੰਘ•, ਪੰਜਾਬੀ ਜਾਗਰਣ• ਪਟਿਆਲਾ : ਪਾਵਰਕਾਮ ਦੇ ਮੁੱਖ ਦਫਤਰ ਸਾਹਮਣੇ 2600 ਲਾਈਨਮੈਨ ਅਪ੍ਰੈਂਟਿਸ ਯੂਨੀਅਨ ਪੰਜਾਬ ਦੇ ਨੌਜਵਾਨਾਂ ’ਤੇ ਸ਼ੁੱਕਰਵਾਰ ਨੂੰ ਪੁਲਿਸ ਵੱਲੋਂ ਲਾਠੀਚਾਰਜ ਕੀਤਾ ਗਿਆ। ਪੁਲਿਸ ਨੇ ਧਰਨਾਕਾਰੀਆਂ ਨੂੰ ਕੁੱਟ-ਕੁੱਟ ਕੇ ਭਜਾਇਆ ਤੇ ਪਾਵਰਕਾਮ ਦੇ ਮੁੱਖ ਦਫ਼ਤਰ ਦਾ ਦੂਜਾ ਗੇਟ ਖੁੱਲ੍ਹਵਾਇਆ ਗਿਆ, ਜਿਥੇ ਛੁੱਟੀ ਹੋਣ ਸਮੇਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਦਫ਼ਤਰ ਤੋਂ ਬਾਹਰ ਕੱਢਿਆ ਗਿਆ। ਕਈ ਨੌਜਵਾਨਾਂ ਦੇ ਸੱਟਾਂ ਵੀ ਲੱਗੀਆਂ। ਇਸ ਦੌਰਾਨ ਪੁਲਿਸ ਨੇ ਟ੍ਰੈਫਿਕ ਵਿਵਸਥਾ ਨੂੰ ਦਰੁੱਸਤ ਕੀਤਾ ਤੇ ਸ਼ਹਿਰ ’ਚ ਲੱਗਾ ਜਾਮ ਖੁੱਲ੍ਹਵਾਇਆ। ਇਸ ਦੌਰਾਨ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਆਪਣੀਆਂ ਮੰਗਾਂ ਦੀ ਪੂਰਤੀ ਲਈ ਮਰਨ ਵਰਤ ’ਤੇ ਬੈਠ ਗਏ ਤੇ ਧਰਨਾਕਾਰੀਆਂ ਨੇ ਆਰ-ਪਾਰ ਦੇ ਸੰਘਰਸ਼ ਦਾ ਐਲਾਨ ਕਰ ਦਿੱਤਾ। ਇਸ ਮੌਕੇ ਯੂਨੀਅਨ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਆਖਿਆ ਕਿ ਮੈਨੇਜਮੈਂਟ ਹੁਣ ਤੱਕ ਉਨ੍ਹਾਂ ਨੂੰ ਲਾਰੇਬਾਜ਼ੀ ਲਾਉਂਦੀ ਰਹੀ ਤੇ ਹੁਣ ਮੰਗਾਂ ਮੰਨਣ ਤੋਂ ਪੂਰੀ ਤਰ੍ਹਾ ਮੁਕਰ ਗਈ ਹੈ। ਉਨ੍ਹਾਂ ਦੱਸਿਆ ਕਿ ਉਹ ਪੇਪਰ ਦੀ ਤਰੀਕ ਲੈਣ ਲਈ ਇਥੇ ਆਏ ਸਨ। ਉਨ੍ਹਾਂ ਆਖਿਆ ਕਿ ਸਰਕਾਰ ਭਾਵੇ ਜਿਨ੍ਹਾਂ ਮਰਜੀ ਪੁਲਿਸ ਤਸ਼ੱਦਦ ਕਰਵਾਏ ਪਰ ਉਹ ਹੁਣ ਇਥੋਂ ਪੱਕੇ ਹੋ ਕੇ ਹੀ ਮੁੜਨਗੇ। ਉਨ੍ਹਾਂ ਆਖਿਆ ਕਿ ਪੁਲਿਸ ਨੇ ਬੁੱਧਵਾਰ ਨੂੰ ਵੀ ਸ਼ਾਂਤਮਈ ਧਰਨੇ ’ਤੇ ਬੈਠੇ ਨੌਜਵਾਨਾਂ ’ਤੇ ਲਾਠੀਚਾਰਜ ਕੀਤਾ ਸੀ ਤੇ ਅੱਜ ਫਿਰ ਲਾਠੀਚਾਰਜ ਕਰਕੇ ਉਨ੍ਹਾਂ ਦੇ ਕਈ ਸਾਥੀ ਜ਼ਖ਼ਮੀ ਕਰ ਦਿੱਤੇ ਹਨ ਤੇ ਕਈ ਨੌਜਵਾਨਾਂ ਦੇ ਮੋਬਾਈਲ ਤੱਕ ਪੁਲਿਸ ਨੇ ਖੋਹ ਲਏ ਹਨ। ਜ਼ਿਕਰਯੋਗ ਹੈ ਕਿ ਪਾਵਰਕਾਮ ਦੇ ਮੁੱਖ ਦਫ਼ਤਰ ਸਾਹਮਣੇ ਆਈਟੀਆਈ ਪਾਸ ਬੇਰੁਜ਼ਗਾਰ ਨੌਜਵਾਨਾਂ, ਮ੍ਰਿਤਕ ਕਰਮਚਾਰੀਆਂ ਦੇ ਆਸ਼ਰਿਤਾ ਤੇ 2600 ਲਾਈਨਮੈਨ ਅਪ੍ਰੈਂਟਿਸ ਯੂਨੀਅਨ ਵੱਲੋਂ ਪਿਛਲੇ ਕਈ ਦਿਨਾਂ ਤੋਂ ਪੱਕਾ ਮੋਰਚਾ ਲਗਾਇਆ ਹੋਇਆ ਹੈ ਤੇ 2600 ਲਾਈਨਮੈਨ ਅਪ੍ਰੈਂਟਿਸ ਯੂਨੀਅਨ ਵੱਲੋਂ ਵੀਰਵਾਰ ਤੋਂ ਭੁੱਖ ਹੜਤਾਲ ਕਰਨ ਉਪਰੰਤ ਸ਼ੁੱਕਰਵਾਰ ਨੂੰ ਭੁੱਖ ਹੜਤਾਲ ਮਰਨ ਵਰਤ ’ਚ ਤਬਦੀਲ ਕਰ ਦਿੱਤੀ ਗਈ ਤੇ ਪ੍ਰਧਾਨ ਸੁਰਿੰਦਰ ਸਿੰਘ ਮਰਨ ਵਰਤ ’ਤੇ ਬੈਠ ਗਏ। ਯੂਨੀਅਨ ਆਗੂਆਂ ਤੇ ਮੈਂਬਰਾਂ ਨੇ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟਾਇਆ। ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਾਂਤਮਈ ਧਰਨਾ ਦੇਣਾ ਸਭ ਦਾ ਹੱਕ ਹੈ ਪਰ ਕਾਨੂੰਨ ਵਿਵਸਥਾ ਨੂੰ ਭੰਗ ਕਰਨਾ ਸਹੀ ਨਹੀਂ ਹੈ। ਪੁਲਿਸ ਅਨੁਸਾਰ ਇਨ੍ਹਾਂ ਧਰਨਾਕਾਰੀਆਂ ਦੀ ਮੈਨੇਜਮੈਂਟ ਨਾਲ ਗੱਲਬਾਤ ਹੋ ਰਹੀ ਹੈ ਪਰ ਇਹ ਗੇਟ ਤੇ ਰਸਤਾ ਬੰਦ ਕਰ ਕੇ ਜਾਣਬੁੱਝ ਕੇ ਆਮ ਲੋਕਾਂ ਤੇ ਕਰਮਚਾਰੀਆਂ ਨੂੰ ਪਰੇਸ਼ਾਨ ਕਰ ਰਹੇ ਸਨ।