ਪੁਲਿਸ ਨੇ ਸੁਨਾਮ ਨੇੜੇ ਬਠਿੰਡਾ ਧਰਨੇ ਲਈ ਜਾਂਦੇ ਕਿਸਾਨਾਂ ਨੂੰ ਜ਼ਬਰੀ ਰੋਕਿਆ
ਪੁਲਿਸ ਨੇ ਸੁਨਾਮ ਨੇੜੇ ਬਠਿੰਡਾ ਧਰਨੇ ਲਈ ਜਾਂਦੇ ਕਿਸਾਨਾਂ ਨੂੰ ਜ਼ਬਰੀ ਰੋਕਿਆ
Publish Date: Fri, 06 Feb 2026 05:22 PM (IST)
Updated Date: Sat, 07 Feb 2026 04:05 AM (IST)

ਅਮਰੀਕ ਗੰਢੂਆਂ ਸਣੇ ਕਈਆਂ ਨੂੰ ਹਿਰਾਸਤ ’ਚ ਲਿਆ ਦਰਬਾਰਾ ਛਾਜਲਾ ਤੇ ਹੋਰ ਪੁਲਿਸ ਨੂੰ ਝਕਾਨੀ ਦੇਕੇ ਹੋਏ ਰੂਪੋਸ ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਸੁਨਾਮ : ਚਾਉਕੇ ਆਦਰਸ਼ ਸਕੂਲ ਸੰਘਰਸ਼ ਨਾਲ ਜੁੜੇ ਕਿਸਾਨ ਆਗੂਆਂ ਸ਼ਗਨਦੀਪ ਸਿੰਘ ਤੇ ਬਲਦੇਵ ਸਿੰਘ ਦੀ ਰਿਹਾਈ ਨੂੰ ਲੈ ਕੇ ਬਠਿੰਡਾ ਧਰਨੇ ਵਿਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਸ਼ਮੂਲੀਅਤ ਕਰਨ ਜਾ ਰਹੇ ਸੈਂਕੜੇ ਕਿਸਾਨਾਂ ਨੂੰ ਸੁਨਾਮ ਮਾਨਸਾ ਸੜਕ ’ਤੇ ਨਾਕੇ ਦੌਰਾਨ ਪੁਲਿਸ ਨੇ ਰੋਕ ਲਿਆ। ਇਸ ਮੌਕੇ ਪੁਲਿਸ ਤੇ ਕਿਸਾਨਾਂ ਦਰਮਿਆਨ ਤਿੱਖੀ ਬਹਿਸ ਵੀ ਹੋਈ। ਪੁਲਿਸ ਨੇ ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਬਹਾਦਰ ਸਿੰਘ ਭੁਟਾਲ ਸਮੇਤ ਹੋਰਨਾਂ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ, ਜਦਕਿ ਬੀਕੇਯੂ ਦੇ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਤੇ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੇ ਪੁਲਿਸ ਨੂੰ ਝਕਾਨੀ ਦੇ ਕੇ ਰੂਪੋਸ਼ ਹੋਣ ਦੀ ਜਾਣਕਾਰੀ ਮਿਲੀ ਹੈ। ਦੱਸ ਦੇਈਏ ਪਹਿਲਾਂ ਰਾਤ ਸਮੇਂ ਪੁਲਿਸ ਨੇ ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਤੇ ਸੁਖਪਾਲ ਸਿੰਘ ਮਾਣਕ ਦੇ ਘਰਾਂ ਵਿਚ ਛਾਪੇਮਾਰੀ ਕੀਤੀ ਲੇਕਿਨ ਕੋਈ ਵੀ ਕੱਦਾਵਰ ਆਗੂ ਪੁਲਿਸ ਦੇ ਹੱਥ ਨਹੀਂ ਆਇਆ। ਅਜੈਬ ਸਿੰਘ ਜਖੇਪਲ ਅਤੇ ਕਰਮਜੀਤ ਸਿੰਘ ਮੰਗਵਾਲ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਬਠਿੰਡਾ ਧਰਨੇ ਵਿੱਚ ਸ਼ਮੂਲੀਅਤ ਕਰਨ ਲਈ ਰਵਾਨਾ ਹੋਣ ਤੋਂ ਪਹਿਲਾਂ ਜਥੇਬੰਦੀ ਦੇ ਬਲਾਕ ਸੁਨਾਮ ਨਾਲ ਸਬੰਧਿਤ ਸੈਂਕੜੇ ਕਾਰਕੁੰਨ ਗੰਢੂਆਂ ਦੀ ਅਨਾਜ ਮੰਡੀ ਵਿੱਚ ਇਕੱਤਰ ਹੋਏ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੀਨੀਅਰ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਅਤੇ ਸੁਖਪਾਲ ਸਿੰਘ ਮਾਣਕ ਨੇ ਆਖਿਆ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਹੱਕ ਮੰਗਦੇ ਲੋਕਾਂ ਨੂੰ ਧਰਨਿਆਂ ਵਿੱਚ ਜਾਣ ਤੋਂ ਰੋਕਕੇ ਲੋਕਤੰਤਰ ਦੀ ਸੰਘੀ ਘੁੱਟ ਰਹੀ ਹੈ। ਉਨ੍ਹਾਂ ਆਖਿਆ ਕਿ ਸਰਕਾਰ ਨੇ ਨਿਹੱਥੇ ਕਿਸਾਨ ਆਗੂਆਂ ਤੇ ਇਰਾਦਾ ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ਼ ਕਰਕੇ ਪਿਛਲੇ ਨੌਂ ਮਹੀਨਿਆਂ ਤੋਂ ਜੇਲ੍ਹ ਵਿੱਚ ਡੱਕਿਆ ਹੋਇਆ ਹੈ।